
ਪਟੀਸ਼ਨ ਪੇਸ਼ ਕਰਨ ਮੌਕੇ ਲੇਬਰ ਅਤੇ ਗ੍ਰੀਨ ਪਾਰਟੀ ਦੇ ਨੁਮਾਇੰਦੇ ਮੌਜੂਦ ਸਨ, ਪਰ ਸਿਆਸੀ ਚੰਦੇ ਦੀ ਹੱਦ ਤੈਅ ਕਰਨ ਨੂੰ ਸਰਕਾਰ ਬਣਾਉਣ ਸਬੰਧੀ ਗੱਲਬਾਤ ਦੀਆਂ ਆਪਣੀਆਂ ਮੁੱਖ ਸ਼ਰਤਾਂ ਵਿੱਚ ਸ਼ਾਮਲ ਕਰਨ ਵਾਲੀ ਅਪਰਚਿਊਨਿਟੀ (Opportunity) ਪਾਰਟੀ ਦਾ ਕੋਈ ਨੁਮਾਇੰਦਾ ਹਾਜ਼ਰ ਨਹੀਂ ਸੀ। RNZ ਦੀ ਰਿਪੋਰਟ ਅਨੁਸਾਰ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਪਾਰਟੀ ਦੀ ਅੰਦਰੂਨੀ ਮੀਟਿੰਗ ਕਾਰਨ ਉਹ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਅਤੇ ਇਸ ਲਈ ਉਨ੍ਹਾਂ ਵੱਲੋਂ ਮੁਆਫ਼ੀ ਵੀ ਭੇਜੀ ਗਈ ਸੀ।
ਐਕਸ਼ਨਸਟੇਸ਼ਨ ਦੀ ਡਾਇਰੈਕਟਰ ਕੈਸੀ ਹਾਰਟਨਡੋਰਪ (Kassie Hartendorp) ਨੇ ਕਿਹਾ ਕਿ ਲੋਕਤੰਤਰ ਵਿੱਚ ਕਿਸੇ ਵਿਅਕਤੀ ਦੀ ਵਿੱਤੀ ਸਮਰੱਥਾ ਉਸ ਨੂੰ ਦੂਜੇ ਨਾਗਰਿਕਾਂ ਨਾਲੋਂ ਵੱਧ ਸਿਆਸੀ ਪ੍ਰਭਾਵ ਹਾਸਲ ਕਰਨ ਦਾ ਅਧਿਕਾਰ ਨਹੀਂ ਦੇਣੀ ਚਾਹੀਦੀ। ਉਨ੍ਹਾਂ ਮੁਤਾਬਕ ਹਰ ਵੋਟਰ ਦੀ ਆਵਾਜ਼ ਨੂੰ ਬਰਾਬਰ ਮਹੱਤਤਾ ਮਿਲਣੀ ਚਾਹੀਦੀ ਹੈ। ਸੰਸਥਾ ਵੱਲੋਂ ਪਟੀਸ਼ਨ ਲਈ 10,000 ਦਸਤਖ਼ਤ ਇਕੱਠੇ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਨੂੰ ਪਾਰ ਕਰਦਿਆਂ 12,847 ਲੋਕਾਂ ਦਾ ਸਮਰਥਨ ਹਾਸਲ ਹੋਇਆ ਹੈ। ਸਿਆਸੀ ਚੰਦੇ ਦੀ ਹੱਦ ਤੈਅ ਕਰਨ ਦੀ ਸਿਫ਼ਾਰਸ਼ ਪਹਿਲਾਂ ਵੀ ਸੁਤੰਤਰ ਚੋਣ ਸਮੀਖਿਆ (Independent Electoral Review) ਵੱਲੋਂ ਕੀਤੀ ਜਾ ਚੁੱਕੀ ਹੈ।
ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਜੂਲੀ ਐਨ ਜੈਂਟਰ (Julie Anne Genter) ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਸਿਆਸੀ ਚੰਦਾ ਦੇਣ ਦਾ ਅਧਿਕਾਰ ਸਿਰਫ਼ ਵਿਅਕਤੀਆਂ ਤੱਕ ਸੀਮਤ ਹੋਵੇ ਅਤੇ ਕੰਪਨੀਆਂ ਵੱਲੋਂ ਸਿਆਸੀ ਚੰਦਾ ਦੇਣ ’ਤੇ ਰੋਕ ਲਗਾਈ ਜਾਵੇ। ਦੂਜੇ ਪਾਸੇ ਲੇਬਰ ਪਾਰਟੀ ਨੇ ਆਪਣੀ ਚੋਣ ਮੁਹਿੰਮ ਦੌਰਾਨ 30,000 ਡਾਲਰ ਦੀ ਹੱਦ ਤੈਅ ਕਰਨ ਦਾ ਵਾਅਦਾ ਨਹੀਂ ਕੀਤਾ ਸੀ, ਪਰ ਪਾਰਟੀ ਦੀ ਸੰਸਦ ਮੈਂਬਰ ਕੈਮਿਲਾ ਬੈਲਿਚ (Camilla Belich) ਨੇ ਕਿਹਾ ਕਿ ਲੇਬਰ ਇਸ ਪ੍ਰਸਤਾਵ ’ਤੇ ਵਿਚਾਰ ਕਰਨ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਆਗੂ ਕ੍ਰਿਸ ਹਿਪਕਿਨਜ਼ ਵੀ ਸੰਭਾਵਿਤ ਗੱਠਜੋੜ ਗੱਲਬਾਤ ਦੌਰਾਨ ਅਪਰਚਿਊਨਿਟੀ ਪਾਰਟੀ ਦੇ ਸਿਆਸੀ ਸੁਧਾਰਾਂ ਸਬੰਧੀ ਪ੍ਰਸਤਾਵਾਂ ’ਤੇ ਚਰਚਾ ਕਰਨ ਦੀ ਸੰਭਾਵਨਾ ਪ੍ਰਗਟਾ ਚੁੱਕੇ ਹਨ। ਲੇਬਰ ਨੇ ਆਪਣੀ ਚੋਣ ਮੁਹਿੰਮ ਦੌਰਾਨ ਤੀਜੀ ਧਿਰ ਵੱਲੋਂ ਚਲਾਈਆਂ ਜਾਣ ਵਾਲੀਆਂ ਚੋਣ ਮੁਹਿੰਮਾਂ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਸਾਬਕਾ ਮੰਤਰੀਆਂ ਵੱਲੋਂ ਲਾਬਿੰਗ ਨਾਲ ਜੁੜੇ ਅਹੁਦੇ ਸੰਭਾਲਣ ਤੋਂ ਪਹਿਲਾਂ ਲਾਜ਼ਮੀ ਉਡੀਕ ਮਿਆਦ ਤੈਅ ਕਰਨ ਵਰਗੇ ਸੁਧਾਰਾਂ ਦਾ ਵਾਅਦਾ ਕੀਤਾ ਸੀ।



