Auckland (NZ Punjabi News) – ਨਿਊਜ਼ੀਲੈਂਡ ਵਿੱਚ ਉਬਰ ਦੇ 1,600 ਤੋਂ ਵੱਧ ਮੌਜੂਦਾ ਅਤੇ ਸਾਬਕਾ ਡਰਾਈਵਰਾਂ ਨੂੰ ਜਲਦ ਵਿੱਤੀ ਭੁਗਤਾਨ ਮਿਲੇਗਾ। Workers First Union ਅਤੇ Uber ਨੇ ਪਿਛਲੇ ਛੇ ਸਾਲਾਂ ਤੋਂ ਚੱਲ ਰਹੇ ਡਰਾਈਵਰਾਂ ਦੇ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਸਮਝੌਤਾ ਕਰ ਲਿਆ ਹੈ।
ਸਮਝੌਤੇ ਤਹਿਤ ਉਬਰ ਹਰੇਕ ਡਰਾਈਵਰ ਨੂੰ ਵੱਖਰੀ ਵਿੱਤੀ ਪੇਸ਼ਕਸ਼ ਦੇਵੇਗੀ। ਪੇਸ਼ਕਸ਼ ਸਵੀਕਾਰ ਕਰਨ ਤੋਂ ਬਾਅਦ ਉਸ ਡਰਾਈਵਰ ਦਾ ਦਾਅਵਾ ਪੂਰੀ ਅਤੇ ਅੰਤਿਮ ਤੌਰ ’ਤੇ ਬੰਦ ਹੋ ਜਾਵੇਗਾ। ਮੁਆਵਜ਼ੇ ਦੀ ਰਕਮ ਗੁਪਤ ਰੱਖੀ ਜਾਵੇਗੀ।
ਇਹ ਮਾਮਲਾ ਚਾਰ ਉਬਰ ਡਰਾਈਵਰਾਂ ਵੱਲੋਂ ਸ਼ੁਰੂ ਕੀਤੀ ਗਈ ਕਾਨੂੰਨੀ ਲੜਾਈ ਨਾਲ ਜੁੜਿਆ ਹੈ। ਅਦਾਲਤ ਨੇ ਪਾਇਆ ਸੀ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਸੁਤੰਤਰ ਠੇਕੇਦਾਰ ਦੱਸਿਆ ਗਿਆ ਅਤੇ ਘੱਟੋ-ਘੱਟ ਤਨਖ਼ਾਹ, ਛੁੱਟੀਆਂ ਦੀ ਤਨਖ਼ਾਹ ਤੇ ਸਮੂਹਿਕ ਗੱਲਬਾਤ ਵਰਗੇ ਕਰਮਚਾਰੀ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ।
ਉਬਰ ਨੇ ਪਹਿਲਾਂ Employment Court ਅਤੇ Court of Appeal ਦੇ ਫ਼ੈਸਲਿਆਂ ਨੂੰ ਚੁਣੌਤੀ ਦਿੱਤੀ ਸੀ, ਪਰ ਨਵੰਬਰ 2025 ਵਿੱਚ Supreme Court ਨੇ ਵੀ ਡਰਾਈਵਰਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। ਇਸ ਤੋਂ ਬਾਅਦ Workers First Union ਨੇ 1,600 ਤੋਂ ਵੱਧ ਡਰਾਈਵਰਾਂ ਵੱਲੋਂ Uber ਖ਼ਿਲਾਫ਼ ਦਾਅਵੇ ਦਾਇਰ ਕੀਤੇ ਸਨ।
ਯੂਨੀਅਨ ਦੀ ਡਿਪਟੀ ਸਕੱਤਰ ਅਨੀਤਾ ਰੋਜ਼ਨਟ੍ਰੇਟਰ ਨੇ ਕਿਹਾ ਕਿ ਲੰਬੀ ਅਤੇ ਮਹਿੰਗੀ ਕਾਨੂੰਨੀ ਲੜਾਈ ਦੀ ਥਾਂ ਇਹ ਸਮਝੌਤਾ ਡਰਾਈਵਰਾਂ ਲਈ ਸਭ ਤੋਂ ਵਿਹਾਰਕ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜ ਸਾਲ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਡਰਾਈਵਰਾਂ ਲਈ ਇੱਕ ਵੱਡੀ ਜਿੱਤ ਹੈ।
ਯੂਨੀਅਨ ਅਤੇ ਉਬਰ ਹੁਣ ਭੁਗਤਾਨ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਰਹੇ ਹਨ। ਸਬੰਧਤ ਡਰਾਈਵਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਜਲਦ ਆਪਣੀ ਪੇਸ਼ਕਸ਼ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇਗੀ।



