ਆਕਲੈਂਡ (NZ Punjabi News): ਨਿਊਜ਼ੀਲੈਂਡ ਵਿੱਚ ਗੱਡੀ ਚਲਾਉਣ ਵਾਲਿਆਂ ਲਈ 1 ਅਕਤੂਬਰ ਤੋਂ ਇੱਕ ਨਵਾਂ ਸੜਕੀ ਨਿਯਮ ਲਾਗੂ ਹੋ ਗਿਆ ਹੈ। ਇਸ ਤਹਿਤ ਵਾਹਨ ਚਾਲਕਾਂ ਲਈ ਸਾਈਕਲ ਸਵਾਰਾਂ, ਘੋੜਸਵਾਰਾਂ ਅਤੇ ਸੜਕ ਦੀ ਵਰਤੋਂ ਕਰਨ ਵਾਲੇ ਹੋਰ ਸਬੰਧਤ ਲੋਕਾਂ ਨੂੰ ਓਵਰਟੇਕ ਕਰਦੇ ਸਮੇਂ ਘੱਟੋ-ਘੱਟ 1.5 ਮੀਟਰ ਦੀ ਦੂਰੀ ਰੱਖਣੀ ਲਾਜ਼ਮੀ ਕਰ ਦਿੱਤੀ ਗਈ ਹੈ। ਨਿਯਮ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਨੂੰ $300 ਦਾ ਜੁਰਮਾਨਾ ਹੋ ਸਕਦਾ ਹੈ, ਜਦਕਿ ਅਦਾਲਤ ਰਾਹੀਂ ਇਹ ਜੁਰਮਾਨਾ ਵੱਧ ਤੋਂ ਵੱਧ $1500 ਤੱਕ ਪਹੁੰਚ ਸਕਦਾ ਹੈ।ਹਾਲਾਂਕਿ ਨਵਾਂ ਨਿਯਮ ਲਾਗੂ ਹੋਣ ਦੇ ਨਾਲ ਹੀ ਇਸ ਨੂੰ ਅਮਲ ਵਿੱਚ ਲਿਆਉਣ ਦੀਆਂ ਮੁਸ਼ਕਲਾਂ ਵੀ ਸਾਹਮਣੇ ਆ ਗਈਆਂ ਹਨ। ਨਿਊਜ਼ੀਲੈਂਡ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਵਿਸ਼ੇਸ਼ ਉਪਕਰਨਾਂ ਤੋਂ ਬਿਨਾਂ ਇਹ ਸਾਬਤ ਕਰਨਾ ਮੁਸ਼ਕਲ ਹੋਵੇਗਾ ਕਿ ਕਿਸੇ ਵਾਹਨ ਚਾਲਕ ਨੇ ਓਵਰਟੇਕ ਕਰਦੇ ਸਮੇਂ 1.5 ਮੀਟਰ ਦੀ ਦੂਰੀ ਰੱਖੀ ਸੀ ਜਾਂ ਨਹੀਂ।
ਪੁਲਿਸ ਸੁਪਰਡੈਂਟ ਰਿਚਰਡ ਵਿਲਸਨ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਹਾਲਾਤ ਦੇ ਮੁਤਾਬਕ ਨਿਯਮ ਲਾਗੂ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀ ਇਹ ਫ਼ੈਸਲਾ ਕਰ ਸਕਣਗੇ ਕਿ ਡਰਾਈਵਰ ਨੂੰ ਨਿਯਮ ਬਾਰੇ ਸਮਝਾਉਣਾ ਠੀਕ ਰਹੇਗਾ ਜਾਂ ਉਸ ਖ਼ਿਲਾਫ਼ ਜੁਰਮਾਨੇ ਦੀ ਕਾਰਵਾਈ ਕਰਨੀ ਚਾਹੀਦੀ ਹੈ।
ਵਿਲਸਨ ਮੁਤਾਬਕ ਇਸ ਵੇਲੇ ਪੁਲਿਸ ਕੋਲ ਅਜਿਹਾ ਕੋਈ ਵਿਹਾਰਕ ਤਰੀਕਾ ਨਹੀਂ ਹੈ, ਜਿਸ ਨਾਲ ਓਵਰਟੇਕ ਕਰਨ ਸਮੇਂ ਦੋ ਵਾਹਨਾਂ ਵਿਚਕਾਰ ਰਹੀ ਦੂਰੀ ਨੂੰ ਸਬੂਤ ਵਜੋਂ ਸਹੀ ਢੰਗ ਨਾਲ ਮਾਪਿਆ ਜਾ ਸਕੇ।
ਦੂਜੇ ਪਾਸੇ, ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ (NZTA) ਨੇ ਵੀ ਮੰਨਿਆ ਹੈ ਕਿ ਨਵੇਂ ਨਿਯਮ ਨੂੰ ਲਾਗੂ ਕਰਵਾਉਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਏਜੰਸੀ ਅਨੁਸਾਰ ਦੂਰੀ ਮਾਪਣ ਲਈ ਵਿਸ਼ੇਸ਼ ਉਪਕਰਨਾਂ ਦੀ ਲੋੜ ਪਵੇਗੀ, ਪਰ ਫਿਲਹਾਲ ਅਜਿਹੇ ਉਪਕਰਨ ਖ਼ਰੀਦਣ ਦੀ ਕੋਈ ਯੋਜਨਾ ਨਹੀਂ ਹੈ।
NZTA ਦਾ ਕਹਿਣਾ ਹੈ ਕਿ ਪਹਿਲਾਂ ਵੀ ਡਰਾਈਵਰਾਂ ਲਈ ਸੁਰੱਖਿਅਤ ਢੰਗ ਨਾਲ ਓਵਰਟੇਕ ਕਰਨਾ ਜ਼ਰੂਰੀ ਸੀ, ਪਰ ਕਾਨੂੰਨ ਵਿੱਚ ਕੋਈ ਨਿਸ਼ਚਿਤ ਘੱਟੋ-ਘੱਟ ਦੂਰੀ ਤੈਅ ਨਹੀਂ ਸੀ। ਹੁਣ 1.5 ਮੀਟਰ ਦੀ ਦੂਰੀ ਲਾਜ਼ਮੀ ਹੋਣ ਨਾਲ ਡਰਾਈਵਰਾਂ ਨੂੰ ਸਪੱਸ਼ਟ ਤੌਰ ’ਤੇ ਪਤਾ ਹੋਵੇਗਾ ਕਿ ਉਨ੍ਹਾਂ ਤੋਂ ਕੀ ਉਮੀਦ ਕੀਤੀ ਜਾਂਦੀ ਹੈ।
ਏਜੰਸੀ ਮੁਤਾਬਕ ਇਸ ਨਿਯਮ ਦਾ ਮੁੱਖ ਮਕਸਦ ਸਾਈਕਲ ਸਵਾਰਾਂ, ਘੋੜਸਵਾਰਾਂ ਅਤੇ ਹੋਰ ਅਸੁਰੱਖਿਅਤ ਸੜਕ ਵਰਤੋਂਕਾਰਾਂ ਦੀ ਸੁਰੱਖਿਆ ਵਧਾਉਣਾ ਹੈ। ਹਾਲਾਂਕਿ ਇਸ ਨਾਲ ਸੜਕ ਹਾਦਸਿਆਂ ਜਾਂ ਮੌਤਾਂ ਵਿੱਚ ਕਿੰਨੀ ਕਮੀ ਆਵੇਗੀ, ਇਸ ਬਾਰੇ ਕੋਈ ਨਿਸ਼ਚਿਤ ਅਨੁਮਾਨ ਨਹੀਂ ਲਗਾਇਆ ਗਿਆ।
ਨਵੇਂ ਨਿਯਮ ਦੇ ਬਾਵਜੂਦ ਲਾਪਰਵਾਹੀ, ਖ਼ਤਰਨਾਕ ਜਾਂ ਬੇਪਰਵਾਹੀ ਨਾਲ ਗੱਡੀ ਚਲਾਉਣ ਸਬੰਧੀ ਮੌਜੂਦਾ ਕਾਨੂੰਨ ਵੀ ਲਾਗੂ ਰਹਿਣਗੇ। ਜੇਕਰ ਗਲਤ ਢੰਗ ਨਾਲ ਓਵਰਟੇਕ ਕਰਨ ਕਾਰਨ ਕੋਈ ਹਾਦਸਾ ਵਾਪਰਦਾ ਹੈ ਜਾਂ ਕਿਸੇ ਵਿਅਕਤੀ ਨੂੰ ਸੱਟ ਲੱਗਦੀ ਹੈ, ਤਾਂ ਡਰਾਈਵਰ ਖ਼ਿਲਾਫ਼ ਹੋਰ ਗੰਭੀਰ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਸੜਕ ’ਤੇ ਕੋਈ ਖ਼ਤਰਨਾਕ ਘਟਨਾ ਵਾਪਰ ਰਹੀ ਹੋਵੇ ਤਾਂ ਤੁਰੰਤ 111 ’ਤੇ ਸੰਪਰਕ ਕੀਤਾ ਜਾਵੇ, ਜਦਕਿ ਹੋਰ ਗੈਰ-ਐਮਰਜੈਂਸੀ ਮਾਮਲਿਆਂ ਦੀ ਜਾਣਕਾਰੀ 105 ’ਤੇ ਦਿੱਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ 1 ਅਕਤੂਬਰ ਤੋਂ ਲਾਗੂ ਹੋਏ ਸੜਕੀ ਨਿਯਮਾਂ ਵਿੱਚ ਬੱਸਾਂ ਨੂੰ ਰਸਤਾ ਦੇਣ, ਈ-ਸਕੂਟਰਾਂ ਦੀ ਵਰਤੋਂ ਅਤੇ ਬੱਚਿਆਂ ਦੇ ਸੜਕਾਂ ’ਤੇ ਚੱਲਣ ਸਬੰਧੀ ਨਿਯਮਾਂ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ।



