ਨਿਊਜ਼ੀਲੈਂਡ ਵਿੱਚ ਜੇਕਰ ਮੁੜ ਚੋਣਾਂ ਕਰਵਾਉਣੀਆਂ ਪਈਆਂ ਤਾਂ ਦੇਸ਼ ਨੂੰ ਕਿੰਨਾ ਖ਼ਰਚਾ ਆਵੇਗਾ?

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀਆਂ 2026 ਦੀਆਂ ਆਮ ਚੋਣਾਂ ਦੇ ਅੰਤਿਮ ਨਤੀਜਿਆਂ ਵਿੱਚ ਕਿਸੇ ਵੀ ਸਿਆਸੀ ਧਿਰ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਦੇਸ਼ ਵਿੱਚ ਮੁੜ ਚੋਣਾਂ ਕਰਵਾਉਣ ਦੀ ਸੰਭਾਵਨਾ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। 130 ਮੈਂਬਰੀ ਸੰਸਦ ਵਿੱਚ ਨੈਸ਼ਨਲ, ਐਕਟ ਅਤੇ ਨਿਊਜ਼ੀਲੈਂਡ ਫਸਟ ਕੋਲ ਕੁੱਲ 65 ਸੀਟਾਂ ਹਨ, ਜਦਕਿ ਲੇਬਰ, ਗ੍ਰੀਨਜ਼, ਤੇ ਪਾਤੀ ਮਾਓਰੀ ਅਤੇ ਆਪਰਚਿਊਨਿਟੀ ਪਾਰਟੀ ਦੀਆਂ ਕੁੱਲ ਸੀਟਾਂ ਵੀ 65 ਹਨ। ਦੋਵੇਂ ਧਿਰਾਂ ਬਹੁਮਤ ਤੋਂ ਇੱਕ ਸੀਟ ਪਿੱਛੇ ਹਨ। ਆਪਰਚਿਊਨਿਟੀ ਪਾਰਟੀ ਦੀ ਆਗੂ ਕਿਊਲੇ ਵੋਂਗ ਨੇ ਵੀ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਮੁੜ ਚੋਣਾਂ ਕਰਵਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।

ਅਜਿਹੇ ਵਿੱਚ ਵੱਡਾ ਸਵਾਲ ਇਹ ਹੈ ਕਿ ਜੇਕਰ ਨਿਊਜ਼ੀਲੈਂਡ ਵਿੱਚ ਦੁਬਾਰਾ ਆਮ ਚੋਣਾਂ ਕਰਵਾਉਣੀਆਂ ਪੈਂਦੀਆਂ ਹਨ ਤਾਂ ਸਰਕਾਰੀ ਖ਼ਜ਼ਾਨੇ ’ਤੇ ਕਿੰਨਾ ਵਾਧੂ ਬੋਝ ਪਵੇਗਾ? ਇਸ ਸਾਲ ਦੀਆਂ ਆਮ ਚੋਣਾਂ ਕਰਵਾਉਣ ’ਤੇ 180 ਮਿਲੀਅਨ ਡਾਲਰ (18 ਕਰੋੜ ਨਿਊਜ਼ੀਲੈਂਡ ਡਾਲਰ) ਖ਼ਰਚ ਹੋਏ ਹਨ। ਇਸ ਰਕਮ ਵਿੱਚ ਚੋਣ ਅਮਲੇ ਦੀਆਂ ਤਨਖ਼ਾਹਾਂ, ਸੰਚਾਰ, ਇਮਾਰਤਾਂ ਦੇ ਕਿਰਾਏ, ਛਪਾਈ ਅਤੇ ਡਾਕ ਸੇਵਾਵਾਂ ਨਾਲ ਸਬੰਧਤ ਖ਼ਰਚੇ ਸ਼ਾਮਲ ਹਨ। ਇਹ ਫੰਡ ਚੋਣ ਕਮਿਸ਼ਨ ਵੱਲੋਂ ਨਿਆਂ ਮੰਤਰੀ ਨੂੰ ਭੇਜੀ ਗਈ ਮੰਗ ਦੇ ਆਧਾਰ ’ਤੇ ਬਜਟ ਵਿੱਚ ਨਿਰਧਾਰਤ ਕੀਤੇ ਗਏ ਸਨ।

ਨਿਊਜ਼ੀਲੈਂਡ ਦੇ ਮੁੱਖ ਚੋਣ ਅਧਿਕਾਰੀ ਕਾਰਲ ਲੀ ਕੇਸਨ (Karl Le Quesne) ਨੇ ਕਿਹਾ ਕਿ ਇਸ ਵੇਲੇ ਇਹ ਦੱਸਣਾ ਮੁਸ਼ਕਲ ਹੈ ਕਿ ਦੁਬਾਰਾ ਚੋਣਾਂ ਕਰਵਾਉਣ ’ਤੇ ਕਿੰਨਾ ਖ਼ਰਚਾ ਆਵੇਗਾ। ਉਨ੍ਹਾਂ ਅਨੁਸਾਰ ਇਹ ਖ਼ਰਚਾ ਚੋਣਾਂ ਕਰਵਾਉਣ ਲਈ ਉਪਲਬਧ ਸਮੇਂ ਅਤੇ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ’ਤੇ ਨਿਰਭਰ ਕਰੇਗਾ। ਚੋਣ ਮੁੱਖ ਦਫ਼ਤਰਾਂ ਅਤੇ ਪੋਲਿੰਗ ਕੇਂਦਰਾਂ ਲਈ ਇਮਾਰਤਾਂ ਦੇ ਕਿਰਾਏ ਸਬੰਧੀ ਨਵੇਂ ਸਮਝੌਤੇ ਕਰਨੇ ਪੈਣਗੇ। ਇਸ ਤੋਂ ਇਲਾਵਾ ਪੋਲਿੰਗ ਕੇਂਦਰਾਂ ਦੀ ਚੋਣ, ਚੋਣ ਸਮੱਗਰੀ ਦਾ ਪ੍ਰਬੰਧ ਅਤੇ ਸਟਾਫ਼ ਦੀ ਭਰਤੀ ਵੀ ਦੁਬਾਰਾ ਕਰਨੀ ਪਵੇਗੀ। ਇਨ੍ਹਾਂ ਸਾਰੇ ਕੰਮਾਂ ਲਈ ਫੰਡਾਂ ਦਾ ਪ੍ਰਬੰਧ ਕਰਨਾ ਲਾਜ਼ਮੀ ਹੋਵੇਗਾ।

ਓਟਾਗੋ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਐਂਡਰਿਊ ਗੈਡਿਸ (Andrew Geddis) ਅਨੁਸਾਰ ਮੁੜ ਚੋਣਾਂ ਕਰਵਾਉਣ ਦੀ ਸੂਰਤ ਵਿੱਚ ਸਰਕਾਰੀ ਖ਼ਰਚਿਆਂ ਲਈ ਫੰਡ ਮਨਜ਼ੂਰ ਕਰਨ ਵਾਸਤੇ ਸੰਸਦ ਵਿੱਚ ਐਮਰਜੈਂਸੀ ਐਪ੍ਰੋਪ੍ਰੀਏਸ਼ਨ ਬਿੱਲ ਪਾਸ ਕਰਨਾ ਪੈ ਸਕਦਾ ਹੈ। ਖ਼ਾਸ ਤੌਰ ’ਤੇ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਦੇ ਪ੍ਰਸਾਰਣ ਲਈ ਅਲਾਟ ਕੀਤੀ ਜਾਣ ਵਾਲੀ ਰਕਮ ਦਾ ਪ੍ਰਬੰਧ ਕਰਨਾ ਜ਼ਰੂਰੀ ਹੋਵੇਗਾ।

ਭਾਵੇਂ ਮੁੜ ਆਮ ਚੋਣਾਂ ਕਰਵਾਉਣਾ ਇੱਕ ਅਸਾਧਾਰਨ ਸਥਿਤੀ ਹੈ, ਪਰ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਇਜ਼ਰਾਈਲ ਵਿੱਚ ਅਪ੍ਰੈਲ 2019 ਦੀਆਂ ਚੋਣਾਂ ਤੋਂ ਬਾਅਦ ਗੱਠਜੋੜ ਸਰਕਾਰ ਬਣਾਉਣ ਵਿੱਚ ਅਸਫ਼ਲਤਾ ਕਾਰਨ ਦੋ ਵਾਰ ਹੋਰ ਚੋਣਾਂ ਕਰਵਾਉਣੀਆਂ ਪਈਆਂ ਸਨ। ਇਸੇ ਤਰ੍ਹਾਂ ਬੈਲਜੀਅਮ ਵਿੱਚ 2010 ਅਤੇ 2011 ਦੌਰਾਨ 500 ਦਿਨਾਂ ਤੋਂ ਵੀ ਵੱਧ ਸਮੇਂ ਤੱਕ ਨਵੀਂ ਸਰਕਾਰ ਦਾ ਗਠਨ ਨਹੀਂ ਹੋ ਸਕਿਆ ਸੀ। ਫਿਲਹਾਲ ਨਿਊਜ਼ੀਲੈਂਡ ਵਿੱਚ ਮੁੜ ਚੋਣਾਂ ਕਰਵਾਉਣ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ ਹੈ ਅਤੇ ਨਾ ਹੀ ਇਨ੍ਹਾਂ ਦੇ ਸੰਭਾਵਿਤ ਖ਼ਰਚੇ ਦਾ ਕੋਈ ਅਧਿਕਾਰਤ ਅੰਦਾਜ਼ਾ ਜਾਰੀ ਕੀਤਾ ਗਿਆ ਹੈ।

Share it :
error: Content is protected !!