ਆਕਲੈਂਡ (NZ Punjabi News) – ਪੰਜਾਬੀ ਮੂਲ ਦੇ ਵਿਦਿਆਰਥੀ ਅਮਨਜੋਤ ਸਿੰਘ ਨੇ ਨਿਊਜ਼ੀਲੈਂਡ ਵਿੱਚ ਕੌਮ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਹੇਸਟਿੰਗਜ਼ ਬੋਇਜ਼ ਹਾਈ ਸਕੂਲ ਦੇ Year 13 ਦੇ ਇਸ ਵਿਦਿਆਰਥੀ ਨੇ “Race Unity Speech Awards 2026” ਦਾ ਕੌਮੀ ਖਿਤਾਬ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਅਮਨਜੋਤ ਦਾ ਭਾਸ਼ਣ ਨਸਲਵਾਦ, ਪਛਾਣ ਅਤੇ ਲੋਕਾਂ ਨੂੰ ਦਿੱਖ ਤੋਂ ਉਪਰ ਉੱਠ ਕੇ ਸਮਝਣ ਦੇ ਸੰਦੇਸ਼ ‘ਤੇ ਆਧਾਰਿਤ ਸੀ। ਆਕਲੈਂਡ ਵਿੱਚ ਹੋਏ ਗ੍ਰੈਂਡ ਫਾਈਨਲ ਵਿੱਚ ਨਿਊਜ਼ੀਲੈਂਡ ਭਰ ਤੋਂ ਚੁਣੇ ਗਏ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਸਾਰੇ ਵਿਦਿਆਰਥੀ ਪਹਿਲਾਂ ਖੇਤਰੀ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਕੇ ਕੌਮੀ ਪੱਧਰ ਤੱਕ ਪਹੁੰਚੇ ਸਨ।
ਇਸ ਸਾਲ ਦੇ ਮੁਕਾਬਲੇ ਦਾ ਥੀਮ “Listening to Understand – Whakarongo kia mārama” ਸੀ, ਜਿਸਦਾ ਮਕਸਦ ਨਸਲੀ ਸਾਂਝ, ਵਿਭਿੰਨਤਾ ਅਤੇ ਸਮਾਜਿਕ ਇਕਤਾ ਬਾਰੇ ਨੌਜਵਾਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਪ੍ਰੇਰਿਤ ਕਰਨਾ ਸੀ। ਅਮਨਜੋਤ ਦੇ ਭਾਸ਼ਣ ਨੇ ਜੱਜਾਂ ਅਤੇ ਦਰਸ਼ਕਾਂ ‘ਤੇ ਡੂੰਘਾ ਪ੍ਰਭਾਵ ਛੱਡਿਆ। ਉਸ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਵੱਡੇ ਹੋ ਰਹੇ ਪਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਕਈ ਵਾਰ ਸਿਰਫ਼ ਉਨ੍ਹਾਂ ਦੀ ਦਿੱਖ, ਸਭਿਆਚਾਰ ਜਾਂ ਪਿਛੋਕੜ ਦੇ ਆਧਾਰ ‘ਤੇ ਜੱਜ ਕੀਤਾ ਜਾਂਦਾ ਹੈ। ਉਸ ਨੇ ਜ਼ੋਰ ਦਿੱਤਾ ਕਿ ਲੋਕਾਂ ਨੂੰ ਸਮਝਣ ਲਈ ਪਹਿਲਾਂ ਉਨ੍ਹਾਂ ਦੀ ਗੱਲ ਸੁਣਨੀ ਅਤੇ ਉਨ੍ਹਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।
ਇਹ ਮੁਕਾਬਲਾ ਹਰ ਸਾਲ New Zealand Bahá’í Community ਵੱਲੋਂ ਕਰਵਾਇਆ ਜਾਂਦਾ ਹੈ ਅਤੇ ਇਸਨੂੰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਯੂਥ ਪਲੇਟਫਾਰਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਨਸਲੀ ਸਾਂਝ ਅਤੇ ਸੱਭਿਆਚਾਰਕ ਸਮਝ ਨੂੰ ਉਤਸ਼ਾਹਿਤ ਕਰਦਾ ਹੈ। ਫਾਈਨਲ ਮੁਕਾਬਲੇ Ōtara, Auckland ਦੇ Ngā Kete Wānanga Marae ਵਿੱਚ ਕਰਵਾਏ ਗਏ, ਜਿੱਥੇ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਦੇ ਵਿਦਿਆਰਥੀ, ਅਧਿਆਪਕ ਅਤੇ ਕਮਿਊਨਿਟੀ ਮੈਂਬਰ ਇਕੱਠੇ ਹੋਏ।
ਅਮਨਜੋਤ ਦੀ ਜਿੱਤ ਤੋਂ ਬਾਅਦ ਨਿਊਜ਼ੀਲੈਂਡ ਭਰ ਤੋਂ ਉਸਨੂੰ ਵਧਾਈ ਸੰਦੇਸ਼ ਮਿਲ ਰਹੇ ਹਨ। ਕਈ ਲੋਕਾਂ ਨੇ ਇਸਨੂੰ ਪੰਜਾਬੀ ਭਾਈਚਾਰੇ ਲਈ ਮਾਣ ਵਾਲਾ ਪਲ ਦੱਸਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਅਮਨਜੋਤ ਨੇ ਰਾਸ਼ਟਰੀ ਮੰਚ ‘ਤੇ ਪੰਜਾਬੀ ਨੌਜਵਾਨਾਂ ਦੀ ਆਵਾਜ਼ ਨੂੰ ਭਰੋਸੇ ਨਾਲ ਪੇਸ਼ ਕਰਦੇ ਹੋਏ ਏਕਤਾ ਅਤੇ ਸਮਝਦਾਰੀ ਦਾ ਮਜ਼ਬੂਤ ਸੰਦੇਸ਼ ਦਿੱਤਾ ਹੈ। ਹਾਕਸ ਬੇ ਇਲਾਕੇ ਵਿੱਚ ਵੀ ਇਸ ਉਪਲਬਧੀ ਨੂੰ ਵੱਡੇ ਮਾਣ ਨਾਲ ਦੇਖਿਆ ਜਾ ਰਿਹਾ ਹੈ, ਜਿੱਥੇ ਸਥਾਨਕ ਲੋਕਾਂ ਨੇ ਅਮਨਜੋਤ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਸ ਨੇ ਆਪਣੇ ਸਕੂਲ ਅਤੇ ਕਮਿਊਨਿਟੀ ਨੂੰ ਕੌਮੀ ਪੱਧਰ ‘ਤੇ ਨਵੀਂ ਪਛਾਣ ਦਿਵਾਈ ਹੈ।




