ਨਿਊਜ਼ੀਲੈਂਡ ‘ਚ ਚੋਣਾਂ ‘ਚ ਵੋਟ ਪਾਉਣ ਤੋਂ ਪਿੱਛੇ ਹਟੇ ਲੋਕ, ਇਸ ਵਾਰ ਇਤਿਹਾਸ ਦੀ ਦੂਜੀ ਸਭ ਤੋਂ ਘੱਟ ਵੋਟਿੰਗ ਹੋਣ ਦੇ ਆਸਾਰ

2023 ਦੇ ਮੁਕਾਬਲੇ ਘਟੀ ਵੋਟਿੰਗ, ਕਰੀਬ 4 ਲੱਖ Special Votes ਦੀ ਗਿਣਤੀ ਅਜੇ ਬਾਕੀ

ਆਕਲੈਂਡ (NZ Punjabi News): ਨਿਊਜ਼ੀਲੈਂਡ ਦੀਆਂ 2026 ਦੀਆਂ ਆਮ ਚੋਣਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਮੁੱਢਲੇ ਅੰਕੜਿਆਂ ਮੁਤਾਬਕ ਇਸ ਵਾਰ ਵੋਟਿੰਗ ਦੀ ਦਰ ਦੇਸ਼ ਦੇ ਚੋਣ ਇਤਿਹਾਸ ਵਿੱਚ ਦੂਜੀ ਸਭ ਤੋਂ ਘੱਟ ਰਹਿਣ ਦੇ ਆਸਾਰ ਹਨ।

ਨਿਊਜ਼ੀਲੈਂਡ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਸ ਵਾਰ 74.6 ਫੀਸਦੀ ਰਜਿਸਟਰਡ ਵੋਟਰਾਂ ਨੇ ਆਪਣੀ ਵੋਟ ਪਾਈ ਹੈ। ਕੁੱਲ 28 ਲੱਖ 31 ਹਜ਼ਾਰ 768 ਵੋਟਾਂ ਪੈਣ ਦਾ ਅਨੁਮਾਨ ਹੈ। ਇਸ ਦੇ ਮੁਕਾਬਲੇ 2023 ਦੀਆਂ ਆਮ ਚੋਣਾਂ ਵਿੱਚ 78.2 ਫੀਸਦੀ ਵੋਟਰਾਂ ਨੇ ਹਿੱਸਾ ਲਿਆ ਸੀ ਅਤੇ ਕੁੱਲ 28 ਲੱਖ 50 ਹਜ਼ਾਰ 527 ਵੋਟਾਂ ਪਈਆਂ ਸਨ।

ਇਸ ਤਰ੍ਹਾਂ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੋਟਿੰਗ ਦਰ ਵਿੱਚ 3.6 ਫੀਸਦੀ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਹਾਲਾਂਕਿ ਇਸ ਵਾਰ Advance Voting, ਯਾਨੀ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਵੋਟ ਪਾਉਣ ਦਾ ਰੁਝਾਨ ਵਧਿਆ ਹੈ। ਕੁੱਲ ਆਮ ਵੋਟਾਂ ਵਿੱਚੋਂ 67.3 ਫੀਸਦੀ ਵੋਟਾਂ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਪਾਈਆਂ ਗਈਆਂ, ਜਦਕਿ 2023 ਵਿੱਚ ਇਹ ਅੰਕੜਾ 61.4 ਫੀਸਦੀ ਸੀ।

ਚੋਣ ਕਮਿਸ਼ਨ ਮੁਤਾਬਕ ਹੁਣ ਤੱਕ 24 ਲੱਖ 32 ਹਜ਼ਾਰ 403 ਆਮ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ, ਜਦਕਿ ਲਗਭਗ 3 ਲੱਖ 99 ਹਜ਼ਾਰ 365 Special Votes ਦੀ ਗਿਣਤੀ ਅਜੇ ਬਾਕੀ ਹੈ। ਇਨ੍ਹਾਂ ਵਿੱਚ ਕਰੀਬ 96 ਹਜ਼ਾਰ 947 ਵਿਦੇਸ਼ਾਂ ਅਤੇ ਡਿਕਟੇਸ਼ਨ ਰਾਹੀਂ ਪਈਆਂ ਵੋਟਾਂ ਵੀ ਸ਼ਾਮਲ ਹਨ।

ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ Special Votes ਦੀ ਅੰਤਿਮ ਗਿਣਤੀ ਵਿੱਚ ਤਬਦੀਲੀ ਹੋ ਸਕਦੀ ਹੈ।

ਇਸ ਵਾਰ ਲਗਭਗ 38 ਲੱਖ ਲੋਕ ਵੋਟ ਪਾਉਣ ਲਈ ਰਜਿਸਟਰਡ ਸਨ, ਜੋ ਯੋਗ ਵੋਟਰਾਂ ਦਾ 93.7 ਫੀਸਦੀ ਬਣਦਾ ਹੈ। ਪਿਛਲੀਆਂ ਚੋਣਾਂ ਵਿੱਚ ਇਹ ਦਰ 94.7 ਫੀਸਦੀ ਸੀ, ਜੋ ਇੱਕ ਰਿਕਾਰਡ ਸੀ।

ਮੁੱਖ ਚੋਣ ਅਧਿਕਾਰੀ ਕਾਰਲ ਲੇ ਕਿਊਸਨੇ (Karl Le Quesne) ਨੇ ਵੀ ਪੁਸ਼ਟੀ ਕੀਤੀ ਹੈ ਕਿ ਇਸ ਵਾਰ ਵੋਟਿੰਗ ਦੀ ਦਰ 2023 ਦੇ ਮੁਕਾਬਲੇ ਘੱਟ ਰਹੀ ਹੈ।

ਹੁਣ ਸਾਰਿਆਂ ਦੀਆਂ ਨਜ਼ਰਾਂ Special Votes ਦੀ ਗਿਣਤੀ ਅਤੇ ਅੰਤਿਮ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਚੋਣ ਕਮਿਸ਼ਨ ਮੁਤਾਬਕ ਅਧਿਕਾਰਤ ਨਤੀਜਿਆਂ ਦੀ ਪ੍ਰਕਿਰਿਆ ਪੂਰੀ ਹੋਣ ਵਿੱਚ ਲਗਭਗ 20 ਦਿਨ ਲੱਗਣਗੇ ਅਤੇ ਸ਼ੁੱਕਰਵਾਰ, 27 ਨਵੰਬਰ 2026 ਨੂੰ ਅੰਤਿਮ ਨਤੀਜੇ ਜਾਰੀ ਕੀਤੇ ਜਾਣਗੇ। Special Votes ਦੀ ਗਿਣਤੀ ਤੋਂ ਬਾਅਦ ਵੋਟਿੰਗ ਦੀ ਅੰਤਿਮ ਦਰ ਅਤੇ ਸੰਸਦ ਵਿੱਚ ਪਾਰਟੀਆਂ ਦੀਆਂ ਸੀਟਾਂ ਦੀ ਗਿਣਤੀ ਵਿੱਚ ਵੀ ਬਦਲਾਅ ਹੋ ਸਕਦਾ ਹੈ।

Share it :
error: Content is protected !!