
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ 25 ਸਾਲਾ ਕਾਰੋਬਾਰੀ ਮਹਿਲਾ ਜਾਰਜੀਆ ਵੈਡਿੰਗਟਨ (Georgia Waddington) ਨੇ ਦੁਨੀਆ ਦੇ ਵੱਕਾਰੀ ਸੁੰਦਰਤਾ ਮੁਕਾਬਲੇ ਮਿਸ ਯੂਨੀਵਰਸ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਪਿਊਰਟੋ ਰੀਕੋ ਵਿੱਚ ਕਰਵਾਏ ਗਏ 75ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਜਾਰਜੀਆ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਨਿਊਜ਼ੀਲੈਂਡ ਲਈ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਜ਼ਿਕਰਯੋਗ ਹੈ ਕਿ ਸਾਲ 1983 ਵਿੱਚ ਲੋਰੇਨ ਡਾਊਨਜ਼ (Lorraine Downes) ਨੇ ਨਿਊਜ਼ੀਲੈਂਡ ਲਈ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਸੀ।
ਇਸ ਸਾਲ ਦੇ ਮੁਕਾਬਲੇ ਵਿੱਚ ਦੁਨੀਆ ਭਰ ਤੋਂ 116 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਜਾਰਜੀਆ ਨੇ ਪਹਿਲਾਂ ਚੋਟੀ ਦੀਆਂ 30 ਅਤੇ ਫਿਰ 12 ਪ੍ਰਤੀਯੋਗੀਆਂ ਵਿੱਚ ਆਪਣੀ ਜਗ੍ਹਾ ਬਣਾਈ। ਇਸ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਹ ਅੰਤਿਮ ਪੰਜ ਪ੍ਰਤੀਯੋਗੀਆਂ ਵਿੱਚ ਸ਼ਾਮਲ ਹੋ ਗਈ। ਮੇਜ਼ਬਾਨ ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੇ ਮਿਸ ਯੂਨੀਵਰਸ 2026 ਦਾ ਤਾਜ ਆਪਣੇ ਨਾਮ ਕੀਤਾ, ਜਦਕਿ ਡੋਮਿਨਿਕਨ ਰਿਪਬਲਿਕ ਦੀ ਮੇਲਿਸਾ ਨੂਨੇਜ਼ ਦੂਜੇ, ਵੈਨੇਜ਼ੁਏਲਾ ਦੀ ਕਲਾਰਾ ਵੇਗਾਸ ਤੀਜੇ ਅਤੇ ਫਿਲੀਪੀਨਜ਼ ਦੀ ਬੀਅਟ੍ਰਿਸ ਮਿਲਾਨ-ਵਿੰਡੋਰਸਕੀ ਚੌਥੇ ਸਥਾਨ ’ਤੇ ਰਹੀ।
ਜਾਰਜੀਆ ਸੁੰਦਰਤਾ ਮੁਕਾਬਲਿਆਂ ਤੋਂ ਇਲਾਵਾ ਇੱਕ ਉੱਦਮੀ ਵਜੋਂ ਵੀ ਆਪਣੀ ਪਛਾਣ ਬਣਾ ਚੁੱਕੀ ਹੈ। ਉਹ ਕ੍ਰਾਈਸਟਚਰਚ ਵਿੱਚ ਡਿਜੀਟਲ ਮਾਰਕੀਟਿੰਗ ਦਾ ਕਾਰੋਬਾਰ ਚਲਾਉਂਦੀ ਹੈ। ਅੰਤਰਰਾਸ਼ਟਰੀ ਮੁਕਾਬਲੇ ਦੀ ਤਿਆਰੀ ਲਈ ਉਸ ਨੇ ਆਸਟ੍ਰੇਲੀਆ ਅਤੇ ਫਿਲੀਪੀਨਜ਼ ਵਿੱਚ ਵਿਸ਼ੇਸ਼ ਸਿਖਲਾਈ ਹਾਸਲ ਕੀਤੀ। ਇਸ ਦੌਰਾਨ ਉਸ ਨੇ ਜਨਤਕ ਮੰਚ ’ਤੇ ਬੋਲਣ ਅਤੇ ਰੈਂਪ ਵਾਕ ਕਰਨ ਦੀ ਸਿਖਲਾਈ ਵੀ ਲਈ। ਜੁਲਾਈ 2026 ਵਿੱਚ ਉਸ ਨੇ ਮਿਸ ਯੂਨੀਵਰਸ ਨਿਊਜ਼ੀਲੈਂਡ ਦਾ ਖ਼ਿਤਾਬ ਜਿੱਤਿਆ ਸੀ।
ਮੁਕਾਬਲੇ ਦੇ ਰਾਸ਼ਟਰੀ ਪਹਿਰਾਵੇ ਵਾਲੇ ਪੜਾਅ ਦੌਰਾਨ ਜਾਰਜੀਆ ਨੇ ਨਿਊਜ਼ੀਲੈਂਡ ਦੀ ਕੁਦਰਤੀ ਵਿਰਾਸਤ ਨੂੰ ਵੀ ਵਿਸ਼ਵ ਮੰਚ ’ਤੇ ਪੇਸ਼ ਕੀਤਾ। ਉਸ ਨੇ ਨਿਊਜ਼ੀਲੈਂਡ ਦੇ ਪ੍ਰਸਿੱਧ ਕੁਦਰਤੀ ਅਜੂਬੇ ‘ਪਿੰਕ ਐਂਡ ਵ੍ਹਾਈਟ ਟੈਰੇਸਿਜ਼’ (Pink and White Terraces) ਤੋਂ ਪ੍ਰੇਰਿਤ ਇੱਕ ਵਿਸ਼ੇਸ਼ ਪਹਿਰਾਵਾ ਪਹਿਨਿਆ। ਇਹ ਕੁਦਰਤੀ ਅਜੂਬਾ ਸਾਲ 1886 ਵਿੱਚ ਮਾਊਂਟ ਟਾਰਾਵੇਰਾ ਜਵਾਲਾਮੁਖੀ ਦੇ ਵਿਸਫੋਟ ਦੌਰਾਨ ਤਬਾਹ ਹੋ ਗਿਆ ਸੀ।
1News ਦੀ ਰਿਪੋਰਟ ਅਨੁਸਾਰ ਇਸ ਤੋਂ ਪਹਿਲਾਂ ਸਾਲ 1992 ਵਿੱਚ ਨਿਊਜ਼ੀਲੈਂਡ ਦੀ ਲੀਜ਼ਾ ਮੈਰੀ ਡੀ ਮੋਂਟਾਲਕ ਨੇ ਮਿਸ ਯੂਨੀਵਰਸ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ। ਸਾਲ 1980 ਵਿੱਚ ਡਾਇਨਾ ਡੇਲੀਜ਼ ਨੌਟਲ ਨੇ ਤੀਜਾ ਸਥਾਨ ਹਾਸਲ ਕੀਤਾ ਸੀ, ਜਦਕਿ 1981 ਵਿੱਚ ਡੋਨੇਲਾ ਥੌਮਸਨ ਚੋਟੀ ਦੀਆਂ 12 ਪ੍ਰਤੀਯੋਗੀਆਂ ਵਿੱਚ ਸ਼ਾਮਲ ਹੋਈ ਸੀ। ਹੁਣ 34 ਸਾਲਾਂ ਬਾਅਦ ਜਾਰਜੀਆ ਦੀ ਇਹ ਪ੍ਰਾਪਤੀ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲਿਆਂ ਵਿੱਚ ਨਿਊਜ਼ੀਲੈਂਡ ਲਈ ਇੱਕ ਨਵਾਂ ਮੀਲ ਪੱਥਰ ਹੈ।



