ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਐਤਵਾਰ ਰਾਤ ਟਾਕਾਨਿਨੀ ਸਥਿਤ ਬਰਗਰ ਫਿਊਲ (BurgerFuel) ਰੈਸਟੋਰੈਂਟ ਵਿੱਚ ਵਾਪਰੇ ਭਿਆਨਕ ਕਾਰ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਨਵ-ਵਿਆਹਿਆ ਪਤੀ-ਪਤਨੀ ਵੀ ਸ਼ਾਮਲ ਸਨ। ਤਿੰਨੇ ਭਾਰਤੀ ਨਾਗਰਿਕ ਸਨ ਅਤੇ ਪੰਜਾਬ ਨਾਲ ਸਬੰਧਤ ਦੱਸੇ ਗਏ ਹਨ।
ਜਾਣਕਾਰੀ ਅਨੁਸਾਰ ਤਿੰਨੇ ਵਿਅਕਤੀ ਐਤਵਾਰ ਸ਼ਾਮ ਨੂੰ ਮਨੂਰੇਵਾ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਦੀਵਾਲੀ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ। ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨਾਲ ਜੁੜੇ ਦਲਜੀਤ ਸਿੰਘ ਮੁਤਾਬਕ, ਉਹ ਸਮਾਗਮ ਤੋਂ ਨਿਕਲਣ ਤੋਂ ਕੁਝ ਮਿੰਟਾਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਏ।
ਦੱਸਿਆ ਗਿਆ ਹੈ ਕਿ ਰਾਤ ਕਰੀਬ 10:15 ਵਜੇ ਗ੍ਰੇਟ ਸਾਊਥ ਰੋਡ ‘ਤੇ ਇੱਕ ਰਾਊਂਡਅਬਾਊਟ ਨੇੜੇ ਕਾਰ ਬੇਕਾਬੂ ਹੋ ਗਈ ਅਤੇ ਬਰਗਰ ਫਿਊਲ ਰੈਸਟੋਰੈਂਟ ਵਿੱਚ ਜਾ ਵੱਜੀ। ਕਾਰ ਵਿੱਚ ਸਵਾਰ ਤਿੰਨਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਸਮੇਂ ਰੈਸਟੋਰੈਂਟ ਦੇ ਅੰਦਰ ਮੌਜੂਦ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ।
ਮ੍ਰਿਤਕਾਂ ਦੀ ਉਮਰ 29, 33 ਅਤੇ 38 ਸਾਲ ਦੱਸੀ ਗਈ ਹੈ। ਇਨ੍ਹਾਂ ਵਿੱਚ ਸ਼ਾਮਲ ਨਵ-ਵਿਆਹੇ ਜੋੜੇ ਦਾ ਪਤੀ ਲਗਭਗ ਸੱਤ ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਸੀ ਅਤੇ ਆਪਣਾ ਕਾਰੋਬਾਰ ਚਲਾਉਂਦਾ ਸੀ। ਉਸ ਦੀ ਪਤਨੀ ਦਾ ਵਿਆਹ ਇਸੇ ਸਾਲ ਹੋਇਆ ਸੀ ਅਤੇ ਉਹ ਕੁਝ ਮਹੀਨੇ ਪਹਿਲਾਂ ਹੀ ਨਿਊਜ਼ੀਲੈਂਡ ਆਈ ਸੀ।
ਦਲਜੀਤ ਸਿੰਘ ਨੇ ਇਸ ਘਟਨਾ ਨੂੰ ਭਾਈਚਾਰੇ ਲਈ ਬਹੁਤ ਵੱਡਾ ਦੁਖਾਂਤ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਕਾਰ ਚਾਲਕ ਕੰਮ ‘ਤੇ ਨਹੀਂ ਪਹੁੰਚਿਆ ਤਾਂ ਉਸ ਦੇ ਦੋਸਤਾਂ ਨੂੰ ਚਿੰਤਾ ਹੋਣ ਲੱਗੀ।
ਤਿੰਨਾਂ ਮ੍ਰਿਤਕਾਂ ਦੇ ਭਾਰਤ ਵਿੱਚ ਰਹਿੰਦੇ ਪਰਿਵਾਰਾਂ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਭਾਈਚਾਰੇ ਦੇ ਆਗੂ ਪਰਿਵਾਰਾਂ ਨਾਲ ਮਿਲ ਕੇ ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣ ਦੇ ਪ੍ਰਬੰਧ ਕਰਨ ਵਿੱਚ ਲੱਗੇ ਹੋਏ ਹਨ। ਦਲਜੀਤ ਸਿੰਘ ਅਨੁਸਾਰ ਤਿੰਨਾਂ ਦੀਆਂ ਦੇਹਾਂ ਭਾਰਤ ਭੇਜਣ ਦਾ ਅੰਦਾਜ਼ਨ ਖਰਚਾ 50 ਹਜ਼ਾਰ ਨਿਊਜ਼ੀਲੈਂਡ ਡਾਲਰ ਤੱਕ ਹੋ ਸਕਦਾ ਹੈ। ਇਸ ਖਰਚੇ ਲਈ ਭਾਈਚਾਰੇ ਵੱਲੋਂ Givealittle ਰਾਹੀਂ ਫੰਡ ਇਕੱਠਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਰਿਵਾਰ ਇਸ ਸਮੇਂ ਡੂੰਘੇ ਸਦਮੇ ਵਿੱਚ ਹਨ ਅਤੇ ਉਨ੍ਹਾਂ ਕੋਲ ਹਾਦਸੇ ਦੇ ਕਾਰਨਾਂ ਬਾਰੇ ਕਈ ਅਣਸੁਲਝੇ ਸਵਾਲ ਹਨ। ਤਿੰਨਾਂ ਦਾ ਨਿਊਜ਼ੀਲੈਂਡ ਵਿੱਚ ਆਪਣਾ ਕੋਈ ਨਜ਼ਦੀਕੀ ਪਰਿਵਾਰ ਨਹੀਂ ਸੀ, ਪਰ ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਦਾ ਵੱਡਾ ਘੇਰਾ ਉਨ੍ਹਾਂ ਨਾਲ ਜੁੜਿਆ ਹੋਇਆ ਸੀ।
1News ਦੀ ਰਿਪੋਰਟ ਅਨੁਸਾਰ ਸੋਮਵਾਰ ਨੂੰ ਹਾਦਸੇ ਵਾਲੀ ਥਾਂ ‘ਤੇ ਅਰਦਾਸ ਅਤੇ ਯਾਦਗਾਰੀ ਸਮਾਗਮ ਵੀ ਰੱਖਿਆ ਗਿਆ ਸੀ, ਜਿਸ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ।
ਪੁਲਿਸ ਨੇ ਹਾਲੇ ਤੱਕ ਮ੍ਰਿਤਕਾਂ ਦੀ ਅਧਿਕਾਰਤ ਤੌਰ ‘ਤੇ ਜਨਤਕ ਪਛਾਣ ਜਾਰੀ ਨਹੀਂ ਕੀਤੀ ਹੈ। ਹਾਦਸਾ ਕਿਨ੍ਹਾਂ ਹਾਲਾਤਾਂ ਵਿੱਚ ਵਾਪਰਿਆ, ਇਸ ਬਾਰੇ ਜਾਂਚ ਜਾਰੀ ਹੈ।



