
ਏਅਰਲਾਈਨ ਨੇ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਨੂੰ ਉਸੇ ਦਿਨ ਹੋਰ ਉਡਾਣਾਂ ’ਤੇ ਮੁੜ ਬੁੱਕ ਕਰ ਦਿੱਤਾ ਗਿਆ ਹੈ ਅਤੇ ਯਾਤਰਾ ਵਿੱਚ ਰੁਕਾਵਟ ਘੱਟ ਤੋਂ ਘੱਟ ਰੱਖਣ ਦੀ ਕੋਸ਼ਿਸ਼ ਜਾਰੀ ਹੈ। ਆਸਟ੍ਰੇਲੀਆਈ ਏਅਰਲਾਈਨਾਂ ਵੀ ਇਸ ਸਮੱਸਿਆ ਤੋਂ ਪ੍ਰਭਾਵਿਤ ਹੋਈਆਂ ਹਨ। ਵਰਜਿਨ ਆਸਟ੍ਰੇਲੀਆ ਨੇ ਕਿਹਾ ਕਿ ਉਸ ਦੀਆਂ ਕੁਝ ਨਾਦੀ ਜਾਣ ਵਾਲੀਆਂ ਉਡਾਣਾਂ ਨੂੰ ਪੋਰਟ ਵਿਲਾ ਜਾਂ ਨੂਮੀਆ ਵਿੱਚ ਈਂਧਨ ਭਰਨਾ ਪੈ ਰਿਹਾ ਹੈ, ਜਦਕਿ ਕੁਝ ਉਡਾਣਾਂ ਰੱਦ ਵੀ ਕੀਤੀਆਂ ਗਈਆਂ ਹਨ।
ਕਵਾਂਟਸ ਨੇ ਵੀ ਦੱਸਿਆ ਕਿ ਫਿਜੀ ਵਿੱਚ ਈਂਧਨ ਦੀ ਕਮੀ ਦਾ ਅਸਰ ਸਾਰੀਆਂ ਏਅਰਲਾਈਨਾਂ ’ਤੇ ਪੈ ਰਿਹਾ ਹੈ ਅਤੇ ਸਿਡਨੀ-ਨਾਦੀ ਰੂਟ ’ਤੇ ਏਅਰਬਸ A330 ਜਹਾਜ਼ ਵਰਤੇ ਜਾ ਰਹੇ ਹਨ ਤਾਂ ਜੋ ਫਿਜੀ ਵਿੱਚ ਈਂਧਨ ਭਰਨ ਦੀ ਲੋੜ ਘੱਟ ਹੋ ਸਕੇ। ਫਿਜੀ ਏਅਰਵੇਜ਼ ਨੇ ਕਿਹਾ ਕਿ ਉਹ ਇਸ ਵੇਲੇ ਉਡਾਣਾਂ ਵਿੱਚ ਕਿਸੇ ਵੱਡੀ ਰੁਕਾਵਟ ਦੀ ਉਮੀਦ ਨਹੀਂ ਕਰ ਰਹੀ। ਏਅਰਲਾਈਨ ਮੁਤਾਬਕ, ਉਸਦੇ ਇੱਕ ਸਪਲਾਇਰ ਵੱਲੋਂ ਭੇਜੀ ਗਈ ਈਂਧਨ ਦੀ ਖੇਪ ਵਰਤੋਂਯੋਗ ਨਾ ਹੋਣ ਕਾਰਨ ਇਹ ਘਾਟ ਪੈਦਾ ਹੋਈ ਹੈ।
ਪਿਛਲੇ ਸਾਲ 2 ਲੱਖ 19 ਹਜ਼ਾਰ ਤੋਂ ਵੱਧ ਨਿਊਜ਼ੀਲੈਂਡ ਵਾਸੀਆਂ ਨੇ ਫਿਜੀ ਦੀ ਯਾਤਰਾ ਕੀਤੀ ਸੀ, ਜਿਸ ਕਾਰਨ ਨਾਦੀ ਹਵਾਈ ਅੱਡੇ ਦੀ ਇਹ ਸਥਿਤੀ ਨਿਊਜ਼ੀਲੈਂਡ ਦੇ ਯਾਤਰੀਆਂ ਲਈ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।



