ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਸਕਿੱਲਡ ਮਾਈਗ੍ਰੈਂਟ ਕੈਟਾਗਰੀ ਰੈਜ਼ੀਡੈਂਟ ਵੀਜ਼ਿਆਂ ਦੀ ਪ੍ਰੋਸੈਸਿੰਗ ਵਿੱਚ ਵੱਡਾ ਬਦਲਾਅ, 30 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

ਆਕਲੈਂਡ (NZ Punjabi News) – ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਨੇ ਸਕਿੱਲਡ ਮਾਈਗ੍ਰੈਂਟ ਕੈਟਾਗਰੀ (SMC) ਰੈਜ਼ੀਡੈਂਟ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦੇਣ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਹੈ। ਇਹ ਤਬਦੀਲੀਆਂ 30 ਨਵੰਬਰ 2026 ਤੋਂ ਲਾਗੂ ਹੋਣਗੀਆਂ। ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਸ ਫ਼ੈਸਲੇ ਦਾ ਮਕਸਦ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ, ਸੰਭਾਵਿਤ ਜੋਖਮਾਂ ਦੀ ਬਿਹਤਰ ਪਛਾਣ ਕਰਨਾ ਅਤੇ ਕਾਰਜਕੁਸ਼ਲਤਾ ਵਧਾਉਣਾ ਹੈ।

ਨਵੇਂ ਨਿਯਮਾਂ ਤਹਿਤ ਨਿਊਜ਼ੀਲੈਂਡ ਵਿੱਚ ਫੁੱਲ-ਟਾਈਮ ਪੜ੍ਹਾਈ ਕਰਕੇ ਹਾਸਲ ਕੀਤੀ ਮਾਸਟਰਜ਼ ਜਾਂ ਡਾਕਟਰੇਟ ਡਿਗਰੀ, ਕਿੱਤਾਮੁਖੀ ਰਜਿਸਟ੍ਰੇਸ਼ਨ (Occupational Registration) ਜਾਂ ਮੌਜੂਦਾ ਮੀਡੀਅਨ ਵੇਜ ਤੋਂ ਤਿੰਨ ਗੁਣਾ ਤਨਖ਼ਾਹ ਦੇ ਆਧਾਰ ’ਤੇ 6 ਪੁਆਇੰਟ ਹਾਸਲ ਕਰਨ ਵਾਲੇ ਬਿਨੈਕਾਰਾਂ ਦੀਆਂ ਅਰਜ਼ੀਆਂ ਨੂੰ ਹੁਣ ਵਿਸ਼ੇਸ਼ ਤਰਜੀਹ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਗ੍ਰੀਨ ਲਿਸਟ ਦੇ ਟੀਅਰ-1 (Tier 1 Green List) ਵਿੱਚ ਸ਼ਾਮਲ ਕਿੱਤਿਆਂ ਨਾਲ ਸਬੰਧਤ ਅਰਜ਼ੀਆਂ ਨੂੰ ਪਹਿਲਾਂ ਵਾਂਗ ਤਰਜੀਹ ਮਿਲਦੀ ਰਹੇਗੀ। ਇਨ੍ਹਾਂ ਵਿੱਚ ਡਾਕਟਰ, ਨਰਸ ਪ੍ਰੈਕਟੀਸ਼ਨਰ ਅਤੇ ਇੰਜੀਨੀਅਰ ਵਰਗੇ ਕਿੱਤੇ ਸ਼ਾਮਲ ਹਨ।

ਇਮੀਗ੍ਰੇਸ਼ਨ ਨਿਊਜ਼ੀਲੈਂਡ ਅਨੁਸਾਰ ਇਸ ਸਾਲ ਅਗਸਤ ਤੋਂ ਰੈਜ਼ੀਡੈਂਟ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਵਿੱਦਿਅਕ ਯੋਗਤਾ ਦੇ ਆਧਾਰ ’ਤੇ 6 ਪੁਆਇੰਟ ਹਾਸਲ ਕਰਨ ਵਾਲੇ ਬਿਨੈਕਾਰਾਂ ਦੀ ਗਿਣਤੀ ਵੀ ਵਧੀ ਹੈ। ਪੁਆਇੰਟ ਆਧਾਰਿਤ ਪ੍ਰਣਾਲੀ ਤਹਿਤ ਪ੍ਰਾਪਤ ਹੋਣ ਵਾਲੀਆਂ ਕੁੱਲ ਅਰਜ਼ੀਆਂ ਵਿੱਚੋਂ 44 ਫ਼ੀਸਦੀ ਅਰਜ਼ੀਆਂ ਅਜਿਹੇ ਬਿਨੈਕਾਰਾਂ ਦੀਆਂ ਹਨ, ਜੋ ਨਿਊਜ਼ੀਲੈਂਡ ਦੀ ਮਾਸਟਰਜ਼ ਡਿਗਰੀ ਦੇ ਆਧਾਰ ’ਤੇ 6 ਪੁਆਇੰਟਾਂ ਦਾ ਦਾਅਵਾ ਕਰ ਰਹੇ ਹਨ। ਵਿਭਾਗ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਵਧਦੀ ਗਿਣਤੀ ਕਾਰਨ ਇਨ੍ਹਾਂ ਸਾਰੀਆਂ ਅਰਜ਼ੀਆਂ ਨੂੰ ਤਰਜੀਹ ਦੇਣਾ ਹੁਣ ਵਿਹਾਰਕ ਨਹੀਂ ਰਿਹਾ।

ਨਵੀਂ ਪ੍ਰਣਾਲੀ ਤਹਿਤ ਇੱਕੋ ਕਿੱਤੇ, ਰੁਜ਼ਗਾਰਦਾਤਾ ਜਾਂ ਵਿੱਦਿਅਕ ਸੰਸਥਾ ਨਾਲ ਸਬੰਧਤ ਅਰਜ਼ੀਆਂ ਨੂੰ ਸਮੂਹਾਂ ਵਿੱਚ ਵੰਡ ਕੇ ਤਰਜੀਹ ਦਿੱਤੀ ਜਾਵੇਗੀ। ਸ਼ੁਰੂਆਤੀ ਪੜਾਅ ਵਿੱਚ ਇੱਕੋ ਕਿੱਤੇ ਨਾਲ ਸਬੰਧਤ ਪੰਜ ਜਾਂ ਇਸ ਤੋਂ ਵੱਧ ਅਰਜ਼ੀਆਂ ਨੂੰ ਇਕੱਠਿਆਂ ਪ੍ਰੋਸੈਸ ਕਰਨ ਲਈ ਪਹਿਲ ਦਿੱਤੀ ਜਾਵੇਗੀ। ਇਸ ਪ੍ਰਣਾਲੀ ਨਾਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਰਜ਼ੀਆਂ ਦੀ ਜਾਂਚ ਅਤੇ ਜਾਣਕਾਰੀ ਦੀ ਪੁਸ਼ਟੀ ਕਰਨ ਵਿੱਚ ਸਹੂਲਤ ਮਿਲੇਗੀ। ਉਦਾਹਰਨ ਵਜੋਂ, ਜੇਕਰ ਪੰਜ ਅਰਜ਼ੀਆਂ ਇੱਕੋ ਰੁਜ਼ਗਾਰਦਾਤਾ ਨਾਲ ਸਬੰਧਤ ਹਨ ਤਾਂ ਇਮੀਗ੍ਰੇਸ਼ਨ ਅਧਿਕਾਰੀ ਇੱਕ ਵਾਰ ਹੀ ਉਸ ਰੁਜ਼ਗਾਰਦਾਤਾ ਨਾਲ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਦੀ ਪੁਸ਼ਟੀ ਕਰ ਸਕਦਾ ਹੈ।

ਜਿਹੜੀਆਂ ਅਰਜ਼ੀਆਂ ਪਹਿਲਾਂ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੌਂਪੀਆਂ ਜਾ ਚੁੱਕੀਆਂ ਹਨ, ਉਨ੍ਹਾਂ ਦੀ ਜਾਂਚ ਪਹਿਲਾਂ ਵਾਂਗ ਜਾਰੀ ਰਹੇਗੀ। ਜਿਹੜੀਆਂ ਅਰਜ਼ੀਆਂ ਅਜੇ ਕਿਸੇ ਅਧਿਕਾਰੀ ਨੂੰ ਨਹੀਂ ਸੌਂਪੀਆਂ ਗਈਆਂ ਅਤੇ ਇੱਕੋ ਕਿੱਤੇ ਨਾਲ ਸਬੰਧਤ ਪੰਜ ਜਾਂ ਇਸ ਤੋਂ ਵੱਧ ਅਰਜ਼ੀਆਂ ਹਨ, ਉਨ੍ਹਾਂ ਨੂੰ ਸਮੂਹ ਬਣਾ ਕੇ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਬਾਕੀ ਅਰਜ਼ੀਆਂ ਨੂੰ ਅਜਿਹੇ ਸਮੂਹਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਉਡੀਕ ਕਰਨੀ ਪਵੇਗੀ।

Share it :
error: Content is protected !!