
ਨਿਊਜ਼ੀਲੈਂਡ ਹੇਰਾਲਡ ਦੀ ਰਿਪੋਰਟ ਅਨੁਸਾਰ ਪੇਰੈਂਟਸ ਅਲਾਇੰਸ ਦੀ ਕਾਰਜਕਾਰੀ ਨਿਰਦੇਸ਼ਕ ਆਨਿਆ ਜ਼ੋਹਰਾਬ (Anya Zohrab) ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਕਾਲਜ ਦੇ ਦਾਖਲਾ ਮਾਪਦੰਡਾਂ ਸਬੰਧੀ ਕਥਿਤ ਬੇਨਿਯਮੀਆਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਵੱਲੋਂ ਇਹ ਦੋਸ਼ ਵੀ ਲਗਾਏ ਗਏ ਹਨ ਕਿ ਕਾਲਜ ਦੇ ਸੀਨੀਅਰ ਸਟਾਫ਼ ਨੇ ਵਿਦਿਆਰਥੀਆਂ ਦੇ ਅੰਕਾਂ ਵਿੱਚ ਤਬਦੀਲੀਆਂ ਕੀਤੀਆਂ ਸਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਜੇ ਤੱਕ NZQA ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। NZQA ਨੇ ਜਾਂਚ ਚੱਲ ਰਹੀ ਹੋਣ ਦੀ ਪੁਸ਼ਟੀ ਕੀਤੀ ਹੈ, ਪਰ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਇਸ ਦੇ ਵੇਰਵੇ ਜਨਤਕ ਕਰਨ ਤੋਂ ਇਨਕਾਰ ਕੀਤਾ ਹੈ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੀਜ਼ਾ ਨਿਰਦੇਸ਼ਕ ਸੀਲੀਆ ਕੂਮਜ਼ (Celia Coombes) ਨੇ ਹੇਰਾਲਡ ਨੂੰ ਦੱਸਿਆ ਕਿ ਵੀਜ਼ਾ ਫ਼ੈਸਲਿਆਂ ਦੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਲਈ ਸਾਵਧਾਨੀ ਵਜੋਂ ਇਹ ਰੋਕ ਲਗਾਈ ਗਈ ਹੈ। ਇਮੀਗ੍ਰੇਸ਼ਨ ਨਿਯਮਾਂ ਅਨੁਸਾਰ ਜੇਕਰ ਕਿਸੇ ਵਿੱਦਿਅਕ ਸੰਸਥਾ ਵੱਲੋਂ ਨਿਯਮਾਂ ਦੀ ਸੰਭਾਵਿਤ ਉਲੰਘਣਾ ਸਬੰਧੀ ਇਮੀਗ੍ਰੇਸ਼ਨ ਵਿਭਾਗ ਜਾਂ ਸਿੱਖਿਆ ਰੈਗੂਲੇਟਰ ਵੱਲੋਂ ਜਾਂਚ ਕੀਤੀ ਜਾ ਰਹੀ ਹੋਵੇ ਤਾਂ ਉਸ ਸੰਸਥਾ ਨਾਲ ਸਬੰਧਤ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਰੋਕੀ ਜਾ ਸਕਦੀ ਹੈ। ਸੰਸਥਾ ਵੱਲੋਂ ਆਪਣੀਆਂ ਕਾਨੂੰਨੀ ਅਤੇ ਨਿਯਮਕ ਜ਼ਿੰਮੇਵਾਰੀਆਂ ਦੀ ਪਾਲਣਾ ਕੀਤੇ ਜਾਣ ਬਾਰੇ ਸੰਤੁਸ਼ਟੀ ਹੋਣ ਉਪਰੰਤ ਵੀਜ਼ਾ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾ ਸਕਦੀ ਹੈ।
ਦੂਜੇ ਪਾਸੇ ਨਿਊਜ਼ੀਲੈਂਡ ਟਰਸ਼ਰੀ ਕਾਲਜ ਨੇ ਕਿਹਾ ਹੈ ਕਿ ਉਹ NZQA ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਚੁੱਕਿਆ ਗਿਆ ਇਹ ਕਦਮ ਸਿਰਫ਼ ਸਾਵਧਾਨੀ ਵਜੋਂ ਹੈ। ਇਸ ਨੂੰ ਜਾਂਚ ਦੇ ਅੰਤਿਮ ਨਤੀਜੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਕਾਲਜ ਵਿੱਚ ਪੜ੍ਹਾਈ, ਪ੍ਰੈਕਟੀਕਲ ਸਿਖਲਾਈ ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹਾਇਤਾ ਸੇਵਾਵਾਂ ਪਹਿਲਾਂ ਵਾਂਗ ਜਾਰੀ ਹਨ। ਕਾਲਜ ਵੱਲੋਂ ਪ੍ਰਭਾਵਿਤ ਵੀਜ਼ਾ ਬਿਨੈਕਾਰਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਅਤੇ ਆਪਣੀਆਂ ਅਰਜ਼ੀਆਂ ਵਾਪਸ ਲੈਣ ਦਾ ਫ਼ੈਸਲਾ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਕੋਲ ਜਮ੍ਹਾਂ ਕਰਵਾਈ ਗਈ ਪੂਰੀ ਫੀਸ ਵਾਪਸ ਕਰਨ ਦੀ ਗੱਲ ਕਹੀ ਗਈ ਹੈ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਟਰਸ਼ਰੀ ਕਾਲਜ ਮੁੱਖ ਤੌਰ ’ਤੇ ਛੋਟੇ ਬੱਚਿਆਂ ਦੀ ਸਿੱਖਿਆ (Early Childhood Education) ਅਤੇ ਅਧਿਆਪਕਾਂ ਦੀ ਸਿਖਲਾਈ ਨਾਲ ਸਬੰਧਤ ਕੋਰਸ ਕਰਵਾਉਂਦਾ ਹੈ। ਇਸ ਦੇ ਕੈਂਪਸ ਆਕਲੈਂਡ, ਕ੍ਰਾਈਸਟਚਰਚ, ਹੈਮਿਲਟਨ ਅਤੇ ਵੈਲਿੰਗਟਨ ਵਿੱਚ ਹਨ, ਜਿੱਥੇ ਸਰਟੀਫਿਕੇਟ ਤੋਂ ਲੈ ਕੇ ਪੋਸਟ ਗ੍ਰੈਜੂਏਟ ਪੱਧਰ ਤੱਕ ਦੇ ਕੋਰਸ ਕਰਵਾਏ ਜਾਂਦੇ ਹਨ। ਕਾਲਜ ਨੂੰ ਸਰਕਾਰੀ ਫੰਡਿੰਗ ਪ੍ਰਦਾਨ ਕਰਨ ਵਾਲੇ ਟਰਸ਼ਰੀ ਐਜੂਕੇਸ਼ਨ ਕਮਿਸ਼ਨ (TEC) ਨੇ ਵੀ ਕਿਹਾ ਹੈ ਕਿ ਉਹ ਕੋਈ ਹੋਰ ਟਿੱਪਣੀ ਕਰਨ ਤੋਂ ਪਹਿਲਾਂ NZQA ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰੇਗਾ। ਜੇਕਰ ਜਾਂਚ ਉਪਰੰਤ ਕੋਈ ਨਿਯਮਕ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ ਤਾਂ ਕਮਿਸ਼ਨ ਵੱਲੋਂ ਵਿਦਿਆਰਥੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।



