
ਮੁੱਢਲੇ ਚੋਣ ਨਤੀਜਿਆਂ ਵਿੱਚ ਲੇਬਰ ਪਾਰਟੀ 29.36 ਫ਼ੀਸਦੀ ਪਾਰਟੀ ਵੋਟਾਂ ਨਾਲ ਨੈਸ਼ਨਲ ਤੋਂ ਅੱਗੇ ਰਹੀ ਹੈ। ਹਾਲਾਂਕਿ ਨੈਸ਼ਨਲ ਪਾਰਟੀ ਨੇ 42 ਹਲਕਿਆਂ ਵਿੱਚ ਜਿੱਤ ਹਾਸਲ ਕਰਕੇ ਸੰਸਦ ਵਿੱਚ ਸਭ ਤੋਂ ਵੱਡਾ ਸੰਸਦੀ ਦਲ ਬਣਨ ਦਾ ਦਰਜਾ ਪ੍ਰਾਪਤ ਕੀਤਾ ਹੈ।
Mark Mitchell ਨੇ ਕਿਹਾ ਕਿ ਹਲਕਾ ਪੱਧਰ ‘ਤੇ ਮਿਲੀ ਜਿੱਤ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, “ਵੋਟਰਾਂ ਨੇ ਸਾਨੂੰ ਰੱਦ ਨਹੀਂ ਕੀਤਾ, ਕਿਉਂਕਿ ਅਸੀਂ ਸੰਸਦ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਵਾਪਸ ਆਏ ਹਾਂ।”
ਉਨ੍ਹਾਂ ਮੰਨਿਆ ਕਿ ਨੈਸ਼ਨਲ ਪਾਰਟੀ ਨੂੰ ਪਾਰਟੀ ਵੋਟਾਂ ਵਿੱਚ ਇਸ ਤੋਂ ਬਿਹਤਰ ਨਤੀਜੇ ਦੀ ਉਮੀਦ ਸੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਨਤੀਜੇ ਦੇ ਬਾਵਜੂਦ ਪਾਰਟੀ ਅਗਲੀ ਸਰਕਾਰ ਬਣਾਉਣ ਲਈ ਮਜ਼ਬੂਤ ਸਥਿਤੀ ਵਿੱਚ ਹੈ।
2023 ਦੀਆਂ ਚੋਣਾਂ ਦੇ ਮੁਕਾਬਲੇ ਨੈਸ਼ਨਲ ਪਾਰਟੀ ਦੀਆਂ ਵੋਟਾਂ ਵਿੱਚ ਕਾਫ਼ੀ ਕਮੀ ਆਈ ਹੈ, ਜਦਕਿ ACT ਅਤੇ ਨਿਊਜ਼ੀਲੈਂਡ ਫਰਸਟ ਦੀ ਹਮਾਇਤ ਵਿੱਚ ਵਾਧਾ ਹੋਇਆ ਹੈ। ਮੁੱਢਲੀ ਸੀਟ ਵੰਡ ਮੁਤਾਬਕ ਨੈਸ਼ਨਲ ਨੂੰ 42, ACT ਨੂੰ 13 ਅਤੇ ਨਿਊਜ਼ੀਲੈਂਡ ਫਰਸਟ ਨੂੰ 12 ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਤਿੰਨਾਂ ਮੌਜੂਦਾ ਗੱਠਜੋੜ ਭਾਈਵਾਲਾਂ ਕੋਲ 131 ਮੈਂਬਰੀ ਸੰਸਦ ਵਿੱਚ ਕੁੱਲ 67 ਸੀਟਾਂ ਹਨ।
Mitchell ਨੇ ਉਨ੍ਹਾਂ ਸੁਝਾਵਾਂ ਨੂੰ ਵੀ ਰੱਦ ਕੀਤਾ ਕਿ ਲਕਸਨ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਜਾਂ ਕਿਸੇ ਹੋਰ ਆਗੂ ਦੀ ਅਗਵਾਈ ਹੇਠ ਨੈਸ਼ਨਲ ਪਾਰਟੀ ਦਾ ਪ੍ਰਦਰਸ਼ਨ ਬਿਹਤਰ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਲਕਸਨ ਨੂੰ ਪਾਰਟੀ ਦੇ ਸੰਸਦੀ ਦਲ ਅਤੇ ਕੈਬਨਿਟ ਦਾ ਸਮਰਥਨ ਹਾਸਲ ਹੈ ਅਤੇ ਉਹ ਅਗਲੀਆਂ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨ ਲਈ ਸਹੀ ਵਿਅਕਤੀ ਹਨ।
ਮੁੱਢਲੇ ਨਤੀਜਿਆਂ ਕਾਰਨ ਨੈਸ਼ਨਲ ਪਾਰਟੀ ਨੂੰ ਕਈ ਸੀਨੀਅਰ ਸੰਸਦ ਮੈਂਬਰਾਂ ਤੋਂ ਵੀ ਹੱਥ ਧੋਣਾ ਪੈ ਰਿਹਾ ਹੈ। ਇਨ੍ਹਾਂ ਵਿੱਚ Nicola Willis, Paul Goldsmith, Chris Bishop ਅਤੇ Gerry Brownlee ਦੇ ਨਾਮ ਸ਼ਾਮਲ ਹਨ।
Mitchell ਨੇ ਕਿਹਾ ਕਿ ਇਸ ਸਮੇਂ ਪਾਰਟੀ ਦੇ ਅੰਦਰ ਧਿਆਨ ਅਹੁਦਿਆਂ ਵਿੱਚ ਤਬਦੀਲੀ ਜਾਂ ਨਵੇਂ ਲੀਡਰ ਦੀ ਚੋਣ ਕਰਨ ਦੀ ਬਜਾਏ ਵਿਦਾ ਹੋ ਰਹੇ ਸਾਥੀਆਂ ਨੂੰ ਅਲਵਿਦਾ ਕਹਿਣ ‘ਤੇ ਹੈ। ਵਿੱਤ ਮੰਤਰੀ ਦੇ ਅਹੁਦੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕੋਈ ਅੰਦਾਜ਼ਾ ਲਗਾਉਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਜੇਕਰ ਨੈਸ਼ਨਲ ਅਗਲੀ ਸਰਕਾਰ ਬਣਾਉਂਦੀ ਹੈ ਤਾਂ ਇਸ ਬਾਰੇ ਫ਼ੈਸਲਾ ਲਕਸਨ ਹੀ ਕਰਨਗੇ।
ਉਨ੍ਹਾਂ ਨੈਸ਼ਨਲ ਪਾਰਟੀ ਦੀ ਚੋਣ ਮੁਹਿੰਮ ਦਾ ਵੀ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਅਸਾਧਾਰਨ ਅਤੇ ਮੁਸ਼ਕਲ ਚੋਣ ਸੀ, ਜਿਸ ਵਿੱਚ ਰਣਨੀਤਕ ਵੋਟਿੰਗ ਅਤੇ ਵੱਖ-ਵੱਖ ਪਾਰਟੀਆਂ ਵਿੱਚ ਵੰਡੀ ਹੋਈ ਸਿਆਸੀ ਹਮਾਇਤ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਮੁਤਾਬਕ ਪਾਰਟੀ ਨੇ ਪਾਰਟੀ ਵੋਟਾਂ ਹਾਸਲ ਕਰਨ ਲਈ ਪੂਰੀ ਮਿਹਨਤ ਕੀਤੀ ਸੀ ਅਤੇ ਹੁਣ ਵੋਟਰਾਂ ਵੱਲੋਂ ਦਿੱਤੇ ਫ਼ੈਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ।
Opportunity Party ਨਾਲ ਬਦਲਦੇ ਰੁਖ਼ ਬਾਰੇ ਪੁੱਛੇ ਜਾਣ ‘ਤੇ ਵੀ Mitchell ਨੇ ਲਕਸਨ ਦਾ ਬਚਾਅ ਕੀਤਾ। ਚੋਣ ਮੁਹਿੰਮ ਦੌਰਾਨ ਨੈਸ਼ਨਲ ਪਾਰਟੀ ਨੇ Opportunity ਨਾਲ ਕੰਮ ਕਰਨ ਦੀ ਸੰਭਾਵਨਾ ਨੂੰ ਵਾਰ-ਵਾਰ ਰੱਦ ਕੀਤਾ ਸੀ। ਪਰ Opportunity ਵੱਲੋਂ 5.96 ਫ਼ੀਸਦੀ ਵੋਟਾਂ ਅਤੇ ਸੱਤ ਸੀਟਾਂ ਹਾਸਲ ਕਰਨ ਤੋਂ ਬਾਅਦ ਲਕਸਨ ਨੇ ਪਾਰਟੀ ਆਗੂ Qiulae Wong ਨਾਲ ਕੰਮਕਾਜੀ ਸਬੰਧ ਬਣਾਉਣ ਦੀ ਇੱਛਾ ਜਤਾਈ ਹੈ।
Mitchell ਨੇ ਇਸ ਗੱਲ ਨੂੰ ਰੱਦ ਕੀਤਾ ਕਿ ਲਕਸਨ ਨੇ ਵੋਟਰਾਂ ਨੂੰ ਗੁੰਮਰਾਹ ਕੀਤਾ ਸੀ। ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਨੈਸ਼ਨਲ ਨੇ ਆਪਣੀ ਤਰਜੀਹ ਸਪੱਸ਼ਟ ਕੀਤੀ ਸੀ, ਪਰ ਚੋਣ ਨਤੀਜਿਆਂ ਨੇ ਸੰਸਦ ਦਾ ਸਿਆਸੀ ਸਮੀਕਰਨ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ MMP ਚੋਣ ਪ੍ਰਣਾਲੀ ਤਹਿਤ ਪਾਰਟੀਆਂ ਨੂੰ ਆਖ਼ਰਕਾਰ ਵੋਟਰਾਂ ਵੱਲੋਂ ਚੁਣੀ ਗਈ ਸੰਸਦ ਨਾਲ ਹੀ ਕੰਮ ਕਰਨਾ ਪੈਂਦਾ ਹੈ।
ਫਿਲਹਾਲ ਨੈਸ਼ਨਲ ਪਾਰਟੀ ਨੂੰ ACT ਅਤੇ ਨਿਊਜ਼ੀਲੈਂਡ ਫਰਸਟ ਨਾਲ ਮਿਲ ਕੇ ਬਹੁਮਤ ਬਣਾਉਣ ਲਈ Opportunity ਦੀ ਲੋੜ ਨਹੀਂ ਹੈ, ਪਰ ਵਿਸ਼ੇਸ਼ ਵੋਟਾਂ ਦੀ ਗਿਣਤੀ ਤੋਂ ਬਾਅਦ ਇਹ ਸਥਿਤੀ ਬਦਲ ਸਕਦੀ ਹੈ।
ਅੰਕੜਿਆਂ ਮੁਤਾਬਕ ਹਾਲੇ ਲਗਭਗ 399,365 ਵਿਸ਼ੇਸ਼ ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ। ਚੋਣਾਂ ਦੇ ਅਧਿਕਾਰਤ ਨਤੀਜੇ 27 ਨਵੰਬਰ ਨੂੰ ਜਾਰੀ ਕੀਤੇ ਜਾਣਗੇ।



