
ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ)
ਨਿਊਜ਼ੀਲੈਂਡ ਦੇ Immigration and Protection Tribunal ਨੇ ਹਰਿਆਣਾ ਨਾਲ ਸਬੰਧਤ 30 ਸਾਲ ਉਮਰ ਦੀ ਇੱਕ ਭਾਰਤੀ ਮਹਿਲਾ ਨੂੰ Refugee Status ਦੇ ਦਿੱਤਾ ਹੈ। ਮਹਿਲਾ ਦਾ ਪਹਿਲਾ refugee claim ਰੱਦ ਹੋ ਗਿਆ ਸੀ, ਪਰ Tribunal ਨੇ ਉਸਦੀ ਅਪੀਲ ਮਨਜ਼ੂਰ ਕਰਦਿਆਂ ਮੰਨਿਆ ਕਿ ਭਾਰਤ ਵਾਪਸ ਜਾਣ ’ਤੇ ਉਸਨੂੰ ਆਪਣੇ ਪਰਿਵਾਰ ਵੱਲੋਂ ਗੰਭੀਰ ਹਿੰਸਾ ਦਾ ਅਸਲ ਖ਼ਤਰਾ ਹੈ।
ਜਾਣਕਾਰੀ ਮੁਤਾਬਕ ਮਹਿਲਾ ਹਰਿਆਣਾ ਦੇ ਇੱਕ ਖੁਸ਼ਹਾਲ, ਉੱਚ ਜਾਤੀ ਦੇ ਹਿੰਦੂ ਪਰਿਵਾਰ ਨਾਲ ਸਬੰਧਤ ਹੈ। ਉਹ ਪੜ੍ਹੀ-ਲਿਖੀ ਹੈ ਅਤੇ healthcare sector ਵਿੱਚ ਕੰਮ ਵੀ ਕਰ ਚੁੱਕੀ ਹੈ। ਕਰੀਬ 2015 ਵਿੱਚ ਉਸਦਾ ਆਪਣੇ ਹੀ ਪਿੰਡ ਦੇ ਇੱਕ ਨੀਵੀਂ ਜਾਤੀ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਬਣ ਗਿਆ। ਦੋਵਾਂ ਨੇ ਇਹ ਰਿਸ਼ਤਾ ਪਰਿਵਾਰ ਤੋਂ ਲੁਕਾ ਕੇ ਰੱਖਿਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮਹਿਲਾ ਦਾ ਪਰਿਵਾਰ ਇਸਨੂੰ ਸਵੀਕਾਰ ਨਹੀਂ ਕਰੇਗਾ।
2022 ਦੇ ਅਖੀਰ ਵਿੱਚ ਇੱਕ ਰਿਸ਼ਤੇਦਾਰ ਨੇ ਦੋਵਾਂ ਨੂੰ ਇਕੱਠੇ ਦੇਖ ਲਿਆ। ਮਾਮਲਾ ਪਰਿਵਾਰ ਤੱਕ ਪਹੁੰਚਣ ਤੋਂ ਬਾਅਦ ਮਹਿਲਾ ਦੇ ਪਿਤਾ ਨੇ ਉਸਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਬੇਹੋਸ਼ ਹੋ ਗਈ। Tribunal ਦੇ ਫੈਸਲੇ ਅਨੁਸਾਰ ਅਗਲੇ ਦਿਨ ਪਿਤਾ ਉਸਨੂੰ ਖੇਤ ਵਿੱਚ ਬਣੀ ਇੱਕ ਇਮਾਰਤ ਵਿੱਚ ਲੈ ਗਿਆ, ਉਸ ’ਤੇ ਪੈਟਰੋਲ ਪਾਇਆ ਅਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਮਹਿਲਾ ਦੇ ਮਾਮੇ, ਮਾਂ ਅਤੇ ਦਾਦੀ/ਨਾਨੀ ਦੇ ਦਖ਼ਲ ਕਾਰਨ ਉਸਦੀ ਜਾਨ ਬਚੀ। ਉਸਦੇ ਪ੍ਰੇਮੀ ਨੂੰ ਵੀ ਮਹਿਲਾ ਦੇ ਪਰਿਵਾਰ ਵੱਲੋਂ ਇੰਨਾ ਕੁੱਟਿਆ ਗਿਆ ਕਿ ਉਸਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਇਸ ਤੋਂ ਬਾਅਦ ਪਰਿਵਾਰ ਨੇ ਮਹਿਲਾ ਦਾ ਕਿਸੇ ਹੋਰ ਨਾਲ arranged marriage ਕਰਵਾਉਣ ਦੀ ਕੋਸ਼ਿਸ਼ ਕੀਤੀ। ਮਹਿਲਾ ਨੇ ਆਪਣੇ ਪ੍ਰੇਮੀ ਨਾਲ ਭੱਜਣ ਬਾਰੇ ਵੀ ਗੱਲ ਕੀਤੀ, ਪਰ ਉਸਨੇ ਡਰ ਜਤਾਇਆ ਕਿ ਪਰਿਵਾਰ ਉਨ੍ਹਾਂ ਨੂੰ ਲੱਭ ਕੇ ਮਾਰ ਸਕਦਾ ਹੈ। ਆਖ਼ਰ ਇੱਕ agent ਰਾਹੀਂ ਨਿਊਜ਼ੀਲੈਂਡ ਆਉਣ ਦੀ ਯੋਜਨਾ ਬਣੀ ਅਤੇ 2023 ਵਿੱਚ ਮਹਿਲਾ ਇਕੱਲੀ ਨਿਊਜ਼ੀਲੈਂਡ ਪਹੁੰਚ ਗਈ। ਉਸਨੂੰ ਲੱਗਿਆ ਸੀ ਕਿ ਉਸ ਲਈ work visa ਲਗਾਇਆ ਗਿਆ ਹੈ, ਪਰ ਇੱਥੇ ਆ ਕੇ ਪਤਾ ਲੱਗਾ ਕਿ ਉਹ visitor visa ’ਤੇ ਆਈ ਸੀ।
ਮਹਿਲਾ ਨੇ 2024 ਵਿੱਚ Refugee Status ਲਈ ਅਰਜ਼ੀ ਦਿੱਤੀ, ਜਿਸਨੂੰ Refugee Status Officer ਨੇ 2025 ਵਿੱਚ ਰੱਦ ਕਰ ਦਿੱਤਾ। ਇਸ ਤੋਂ ਬਾਅਦ ਉਸਨੇ Immigration and Protection Tribunal ਵਿੱਚ ਅਪੀਲ ਕੀਤੀ।
Tribunal ਨੇ ਮਹਿਲਾ ਦੀ ਕਹਾਣੀ ਨੂੰ ਭਰੋਸੇਯੋਗ ਮੰਨਿਆ। ਭਾਵੇਂ ਹੁਣ ਉਸਦਾ ਪਹਿਲੇ ਪ੍ਰੇਮੀ ਨਾਲ ਰਿਸ਼ਤਾ ਖ਼ਤਮ ਹੋ ਚੁੱਕਾ ਹੈ, Tribunal ਨੇ ਮੰਨਿਆ ਕਿ ਉਹ ਭਵਿੱਖ ਵਿੱਚ ਆਪਣਾ ਜੀਵਨ ਸਾਥੀ ਖੁਦ ਚੁਣਨਾ ਚਾਹੁੰਦੀ ਹੈ ਅਤੇ ਉਸਦਾ ਪਰਿਵਾਰ ਇਸ ਆਜ਼ਾਦੀ ਨੂੰ ਸਵੀਕਾਰ ਕਰਨ ਦੀ ਸੰਭਾਵਨਾ ਨਹੀਂ ਰੱਖਦਾ। ਪਿਛਲੀ ਗੰਭੀਰ ਹਿੰਸਾ ਨੂੰ ਦੇਖਦਿਆਂ Tribunal ਨੇ ਕਿਹਾ ਕਿ ਭਾਰਤ ਵਾਪਸੀ ’ਤੇ ਉਸਦੇ ਖ਼ਿਲਾਫ਼ ਮੁੜ ਹਿੰਸਾ ਹੋਣ ਦਾ ਖ਼ਤਰਾ remote ਜਾਂ speculative ਨਹੀਂ, ਸਗੋਂ ਇੱਕ “real chance” ਹੈ।
Tribunal ਨੇ ਇਹ ਦਲੀਲ ਵੀ ਸਵੀਕਾਰ ਨਹੀਂ ਕੀਤੀ ਕਿ ਮਹਿਲਾ ਭਾਰਤ ਦੇ ਕਿਸੇ ਹੋਰ ਵੱਡੇ ਸ਼ਹਿਰ ਵਿੱਚ ਜਾ ਕੇ ਸੁਰੱਖਿਅਤ ਰਹਿ ਸਕਦੀ ਹੈ। ਫੈਸਲੇ ਮੁਤਾਬਕ ਇਕੱਲੀ ਮਹਿਲਾ ਵਜੋਂ ਪਰਿਵਾਰਕ ਸਹਾਇਤਾ ਤੋਂ ਬਿਨਾਂ ਉਸਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ Tribunal ਇਸ ਗੱਲ ਤੋਂ ਸੰਤੁਸ਼ਟ ਨਹੀਂ ਸੀ ਕਿ ਉਸਦੇ ਕੋਲ ਕੋਈ viable internal protection alternative ਹੈ।
ਅੰਤ ਵਿੱਚ Tribunal ਨੇ ਉਸਦੀ ਅਪੀਲ ਮਨਜ਼ੂਰ ਕਰਦਿਆਂ ਉਸਨੂੰ Refugee Convention ਅਤੇ Immigration Act 2009 ਦੀ Section 129 ਤਹਿਤ refugee ਵਜੋਂ ਮਾਨਤਾ ਦੇ ਦਿੱਤੀ। ਫੈਸਲੇ ਵਿੱਚ ਮਹਿਲਾ ਦੀ ਪਛਾਣ ਗੁਪਤ ਰੱਖਣ ਦੇ ਹੁਕਮ ਵੀ ਦਿੱਤੇ ਗਏ ਹਨ।



