ਬਜੁਰਗ ਮਹਿਲਾ ਨਾਲ ਹਜਾਰਾਂ ਡਾਲਰ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਪੰਜਾਬੀ ਨੌਜਵਾਨ ਨੇ ਦੋਸ਼ ਕੀਤੇ ਕਬੂਲ

New Zealandਆਕਲੈਂਡ (ਹਰਪ੍ਰੀਤ ਸਿੰਘ) – ਨਿਊਜ਼ੀਲੈਂਡ ਦੇ ਕੰਵਰਪਾਲ ਸਿੰਘ ਨੇ ਇੱਕ ਅੰਤਰਰਾਸ਼ਟਰੀ ਕਾਲ ਸੈਂਟਰ ਠੱਗੀ ਮਾਮਲੇ ਵਿੱਚ ਆਪਣਾ ਦੋਸ਼ ਕਬੂਲ ਕੀਤਾ ਹੈ, ਜਿਸ ਵਿੱਚ ਇੱਕ ਬਜ਼ੁਰਗ ਔਰਤ ਤੋਂ $17,000 ਤੋਂ ਵੱਧ ਰਕਮ ਠੱਗੀ ਗਈ ਸੀ। ਕੰਵਰਪਾਲ ਸਿੰਘ ਨੇ ਮਾਨੂਕਾਉ ਡਿਸਟ੍ਰਿਕਟ ਕੋਰਟ ਵਿੱਚ ਰਿਸੀਵਿੰਗ ਸਟੋਲਨ ਪ੍ਰਾਪਰਟੀ ਦੇ ਦੋਸ਼ ‘ਤੇ ਆਪਣੇ ਆਪ ਨੂੰ ਦੋਸ਼ੀ ਮੰਨ ਲਿਆ ਹੈ। ਉਸਦੀ ਸਜ਼ਾ ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ, 3 ਜੂਨ 2023 ਦੀ ਰਾਤ ਪਾਮਰਸਟਨ ਨਾਰਥ ਦੀ 80 ਸਾਲਾ ਔਰਤ ਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਆਈ। ਆਪਣੇ ਆਪ ਨੂੰ “ਐਪਲ” ਤੋਂ ਦੱਸਣ ਵਾਲੇ ਵਿਅਕਤੀ ਨੇ ਤਿੰਨ ਕਾਲਾਂ ‘ਚ ਉਸਨੂੰ ਦੋ ਸਾਫਟਵੇਅਰ ਡਾਊਨਲੋਡ ਕਰਵਾਏ, ਜਿਨ੍ਹਾਂ ਰਾਹੀਂ ਉਸਦਾ ਬੈਂਕ ਖਾਤਾ ਖਾਲੀ ਕਰ ਦਿੱਤਾ ਗਿਆ। ਕੁੱਲ $17,450 ਵਿਚੋਂ ਲਗਭਗ $9,950 ਸਿੱਧਾ ਸਿੰਘ ਦੇ ਕੀਵੀਬੈਂਕ ਖਾਤੇ ਵਿੱਚ ਟਰਾਂਸਫਰ ਕੀਤਾ ਗਿਆ। ਉਸੇ ਰਾਤ ਉਸਨੇ ਆਕਲੈਂਡ ਦੇ ਮਾਂਗਰੇ ਇਲਾਕੇ ‘ਚ ਏਟੀਐਮ ਤੋਂ ਹਜ਼ਾਰਾਂ ਡਾਲਰ ਨਕਦ ਕੱਢੇ ਅਤੇ ਕੁਝ ਰਕਮ ਵਾਈਜ਼ ਅਕਾਉਂਟ ਅਤੇ ਕਰਿਪਟੋਕਰੰਸੀ ਵਿੱਚ ਵੀ ਟਰਾਂਸਫਰ ਕੀਤੀ।

ਪੁਲਿਸ ਦੇ ਪਿੱਛੇ ਪੈਣ ‘ਤੇ ਸਿੰਘ ਨੇ ਪਹਿਲਾਂ ਪੈਸਿਆਂ ਬਾਰੇ ਬੇਖ਼ਬਰ ਹੋਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਉਸਨੇ ਦੋਸ਼ ਕਬੂਲ ਕਰ ਲਿਆ।

ਪੀੜਤ ਬਜ਼ੁਰਗ ਔਰਤ ਨੇ ਕਿਹਾ ਕਿ ਉਹ ਅਸਲ ਵਿੱਚ ਐਪਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਗਲਤੀ ਨਾਲ ਠੱਗਾਂ ਦੀ ਚਾਲ ‘ਚ ਆ ਗਈ। ਉਸਦਾ ਕਹਿਣਾ ਹੈ ਕਿ ਲੋਕਾਂ ਨੂੰ ਅਣਜਾਣ ਕਾਲਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

ਆਕਲੈਂਡ ਦੀ ਫ਼ਾਇਨੈਂਸ਼ਲ ਕ੍ਰਾਈਮ ਯੂਨਿਟ ਦੇ ਡਿਟੈਕਟਿਵ ਸੀਨੀਅਰ ਸਰਜੰਟ ਕ੍ਰੇਗ ਬੋਲਟਨ ਨੇ ਕਿਹਾ ਕਿ ਠੱਗ ਅਕਸਰ ਬਜ਼ੁਰਗਾਂ ਨੂੰ ਟਾਰਗਟ ਕਰਦੇ ਹਨ ਅਤੇ ਉਨ੍ਹਾਂ ਨੂੰ ਕੰਪਿਊਟਰ ‘ਤੇ ਰਿਮੋਟ ਐਕਸੈਸ ਦੇਣ ਲਈ ਮਨਾਉਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਖਾਲੀ ਕਰਨਾ ਆਸਾਨ ਹੋ ਜਾਂਦਾ ਹੈ।

Share it :
error: Content is protected !!