ਟਰੰਪ ਵੱਲੋਂ ਮੁੜ ਟੈਰਿਫ ਲਗਾਉਣ ਦੀ ਤਿਆਰੀ, ਭਾਰਤ, ਚੀਨ ਅਤੇ ਯੂਰਪੀ ਸੰਘ ਸਮੇਤ 14 ਅਰਥਵਿਵਸਥਾਵਾਂ ਨਿਸ਼ਾਨੇ ’ਤੇ


ਆਕਲੈਂਡ (NZ Punjabi News) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੀ ਵਪਾਰਕ ਨੀਤੀ ਤਹਿਤ ਦੁਨੀਆ ਦੀਆਂ 14 ਅਰਥਵਿਵਸਥਾਵਾਂ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ ਨਵੇਂ ਟੈਰਿਫ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਇਨ੍ਹਾਂ ਵਿੱਚ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਯੂਰਪੀ ਸੰਘ ਸਮੇਤ ਕਈ ਪ੍ਰਮੁੱਖ ਵਪਾਰਕ ਭਾਈਵਾਲ ਸ਼ਾਮਲ ਹਨ। ਅਮਰੀਕੀ ਸੁਪਰੀਮ ਕੋਰਟ ਵੱਲੋਂ ਐਮਰਜੈਂਸੀ ਆਰਥਿਕ ਅਧਿਕਾਰਾਂ ਤਹਿਤ ਟੈਰਿਫ ਲਗਾਉਣ ਦੀਆਂ ਸ਼ਕਤੀਆਂ ਨੂੰ ਸੀਮਤ ਕੀਤੇ ਜਾਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਹੁਣ ਇੱਕ ਵੱਖਰੇ ਕਾਨੂੰਨੀ ਰਸਤੇ ਰਾਹੀਂ ਆਪਣੀ ਵਪਾਰਕ ਨੀਤੀ ਨੂੰ ਅੱਗੇ ਵਧਾ ਰਿਹਾ ਹੈ।

ਇਸ ਵਾਰ ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ (USTR) ਵੱਲੋਂ 1974 ਦੇ ਵਪਾਰ ਕਾਨੂੰਨ ਦੀ ਧਾਰਾ 301 ਦਾ ਸਹਾਰਾ ਲਿਆ ਜਾ ਰਿਹਾ ਹੈ। ਨਵੀਂ ਕਾਰਵਾਈ ਦੇ ਦਾਇਰੇ ਵਿੱਚ ਚੀਨ, ਯੂਰਪੀ ਸੰਘ, ਸਿੰਗਾਪੁਰ, ਸਵਿਟਜ਼ਰਲੈਂਡ, ਇੰਡੋਨੇਸ਼ੀਆ, ਮਲੇਸ਼ੀਆ, ਕੰਬੋਡੀਆ, ਥਾਈਲੈਂਡ, ਦੱਖਣੀ ਕੋਰੀਆ, ਵੀਅਤਨਾਮ, ਤਾਇਵਾਨ, ਬੰਗਲਾਦੇਸ਼, ਜਾਪਾਨ ਅਤੇ ਭਾਰਤ ਸ਼ਾਮਲ ਹਨ। ਅਮਰੀਕਾ ਦਾ ਦਾਅਵਾ ਹੈ ਕਿ ਕੁਝ ਦੇਸ਼ਾਂ ਵਿੱਚ ਸਰਕਾਰੀ ਸਹਾਇਤਾ ਅਤੇ ਉਦਯੋਗਿਕ ਸਬਸਿਡੀਆਂ ਕਾਰਨ ਮੰਗ ਤੋਂ ਵੱਧ ਉਤਪਾਦਨ ਹੋ ਰਿਹਾ ਹੈ, ਜਿਸ ਨਾਲ ਅਮਰੀਕੀ ਨਿਰਮਾਤਾਵਾਂ ਨੂੰ ਨੁਕਸਾਨ ਪਹੁੰਚਦਾ ਹੈ। ਦੂਜੇ ਪਾਸੇ ਚੀਨ ਪਹਿਲਾਂ ਵੀ ਅਜਿਹੇ ਦੋਸ਼ਾਂ ਨੂੰ ਰੱਦ ਕਰ ਚੁੱਕਾ ਹੈ।

ਨਵੀਆਂ ਤਜਵੀਜ਼ਾਂ ਤਹਿਤ ਭਾਰਤ ’ਤੇ 25 ਫ਼ੀਸਦੀ ਤੱਕ ਟੈਰਿਫ ਲਗਾਇਆ ਜਾ ਸਕਦਾ ਹੈ। ਹਾਲਾਂਕਿ ਅਮਰੀਕਾ ਨਾਲ ਵਪਾਰਕ ਸਮਝੌਤਾ ਹੋਣ ਅਤੇ ਉਸ ਦੀਆਂ ਚਿੰਤਾਵਾਂ ਦੂਰ ਕੀਤੇ ਜਾਣ ਦੀ ਸੂਰਤ ਵਿੱਚ ਇਹ ਦਰ 17 ਫ਼ੀਸਦੀ ਤੱਕ ਘਟ ਸਕਦੀ ਹੈ। ਜਾਪਾਨ ਅਤੇ ਯੂਰਪੀ ਸੰਘ ’ਤੇ ਲਗਭਗ 15 ਫ਼ੀਸਦੀ, ਇੰਡੋਨੇਸ਼ੀਆ ’ਤੇ 18 ਫ਼ੀਸਦੀ ਅਤੇ ਵੀਅਤਨਾਮ ’ਤੇ 35 ਫ਼ੀਸਦੀ ਤੱਕ ਟੈਰਿਫ ਲਗਾਉਣ ਦੀ ਤਜਵੀਜ਼ ਹੈ। ਵਪਾਰਕ ਸਮਝੌਤਾ ਹੋਣ ਦੀ ਸੂਰਤ ਵਿੱਚ ਵੀਅਤਨਾਮ ਲਈ ਇਹ ਦਰ 20 ਫ਼ੀਸਦੀ ਹੋ ਸਕਦੀ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਚੀਨ ਦੀਆਂ ਕੁਝ ਦਰਾਮਦੀ ਵਸਤਾਂ ’ਤੇ ਵਾਧੂ ਟੈਰਿਫ ਦੀ ਦਰ 20 ਫ਼ੀਸਦੀ ਤੱਕ ਸੀਮਤ ਰਹਿ ਸਕਦੀ ਹੈ, ਪਰ ਪਹਿਲਾਂ ਤੋਂ ਲਾਗੂ ਟੈਰਿਫਾਂ ਕਾਰਨ ਕੁੱਲ ਦਰ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਫ਼ੈਸਲਾ ਦਿੱਤਾ ਸੀ ਕਿ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਸਬੰਧੀ ਕਾਨੂੰਨ ਰਾਸ਼ਟਰਪਤੀ ਨੂੰ ਟੈਰਿਫ ਲਗਾਉਣ ਦਾ ਅਧਿਕਾਰ ਨਹੀਂ ਦਿੰਦਾ। ਹੁਣ ਟਰੰਪ ਪ੍ਰਸ਼ਾਸਨ ਧਾਰਾ 301 ਤਹਿਤ ਵਿਦੇਸ਼ੀ ਵਪਾਰਕ ਨੀਤੀਆਂ ਦੀ ਜਾਂਚ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਅਧਿਕਾਰਾਂ ਦੀ ਵਰਤੋਂ ਕਰ ਰਿਹਾ ਹੈ। ਨਵੇਂ ਟੈਰਿਫ ਤੁਰੰਤ ਲਾਗੂ ਨਹੀਂ ਹੋਣਗੇ। ਅੰਤਿਮ ਫ਼ੈਸਲੇ ਤੋਂ ਪਹਿਲਾਂ 25 ਜਨਵਰੀ ਨੂੰ ਜਨਤਕ ਸੁਣਵਾਈ ਵੀ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ ਦੇ ਹਵਾਈ ਜਹਾਜ਼ਾਂ ਅਤੇ ਕੁਝ ਖੰਡ ਉਤਪਾਦਾਂ ’ਤੇ ਵੱਖਰੇ ਤੌਰ ’ਤੇ ਵਾਧੂ ਟੈਰਿਫ ਲਗਾਉਣ ਦੀ ਤਜਵੀਜ਼ ਵੀ ਪੇਸ਼ ਕੀਤੀ ਗਈ ਹੈ।

ਅਮਰੀਕਾ ਵਿੱਚ ਹਾਲ ਹੀ ਦੀਆਂ ਮੱਧਕਾਲੀ ਚੋਣਾਂ ਦੌਰਾਨ ਵੀ ਟੈਰਿਫ ਅਤੇ ਦਰਾਮਦੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਵੱਡਾ ਸਿਆਸੀ ਮੁੱਦਾ ਰਹੀਆਂ ਹਨ। ਚੋਣਾਂ ਤੋਂ ਬਾਅਦ ਕਰਵਾਏ ਗਏ ਰਾਇਟਰਜ਼/ਇਪਸੋਸ ਸਰਵੇਖਣ ਵਿੱਚ 62 ਫ਼ੀਸਦੀ ਉੱਤਰਦਾਤਾਵਾਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਪਹਿਲਾਂ ਲਗਾਏ ਗਏ ਟੈਰਿਫਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ। ਦੂਜੇ ਪਾਸੇ ਟਰੰਪ ਦਾ ਕਹਿਣਾ ਹੈ ਕਿ ਅਮਰੀਕੀ ਉਦਯੋਗਾਂ ਦੀ ਸੁਰੱਖਿਆ ਅਤੇ ਵਿਦੇਸ਼ੀ ਉਤਪਾਦਨ ’ਤੇ ਨਿਰਭਰਤਾ ਘਟਾਉਣ ਲਈ ਟੈਰਿਫ ਜ਼ਰੂਰੀ ਹਨ। ਫਿਲਹਾਲ ਨਵੀਆਂ ਦਰਾਂ ਸਿਰਫ਼ ਤਜਵੀਜ਼ਾਂ ਹਨ ਅਤੇ ਇਨ੍ਹਾਂ ਨੂੰ ਅੰਤਿਮ ਮਨਜ਼ੂਰੀ ਮਿਲਣੀ ਬਾਕੀ ਹੈ।

Share it :
error: Content is protected !!