ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ 24 ਸਾਲਾ ਤੇ ਪਾਤੀ ਮਾਓਰੀ ਸੰਸਦ ਮੈਂਬਰ ਹਾਨਾ-ਰਾਵ੍ਹਿਤੀ ਮਾਈਪੀ-ਕਲਾਰਕ ਨੇ ਹੌਰਾਕੀ-ਵਾਈਕਾਟੋ ਹਲਕੇ ਤੋਂ ਵੱਡੀ ਜਿੱਤ ਦਰਜ ਕਰਦਿਆਂ ਮੁੜ ਸੰਸਦ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਨ੍ਹਾਂ ਨੂੰ ਮੁੱਢਲੇ ਚੋਣ ਨਤੀਜਿਆਂ ਵਿੱਚ ਹਲਕੇ ਦੀਆਂ 68.6 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਲੇਬਰ ਪਾਰਟੀ ਦੇ ਉਮੀਦਵਾਰ ਕੀੰਗੀ ਕਿਰਿਓਨਾ ਨੂੰ 28.8 ਫ਼ੀਸਦੀ ਵੋਟਾਂ ਮਿਲੀਆਂ।
ਜਿੱਤ ਤੋਂ ਬਾਅਦ ਮਾਈਪੀ-ਕਲਾਰਕ ਨੇ ਕਿਹਾ ਕਿ ਉਹ ਇਸ ਨੂੰ ਸਿਰਫ਼ ਇੱਕ ਸੰਸਦੀ ਸੀਟ ਜਾਂ ਅਹੁਦਾ ਨਹੀਂ ਸਮਝਦੇ, ਸਗੋਂ ਆਪਣੇ ਲੋਕਾਂ, ਆਪਣੇ ਘਰ ਅਤੇ ਆਪਣੇ ਕਬੀਲੇ ਪ੍ਰਤੀ ਇੱਕ ਵੱਡੀ ਜ਼ਿੰਮੇਵਾਰੀ ਮੰਨਦੇ ਹਨ।
ਇਸ ਜਿੱਤ ਨਾਲ ਉਨ੍ਹਾਂ ਨੂੰ ਸੰਸਦ ਵਿੱਚ ਹੋਰ ਤਿੰਨ ਸਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹ 2023 ਵਿੱਚ ਸਿਰਫ਼ 21 ਸਾਲ ਦੀ ਉਮਰ ਵਿੱਚ ਸੰਸਦ ਮੈਂਬਰ ਬਣੇ ਸਨ ਅਤੇ ਨਿਊਜ਼ੀਲੈਂਡ ਦੇ ਸਭ ਤੋਂ ਨੌਜਵਾਨ ਸੰਸਦ ਮੈਂਬਰਾਂ ਵਿੱਚ ਸ਼ਾਮਲ ਹੋਏ ਸਨ।
ਨਵੰਬਰ 2024 ਵਿੱਚ ਸੰਸਦ ਵਿੱਚ ਟ੍ਰੀਟੀ ਪ੍ਰਿੰਸੀਪਲਜ਼ ਬਿੱਲ ‘ਤੇ ਬਹਿਸ ਦੌਰਾਨ ਉਨ੍ਹਾਂ ਵੱਲੋਂ ਹਾਕਾ ਪੇਸ਼ ਕੀਤੇ ਜਾਣ ਤੋਂ ਬਾਅਦ ਉਹ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਸਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ‘ਤੇ ਸਾਂਝੀ ਕੀਤੀ ਗਈ ਅਤੇ ਕੌਮਾਂਤਰੀ ਮੀਡੀਆ ਵਿੱਚ ਵੀ ਉਨ੍ਹਾਂ ਦੀ ਚਰਚਾ ਹੋਈ।
ਟਾਈਮ ਮੈਗਜ਼ੀਨ ਨੇ ਉਨ੍ਹਾਂ ਨੂੰ ਆਪਣੇ TIME100 Next ਵਿੱਚ ਉੱਭਰ ਰਹੇ ਆਗੂਆਂ ਵਿੱਚ ਸ਼ਾਮਲ ਕੀਤਾ ਸੀ। ਇਸ ਤੋਂ ਪਹਿਲਾਂ 2024 ਵਿੱਚ ਉਨ੍ਹਾਂ ਨੂੰ One Young World ਵੱਲੋਂ ‘ਪਾਲੀਟੀਸ਼ੀਅਨ ਆਫ਼ ਦਿ ਈਅਰ’ ਦੇ ਸਨਮਾਨ ਨਾਲ ਵੀ ਨਿਵਾਜਿਆ ਗਿਆ ਸੀ।
ਮਾਈਪੀ-ਕਲਾਰਕ ਮੁਤਾਬਕ ਇਸ ਚੋਣ ਨਤੀਜੇ ਦਾ ਸਭ ਤੋਂ ਮਹੱਤਵਪੂਰਨ ਸੁਨੇਹਾ ਨੌਜਵਾਨਾਂ ਦੀ ਸਿਆਸਤ ਵਿੱਚ ਵਧ ਰਹੀ ਭਾਗੀਦਾਰੀ ਹੈ। ਉਨ੍ਹਾਂ ਕਿਹਾ ਕਿ ਆਪਣੀ ਪਹਿਲੀ ਚੋਣ ਮੁਹਿੰਮ ਦੌਰਾਨ ਕੁਝ ਲੋਕਾਂ ਨੇ ਦਲੀਲ ਦਿੱਤੀ ਸੀ ਕਿ ਨੌਜਵਾਨ ਵੋਟ ਨਹੀਂ ਪਾਉਣਗੇ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਨੌਜਵਾਨਾਂ ਨੂੰ ਸੰਸਦ ਵਿੱਚ ਆਪਣੀ ਪਛਾਣ, ਮੁੱਦੇ ਅਤੇ ਸਮੱਸਿਆਵਾਂ ਨਜ਼ਰ ਆਉਂਦੀਆਂ ਹਨ ਤਾਂ ਉਹ ਚੋਣ ਪ੍ਰਕਿਰਿਆ ਵਿੱਚ ਸਰਗਰਮ ਹਿੱਸਾ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਦੀ ਭਾਗੀਦਾਰੀ ਅਤੇ ਇੱਕ-ਦੂਜੇ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦਾ ਰੁਝਾਨ ਦੇਖ ਕੇ ਉਹ ਕਾਫ਼ੀ ਪ੍ਰਭਾਵਿਤ ਹੋਏ।
ਇਸ ਵਾਰ ਗ੍ਰੀਨ ਪਾਰਟੀ ਦੀ ਤਾਮਾਥਾ ਪੌਲ ਅਤੇ ਲੇਬਰ ਪਾਰਟੀ ਦੀ ਅਰੀਨਾ ਵਿਲੀਅਮਜ਼ ਸਮੇਤ ਕਈ ਹੋਰ ਨੌਜਵਾਨ ਸੰਸਦ ਮੈਂਬਰ ਵੀ ਮੁੜ ਚੁਣੇ ਗਏ ਹਨ। ਮਾਈਪੀ-ਕਲਾਰਕ ਨੇ ਇਸ ਨੂੰ ਨਵੀਂ ਪੀੜ੍ਹੀ ਲਈ ਉਤਸ਼ਾਹਜਨਕ ਦੱਸਿਆ।
ਆਪਣੀਆਂ ਅਗਲੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਮਹਿੰਗਾਈ ਅਤੇ ਜੀਵਨ-ਯਾਪਨ ਦੇ ਵਧਦੇ ਖ਼ਰਚੇ, ਟੈਕਸ ਪ੍ਰਣਾਲੀ ਵਿੱਚ ਨਿਆਂ ਅਤੇ ਤੇ ਤਿਰਿਤੀ ਓ ਵੈਤਾਂਗੀ ਨੂੰ ਮਜ਼ਬੂਤ ਕਰਨ ਨੂੰ ਅਹਿਮ ਮੁੱਦੇ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਮਾਓਰੀ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਬਾਰੇ ਸਿਆਸੀ ਅਤੇ ਜਨਤਕ ਚਰਚਾ ਦਾ ਤਰੀਕਾ ਬਦਲਣ ਦੀ ਲੋੜ ਹੈ। ਉਨ੍ਹਾਂ ਅਨੁਸਾਰ ਤਰੱਕੀ ਸਿਰਫ਼ ਕਾਨੂੰਨ ਬਣਾਉਣ ਨਾਲ ਨਹੀਂ, ਸਗੋਂ ਸਮਾਜ ਵਿੱਚ ਇੱਕ-ਦੂਜੇ ਪ੍ਰਤੀ ਸਤਿਕਾਰ ਵਾਲੀ ਭਾਸ਼ਾ ਅਤੇ ਸੋਚ ਨਾਲ ਵੀ ਆਉਂਦੀ ਹੈ।
ਰੰਗੀਰੀ ਪਾ ਵਿਖੇ ਚੋਣ ਜਿੱਤ ਦਾ ਜਸ਼ਨ ਮਨਾਇਆ ਗਿਆ, ਜਿਸ ਵਿੱਚ ਸੈਂਕੜੇ ਸਮਰਥਕਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹੋਏ।
ਮਾਈਪੀ-ਕਲਾਰਕ ਨੇ ਇਹ ਵੀ ਖੁਲਾਸਾ ਕੀਤਾ ਕਿ ਚੋਣ ਮੁਹਿੰਮ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੇ ਪੈਰ ਦੀ ਐਕਿਲੀਜ਼ ਟੈਂਡਨ ਦੀ ਨਸ ਫਟ ਗਈ ਸੀ। ਸ਼ੁਰੂ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਆਮ ਤਰ੍ਹਾਂ ਤੁਰਨ ਲਈ ਕਈ ਮਹੀਨੇ ਲੱਗ ਸਕਦੇ ਹਨ। ਇਸ ਦੇ ਬਾਵਜੂਦ ਉਹ ਮੁੜ ਚੋਣ ਮੁਹਿੰਮ ਵਿੱਚ ਸਰਗਰਮ ਹੋਏ ਅਤੇ ਜਿੱਤ ਦੇ ਜਸ਼ਨ ਵਿੱਚ ਵੀ ਸ਼ਾਮਲ ਹੋਏ।
ਸਮਰਥਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ, “ਖੈਰ, ਸਾਨੂੰ ਦੇਖੋ, ਅਸੀਂ ਹੀਲਾਂ ਪਾ ਕੇ ਤੁਰ ਰਹੇ ਹਾਂ ਅਤੇ ਚੋਣ ਵੀ ਜਿੱਤ ਲਈ ਹੈ।”




