
ਆਕਲੈਂਡ (NZ Punjabi News) – ACT ਅਤੇ New Zealand First ਵੱਲੋਂ ਇਮੀਗ੍ਰੇਸ਼ਨ ’ਤੇ ਹੋਰ ਸਖ਼ਤ ਕੰਟਰੋਲ ਦੀਆਂ ਨੀਤੀਆਂ ਪੇਸ਼ ਕੀਤੇ ਜਾਣ ਤੋਂ ਬਾਅਦ ਨੈਸ਼ਨਲ, ਲੇਬਰ ਅਤੇ ਗ੍ਰੀਨ ਪਾਰਟੀ ਨੇ ਇਨ੍ਹਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਇਨ੍ਹਾਂ ਪਾਰਟੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਲੋਕਪ੍ਰਿਯਤਾ ਹਾਸਲ ਕਰਨ ਲਈ ਐਂਟੀ-ਇਮੀਗ੍ਰੇਸ਼ਨ ਨੀਤੀਆਂ ਨੂੰ ਹਵਾ ਦੇਣ ਨਾਲ ਨਿਊਜ਼ੀਲੈਂਡ ਦੀਆਂ ਅਸਲ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ।
ਸ਼ੁੱਕਰਵਾਰ ਨੂੰ ਆਕਲੈਂਡ ਵਿੱਚ ਹੋਈ ਸਾਲਾਨਾ Immigration Conference ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਬੁਲਾਰਿਆਂ ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਬਾਰੇ ਵਿਚਾਰ ਪੇਸ਼ ਕੀਤੇ।
New Zealand First ਦੇ ਆਗੂ Winston Peters ਨੇ ਇੱਕ ਦਰਜਨ ਤੋਂ ਵੱਧ ਪ੍ਰਸਤਾਵ ਪੇਸ਼ ਕੀਤੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਮਕਸਦ ਇਮੀਗ੍ਰੇਸ਼ਨ ਨੂੰ ਘਟਾਉਣਾ ਜਾਂ ਇਸ ’ਤੇ ਹੋਰ ਪਾਬੰਦੀਆਂ ਲਗਾਉਣਾ ਹੈ।
ਲੇਬਰ ਪਾਰਟੀ ਦੇ Phil Twyford ਵੀ ਆਪਣੀ ਇਮੀਗ੍ਰੇਸ਼ਨ ਨੀਤੀ ਲੈ ਕੇ ਕਾਨਫਰੰਸ ਵਿੱਚ ਪਹੁੰਚੇ। ਉਨ੍ਹਾਂ ਦੀਆਂ ਤਜਵੀਜ਼ਾਂ ਵਿੱਚ ਗੈਰ-ਦਸਤਾਵੇਜ਼ੀ ਮਾਪਿਆਂ ਦੇ ਨਿਊਜ਼ੀਲੈਂਡ ਵਿੱਚ ਜਨਮੇ ਬੱਚਿਆਂ ਲਈ ਨਾਗਰਿਕਤਾ ਦਾ ਰਸਤਾ, Permanent Residency ਲਈ ਲੰਬਾ ਪ੍ਰਕਿਰਿਆ ਸਮਾਂ ਅਤੇ Parent Visa ਲਈ ਵਿੱਤੀ ਮਾਪਦੰਡਾਂ ਦੀ ਸਮੀਖਿਆ ਸ਼ਾਮਲ ਹੈ।
ਹਾਲਾਂਕਿ Twyford ਨੇ ਆਪਣੀ ਭਾਸ਼ਣ ਦਾ ਵੱਡਾ ਹਿੱਸਾ ਸੱਜੇ-ਪੱਖੀ ਲੋਕਪ੍ਰਿਯ ਰਾਜਨੀਤੀ ਕਰਨ ਵਾਲਿਆਂ ਵੱਲੋਂ ਮਾਈਗ੍ਰੈਂਟਾਂ ਅਤੇ ਰਿਫਿਊਜੀਆਂ ਨੂੰ ਨਿਸ਼ਾਨਾ ਬਣਾਉਣ ਦੀ ਆਲੋਚਨਾ ਵਿੱਚ ਲਗਾਇਆ। ਉਨ੍ਹਾਂ ਨੇ ਮੌਜੂਦਾ ਇਮੀਗ੍ਰੇਸ਼ਨ ਬਹਿਸ ਨੂੰ “dumpster fire” ਕਰਾਰ ਦਿੱਤਾ।
ਮੌਜੂਦਾ ਇਮੀਗ੍ਰੇਸ਼ਨ ਮੰਤਰੀ ਅਤੇ ਨੈਸ਼ਨਲ ਪਾਰਟੀ ਦੀ Erica Stanford ਨੇ ACT ਦੀ Permanent Resident Visa ਨੂੰ ਖਤਮ ਕਰਨ ਦੀ ਤਜਵੀਜ਼ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕੁਝ Permanent Residents ਬਾਅਦ ਵਿੱਚ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ, ਪਰ ਜਿਨ੍ਹਾਂ ਦੇ ਮੂਲ ਦੇਸ਼ ਦੋਹਰੀ ਨਾਗਰਿਕਤਾ ਜਾਂ ਦੋਹਰੇ ਪਾਸਪੋਰਟ ਦੀ ਇਜਾਜ਼ਤ ਨਹੀਂ ਦਿੰਦੇ, ਉਨ੍ਹਾਂ ਲਈ ਇਹ ਇੱਕ “ਦਿਲ ਤੋੜਨ ਵਾਲਾ” ਫੈਸਲਾ ਹੋਵੇਗਾ।
Stanford ਨੇ ਕਿਹਾ ਕਿ ਨਿਊਜ਼ੀਲੈਂਡ ਦਾ Permanent Resident Visa ਉਨ੍ਹਾਂ ਲੋਕਾਂ ਨੂੰ ਸਥਿਰਤਾ ਅਤੇ ਭਰੋਸਾ ਦਿੰਦਾ ਹੈ, ਜਿਨ੍ਹਾਂ ਨੇ ਦੇਸ਼ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕੀਤੀ ਹੈ। ਉਨ੍ਹਾਂ ਮੁਤਾਬਕ ਇਹ Skilled Workers ਨੂੰ ਨਿਊਜ਼ੀਲੈਂਡ ਵੱਲ ਆਕਰਸ਼ਿਤ ਕਰਨ ਲਈ ਵੀ ਇੱਕ ਮਹੱਤਵਪੂਰਨ ਫਾਇਦਾ ਹੈ।
ਉਨ੍ਹਾਂ ਨੇ New Zealand First ਅਤੇ Green Party ਵੱਲੋਂ Pacific overstayers ਲਈ Amnesty ਦੀਆਂ ਤਜਵੀਜ਼ਾਂ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਨੀਤੀਆਂ ਕੰਮ ਨਹੀਂ ਕਰਦੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਅਗਲੀ ਪੀੜ੍ਹੀ ਦੇ overstayers ਨੂੰ ਇਹ ਉਮੀਦ ਮਿਲ ਸਕਦੀ ਹੈ ਕਿ ਜੇ ਉਹ ਕਾਫ਼ੀ ਸਮਾਂ ਇੰਤਜ਼ਾਰ ਕਰਨ ਤਾਂ ਉਨ੍ਹਾਂ ਨੂੰ Residence ਜਾਂ Valid Visa ਦਾ ਰਸਤਾ ਮਿਲ ਜਾਵੇਗਾ।
Stanford ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ National ਅਤੇ NZ First ਕਾਫ਼ੀ ਹੱਦ ਤੱਕ ਇੱਕੋ ਜਿਹੇ ਵਿਚਾਰ ਰੱਖਦੇ ਹਨ। ਪਰ ਜਿਹੜੀਆਂ ਪਾਰਟੀਆਂ ਇਮੀਗ੍ਰੇਸ਼ਨ ਨੂੰ ਵੱਡੇ ਪੱਧਰ ’ਤੇ ਸੀਮਤ ਕਰਨ ਦੀ ਗੱਲ ਕਰ ਰਹੀਆਂ ਹਨ, ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਆਖ਼ਰ ਕਿਨ੍ਹਾਂ ਲੋਕਾਂ ਨੂੰ ਨਿਊਜ਼ੀਲੈਂਡ ਆਉਣ ਤੋਂ ਰੋਕਿਆ ਜਾਵੇਗਾ।
ਉਨ੍ਹਾਂ ਕਿਹਾ ਕਿ Primary Immigration Applications ਵਿੱਚ ਲਗਭਗ ਅੱਧੀਆਂ Partnership Visas ਨਾਲ ਜੁੜੀਆਂ ਹਨ, ਜਦਕਿ ਲਗਭਗ ਉਤਨੀਆਂ ਹੀ ਅਰਜ਼ੀਆਂ Skills Shortages ਪੂਰੀਆਂ ਕਰਨ ਨਾਲ ਸਬੰਧਤ ਹਨ। ਇਸ ਲਈ ਇੱਕ ਪਾਸੇ “ਸਭ ਤੋਂ ਵਧੀਆ ਲੋਕਾਂ” ਨੂੰ ਆਕਰਸ਼ਿਤ ਕਰਨ ਦੀ ਗੱਲ ਕਰਨਾ ਅਤੇ ਦੂਜੇ ਪਾਸੇ ਗਿਣਤੀ ਸੀਮਤ ਕਰਨਾ ਆਪਸ ਵਿੱਚ ਵਿਰੋਧੀ ਹੈ।
Stanford ਨੇ ਇਹ ਵੀ ਕਿਹਾ ਕਿ ਕਈ ਪਾਰਟੀਆਂ ਚੋਣਾਂ ਤੋਂ ਪਹਿਲਾਂ ਵੱਖ-ਵੱਖ ਨੀਤੀਆਂ ਦਾ ਐਲਾਨ ਕਰਦੀਆਂ ਹਨ, ਪਰ Coalition Negotiations ਦੌਰਾਨ ਉਨ੍ਹਾਂ ਵਿੱਚੋਂ ਬਹੁਤੀਆਂ ਨੀਤੀਆਂ ਅਮਲ ਵਿੱਚ ਨਹੀਂ ਆਉਂਦੀਆਂ। ਇਸ ਲਈ ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸੇ ਵੀ ਪ੍ਰਸਤਾਵ ਨੂੰ ਲੈ ਕੇ ਚਿੰਤਾ ਜ਼ਾਹਰ ਕਰਨਾ ਜਲਦਬਾਜ਼ੀ ਹੋਵੇਗੀ।
Green Party ਦੇ ਬੁਲਾਰੇ Ricardo Menendez March ਨੇ ਵੀ ਉਨ੍ਹਾਂ ਪਾਰਟੀਆਂ ਦੀ ਆਲੋਚਨਾ ਕੀਤੀ ਜੋ ਨਿਊਜ਼ੀਲੈਂਡ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਇਮੀਗ੍ਰੇਸ਼ਨ ਨਾਲ ਜੋੜ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਸ ਸਮੇਂ Infrastructure Deficit, ਵਧਦੀ ਉਮਰ ਵਾਲੀ ਆਬਾਦੀ ਅਤੇ ਹੋਰ ਸਮਾਨ ਦੇਸ਼ਾਂ ਦੇ ਮੁਕਾਬਲੇ ਘੱਟ ਤਨਖਾਹਾਂ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟੈਕਸ ਸਿਸਟਮ ਕੰਮ ਤੋਂ ਹੋਣ ਵਾਲੀ ਆਮਦਨ ’ਤੇ ਜ਼ਿਆਦਾ ਟੈਕਸ ਲਗਾਉਂਦਾ ਹੈ, ਜਦਕਿ ਦੌਲਤ ’ਤੇ ਘੱਟ ਧਿਆਨ ਦਿੱਤਾ ਜਾਂਦਾ ਹੈ।
March ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੋਈ ਵੀ ਸਮੱਸਿਆ Migrant Workers ਕਾਰਨ ਪੈਦਾ ਨਹੀਂ ਹੋਈ ਅਤੇ ਇਮੀਗ੍ਰੇਸ਼ਨ ’ਤੇ ਸਖ਼ਤੀ ਦੀਆਂ ਗੱਲਾਂ ਕਰਕੇ ਵੀ ਇਨ੍ਹਾਂ ਦਾ ਹੱਲ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ Labour Demand ਦੇ ਅਨੁਸਾਰ Residency Requirements ਬਦਲਣ ਦੀ ਕੋਸ਼ਿਸ਼ ਵਿੱਚ ਇਹ ਗੱਲ ਨਜ਼ਰਅੰਦਾਜ਼ ਕੀਤੀ ਜਾਂਦੀ ਹੈ ਕਿ ਇਸ ਦਾ ਸਿੱਧਾ ਪ੍ਰਭਾਵ ਉਨ੍ਹਾਂ ਲੋਕਾਂ ’ਤੇ ਪੈਂਦਾ ਹੈ, ਜਿਨ੍ਹਾਂ ਨੇ ਪਹਿਲਾਂ ਹੀ ਨਿਊਜ਼ੀਲੈਂਡ ਵਿੱਚ ਆਪਣੀ ਜ਼ਿੰਦਗੀ ਵਸਾ ਲਈ ਹੈ।
Green Party ਦੀ “Settled Residency Pathway” ਨੀਤੀ ਤਹਿਤ ਉਹਨਾਂ ਲੋਕਾਂ ਲਈ Residence ਦਾ ਰਸਤਾ ਦੇਣ ਦੀ ਤਜਵੀਜ਼ ਹੈ, ਜੋ ਪੰਜ ਸਾਲ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਹਨ।
ਪਾਰਟੀ 12 ਮਹੀਨਿਆਂ ਵਾਲੇ Stand-Down Period ਨੂੰ ਵੀ ਖਤਮ ਕਰਨਾ ਚਾਹੁੰਦੀ ਹੈ, ਜਿਸ ਤਹਿਤ Workers ਨੂੰ ਇੱਕ Visa ਤੋਂ ਦੂਜੇ Visa ਵਿਚਕਾਰ ਨਿਊਜ਼ੀਲੈਂਡ ਛੱਡਣਾ ਪੈਂਦਾ ਹੈ। ਇਸ ਦੇ ਨਾਲ Migrant Workers ਨੂੰ ਆਪਣੀ ਨੌਕਰੀ ਬਦਲਣ ਦੀ ਆਜ਼ਾਦੀ ਦੇਣ ਦੀ ਵੀ ਤਜਵੀਜ਼ ਹੈ।
March ਨੇ Green Party ਦੀ Amnesty Proposal ਦਾ ਬਚਾਅ ਕਰਦਿਆਂ ਕਿਹਾ ਕਿ ਕਈ Migrants ਦੇ ਉਨ੍ਹਾਂ ਦੇ ਮੂਲ ਦੇਸ਼ਾਂ ਨਾਲ ਹੁਣ ਕੋਈ ਮਜ਼ਬੂਤ ਸਬੰਧ ਨਹੀਂ ਰਹੇ। ਉਨ੍ਹਾਂ ਮੁਤਾਬਕ ਨਿਊਜ਼ੀਲੈਂਡ ਵਿੱਚ ਲਗਭਗ 20,000 Overstayers ਹਨ ਅਤੇ ਉਨ੍ਹਾਂ ਨੂੰ Legal Status ਦੇਣ ਨਾਲ Infrastructure ’ਤੇ ਕੋਈ ਵੱਡਾ ਵਾਧੂ ਦਬਾਅ ਨਹੀਂ ਪਵੇਗਾ, ਕਿਉਂਕਿ ਇਹ ਲੋਕ ਪਹਿਲਾਂ ਹੀ ਇੱਥੇ ਰਹਿ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਕਈ ਕੰਮ ਵੀ ਕਰ ਰਹੇ ਹਨ ਅਤੇ ਟੈਕਸ ਵੀ ਭਰ ਰਹੇ ਹਨ।
ACT Party ਦੀ Parmjeet Parmar ਨੇ Parent Resident Visa ਲਈ ਮੌਜੂਦਾ Ballot System ਨੂੰ ਖਤਮ ਕਰਕੇ Queue System ਲਾਗੂ ਕਰਨ ਦੀ ਹਮਾਇਤ ਕੀਤੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ Permanent Residence Category ਨੂੰ ਖਤਮ ਕਰਨ ਦਾ ਮਤਲਬ ਇਹ ਨਹੀਂ ਹੋਵੇਗਾ ਕਿ Migrants ਨੂੰ ਨਿਊਜ਼ੀਲੈਂਡ ਵਿੱਚ ਪੱਕੇ ਤੌਰ ’ਤੇ ਵੱਸਣ ਤੋਂ ਰੋਕ ਦਿੱਤਾ ਜਾਵੇਗਾ।



