2023 ‘ਚ 23,376 ਵੋਟਾਂ ਦੇ ਫਰਕ ਨਾਲ ਜਿੱਤੇ ਸਨ Mark Mitchell, ਉਸ ਸਾਲ ਦੇਸ਼ ਭਰ ‘ਚ ਸੀ ਸਭ ਤੋਂ ਵੱਡੀ ਲੀਡ
2026 ਦੀਆਂ ਚੋਣਾਂ ‘ਚ ਵੀ 15,368 ਵੋਟਾਂ ਦੀ ਲੀਡ ਨਾਲ ਸਭ ਤੋਂ ਅੱਗੇ, ਪਰ ਪਿਛਲੀ ਵਾਰ ਨਾਲੋਂ ਘਟਿਆ ਜਿੱਤ ਦਾ ਫਰਕ
ਆਕਲੈਂਡ (NZ PUNJABI NEWS): ਨਿਊਜ਼ੀਲੈਂਡ ਦੀਆਂ 2026 ਦੀਆਂ ਆਮ ਚੋਣਾਂ ਵਿੱਚ National Party ਦੇ ਸੀਨੀਅਰ ਆਗੂ Mark Mitchell ਨੇ Whangaparāoa ਹਲਕੇ ਤੋਂ ਇੱਕ ਵਾਰ ਫਿਰ ਵੱਡੀ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਦੇ ਸ਼ੁਰੂਆਤੀ ਨਤੀਜਿਆਂ ਮੁਤਾਬਕ Mitchell ਨੇ 15,368 ਵੋਟਾਂ ਦੀ ਲੀਡ ਹਾਸਲ ਕੀਤੀ ਹੈ, ਜੋ ਇਸ ਵਾਰ ਦੇਸ਼ ਦੇ ਸਾਰੇ 71 ਚੋਣ ਹਲਕਿਆਂ ਵਿੱਚ ਸਭ ਤੋਂ ਵੱਡਾ ਜਿੱਤ ਦਾ ਫਰਕ ਹੈ।
Mitchell ਨੂੰ ਕੁੱਲ 24,695 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੀ ਵਿਰੋਧੀ Labour Party ਦੀ ਉਮੀਦਵਾਰ Estefania Muller Pallarès ਨੂੰ 9,327 ਵੋਟਾਂ ਹਾਸਲ ਹੋਈਆਂ।
ਦਿਲਚਸਪ ਗੱਲ ਇਹ ਹੈ ਕਿ Mark Mitchell ਨੇ 2023 ਦੀਆਂ ਚੋਣਾਂ ਵਿੱਚ ਇਸ ਤੋਂ ਵੀ ਵੱਡੀ ਜਿੱਤ ਦਰਜ ਕੀਤੀ ਸੀ। ਉਸ ਸਮੇਂ ਉਨ੍ਹਾਂ ਨੂੰ 30,742 ਵੋਟਾਂ ਮਿਲੀਆਂ ਸਨ, ਜਦਕਿ Labour ਦੀ ਉਮੀਦਵਾਰ ਨੂੰ ਸਿਰਫ਼ 7,366 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ Mitchell ਨੇ 23,376 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ, ਜੋ 2023 ਦੀਆਂ ਚੋਣਾਂ ਵਿੱਚ ਕਿਸੇ ਵੀ ਹਲਕੇ ਦੀ ਸਭ ਤੋਂ ਵੱਡੀ ਲੀਡ ਸੀ।
ਇਸ ਤੋਂ ਪਹਿਲਾਂ 2020 ਦੀਆਂ ਚੋਣਾਂ ਵਿੱਚ ਤਤਕਾਲੀ ਪ੍ਰਧਾਨ ਮੰਤਰੀ Jacinda Ardern ਨੇ Mt Albert ਹਲਕੇ ਤੋਂ 21,246 ਵੋਟਾਂ ਦੀ ਲੀਡ ਨਾਲ ਜਿੱਤ ਦਰਜ ਕੀਤੀ ਸੀ। ਇਹ ਉਸ ਸਾਲ ਦੇਸ਼ ਦੀ ਸਭ ਤੋਂ ਵੱਡੀ ਜਿੱਤ ਸੀ।
2023 ਵਿੱਚ Mitchell ਦੀ 23,376 ਵੋਟਾਂ ਦੀ ਲੀਡ ਨੇ Ardern ਦੇ 2020 ਵਾਲੇ ਜਿੱਤ ਦੇ ਫਰਕ ਨੂੰ ਵੀ ਪਿੱਛੇ ਛੱਡ ਦਿੱਤਾ ਸੀ।
ਹਾਲਾਂਕਿ 2026 ਵਿੱਚ Mitchell ਮੁੜ ਸਭ ਤੋਂ ਵੱਡੀ ਲੀਡ ਵਾਲੇ ਉਮੀਦਵਾਰ ਬਣੇ ਹਨ, ਪਰ ਇਸ ਵਾਰ ਉਨ੍ਹਾਂ ਦੀ ਲੀਡ 2023 ਦੇ ਮੁਕਾਬਲੇ 8,008 ਵੋਟਾਂ ਘੱਟ ਰਹੀ ਹੈ।
ਜ਼ਿਕਰਯੋਗ ਹੈ ਕਿ 2026 ਦੇ ਇਹ ਅੰਕੜੇ ਅਜੇ ਸ਼ੁਰੂਆਤੀ ਨਤੀਜਿਆਂ ‘ਤੇ ਆਧਾਰਿਤ ਹਨ। Special Votes ਦੀ ਗਿਣਤੀ ਤੋਂ ਬਾਅਦ ਜਿੱਤ ਦੇ ਫਰਕ ਵਿੱਚ ਤਬਦੀਲੀ ਹੋ ਸਕਦੀ ਹੈ। ਚੋਣ ਕਮਿਸ਼ਨ ਵੱਲੋਂ ਅੰਤਿਮ ਨਤੀਜੇ 27 ਨਵੰਬਰ 2026 ਨੂੰ ਜਾਰੀ ਕੀਤੇ ਜਾਣੇ ਹਨ।



