ਟਰੇਡਮੈਨ ਬਣਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਚੜਿਆ ਪੁਲਿਸ ਅੜਿੱਕੇ, ਕਈਆਂ ਨੂੰ ਠੱਗੇ ਹਜਾਰਾਂ ਡਾਲਰ

ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਖੁਦ ਨੂੰ ਟਰੇਡਮੈਨ ਦੱਸ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ 38 ਸਾਲਾ ਵਿਅਕਤੀ ਖ਼ਿਲਾਫ਼ ਪੁਲਿਸ ਨੇ ਕਾਰਵਾਈ ਕੀਤੀ ਹੈ। ਦੋਸ਼ ਹੈ ਕਿ ਇਹ ਵਿਅਕਤੀ ਲੋਕਾਂ ਨੂੰ ਘਰਾਂ ਦੀ ਮੁਰੰਮਤ ਅਤੇ ਹੋਰ ਕੰਮ ਕਰਨ ਦਾ ਭਰੋਸਾ ਦੇ ਕੇ ਪੈਸੇ ਲੈ ਲੈਂਦਾ ਸੀ, ਪਰ ਅਸਲ ਵਿੱਚ ਕੋਈ ਕੰਮ ਨਹੀਂ ਕਰਦਾ ਸੀ।

ਪੁਲਿਸ ਮੁਤਾਬਕ ਇਸ ਸਾਲ ਮਈ ਵਿੱਚ ਉਨ੍ਹਾਂ ਨੂੰ ਆਕਲੈਂਡ ਦੇ ਹਾਵਿਕ ਇਲਾਕੇ ਦੀ ਰੌਡਨੀ ਸਟ੍ਰੀਟ ਸਥਿਤ ਇੱਕ ਘਰ ਵਿੱਚ ਵਾੜ ਦੀ ਮੁਰੰਮਤ ਕਰਨ ਦੀ ਪੇਸ਼ਕਸ਼ ਸਬੰਧੀ ਸ਼ਿਕਾਇਤ ਮਿਲੀ ਸੀ। ਸੀਨੀਅਰ ਸਰਜੈਂਟ ਸਾਈਮਨ ਕਾਰਨਿਸ਼ ਨੇ ਦੱਸਿਆ ਕਿ ਇੱਕ ਬਜ਼ੁਰਗ ਮਹਿਲਾ ਦੇ ਪੁੱਤਰ ਨੇ ਪੁਲਿਸ ਨਾਲ ਸੰਪਰਕ ਕੀਤਾ ਸੀ। ਮਹਿਲਾ ਨੇ ਹਾਈ-ਵਿਜ਼ੀਬਿਲਟੀ ਕੱਪੜੇ ਪਹਿਨੇ ਇੱਕ ਵਿਅਕਤੀ ਨੂੰ 3,500 ਡਾਲਰ ਤੋਂ ਵੱਧ ਦੀ ਰਕਮ ਦੇ ਦਿੱਤੀ ਸੀ। ਉਸ ਵਿਅਕਤੀ ਨੇ ਖੁਦ ਨੂੰ ਨਵਾਂ ਗੁਆਂਢੀ ਦੱਸਦਿਆਂ ਵਾੜ ਠੀਕ ਕਰਨ ਦੀ ਗੱਲ ਕਹੀ ਸੀ।

ਪੁਲਿਸ ਦਾ ਕਹਿਣਾ ਹੈ ਕਿ ਇਹ ਮਹਿਲਾ ਇਸ ਕਥਿਤ ਧੋਖਾਧੜੀ ਦਾ ਇਕੱਲਾ ਸ਼ਿਕਾਰ ਨਹੀਂ ਹੈ। ਕਈ ਹੋਰ ਲੋਕਾਂ ਨਾਲ ਵੀ ਇਸੇ ਤਰ੍ਹਾਂ ਪੈਸੇ ਲੈ ਕੇ ਠੱਗੀ ਮਾਰਨ ਦੇ ਦੋਸ਼ ਹਨ।

ਸੀਨੀਅਰ ਸਰਜੈਂਟ ਕਾਰਨਿਸ਼ ਨੇ ਕਿਹਾ ਕਿ ਪੁਲਿਸ ਦਾ ਦੋਸ਼ ਹੈ ਕਿ ਇਸ ਵਿਅਕਤੀ ਨੇ ਭਾਈਚਾਰੇ ਦੇ ਕਮਜ਼ੋਰ ਅਤੇ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾਇਆ। ਉਹ ਕੰਮ ਕਰਨ ਦੇ ਬਦਲੇ ਨਕਦ ਪੈਸੇ ਲੈਂਦਾ ਸੀ, ਪਰ ਬਾਅਦ ਵਿੱਚ ਕੋਈ ਕੰਮ ਨਹੀਂ ਕੀਤਾ ਜਾਂਦਾ ਸੀ।

38 ਸਾਲਾ ਵਿਅਕਤੀ ਖ਼ਿਲਾਫ਼ ਧੋਖਾਧੜੀ ਰਾਹੀਂ ਪੈਸੇ ਹਾਸਲ ਕਰਨ ਦੇ ਅੱਠ ਦੋਸ਼ ਲਗਾਏ ਗਏ ਹਨ। ਉਸ ਨੂੰ 18 ਨਵੰਬਰ ਨੂੰ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਜ਼ੁਰਗ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦਾ ਧਿਆਨ ਰੱਖਣ ਅਤੇ ਇਹ ਯਕੀਨੀ ਬਣਾਉਣ ਕਿ ਉਹ ਕਿਸੇ ਅਣਜਾਣ ਵਿਅਕਤੀ ਨੂੰ ਬਿਨਾਂ ਜਾਂਚ-ਪੜਤਾਲ ਦੇ ਪੈਸੇ ਨਾ ਦੇਣ।

ਕਾਰਨਿਸ਼ ਨੇ ਕਿਹਾ ਕਿ ਠੱਗ ਅਕਸਰ ਬਹੁਤ ਭਰੋਸੇਯੋਗ ਢੰਗ ਨਾਲ ਗੱਲ ਕਰਦੇ ਹਨ ਅਤੇ ਲੋਕਾਂ ਦੀ ਮਜਬੂਰੀ ਜਾਂ ਕਮਜ਼ੋਰੀ ਦਾ ਫਾਇਦਾ ਚੁੱਕਦੇ ਹਨ। ਉਨ੍ਹਾਂ ਮੁਤਾਬਕ ਅਜਿਹੀਆਂ ਠੱਗੀਆਂ ਵਧ ਰਹੀਆਂ ਹਨ ਅਤੇ ਕੋਈ ਵੀ ਵਿਅਕਤੀ ਇਨ੍ਹਾਂ ਦਾ ਸ਼ਿਕਾਰ ਹੋ ਸਕਦਾ ਹੈ। ਜੇਕਰ ਕਿਸੇ ਪੇਸ਼ਕਸ਼ ਜਾਂ ਬੇਨਤੀ ਬਾਰੇ ਸ਼ੱਕ ਹੋਵੇ ਤਾਂ ਤੁਰੰਤ ਰੁਕ ਕੇ ਅਧਿਕਾਰਤ ਮਾਧਿਅਮਾਂ ਰਾਹੀਂ ਉਸ ਦੀ ਪੁਸ਼ਟੀ ਕਰਨੀ ਚਾਹੀਦੀ ਹੈ।

Share it :
error: Content is protected !!