ਸਿਡਨੀ ’ਚ 3 ਸਾਲਾ ਬੱਚੀ ਦੀ ਕਾਰ ਹੇਠਾਂ ਆਉਣ ਨਾਲ ਮੌਤ, ਭਾਰਤੀ ਮੂਲ ਦਾ ਡਰਾਈਵਰ ਗ੍ਰਿਫਤਾਰਸਿਡਨੀ: ਆਸਟ੍ਰੇਲੀਆ ਦੇ ਸਿਡਨੀ ਦੇ ਪੱਛਮੀ ਇਲਾਕੇ Auburn ਵਿੱਚ ਇੱਕ ਤਿੰਨ ਸਾਲਾ ਬੱਚੀ ਦੀ ਕਾਰ ਦੀ ਟੱਕਰ ਲੱਗਣ ਤੋਂ ਬਾਅਦ ਮੌਤ ਹੋਣ ਦੇ ਮਾਮਲੇ ਵਿੱਚ 27 ਸਾਲਾ ਡਰਾਈਵਰ Sandip Adhikari ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਮੰਗਲਵਾਰ ਦੁਪਹਿਰ ਕਰੀਬ 2 ਵਜੇ ਬੱਚੀ Auburn ਦੀ Normanby Road ਸਥਿਤ ਇੱਕ ਘਰ ਦੇ ਸਾਂਝੇ ਡਰਾਈਵਵੇਅ ਵਿੱਚ ਮੌਜੂਦ ਸੀ, ਜਦੋਂ ਉਸਨੂੰ ਕਥਿਤ ਤੌਰ ’ਤੇ Adhikari ਵੱਲੋਂ ਚਲਾਈ ਜਾ ਰਹੀ ਕਾਰ ਨੇ ਟੱਕਰ ਮਾਰ ਦਿੱਤੀ।
ਘਟਨਾ ਤੋਂ ਬਾਅਦ ਐਮਰਜੈਂਸੀ ਕਰਮਚਾਰੀਆਂ ਨੇ ਬੱਚੀ ਦਾ ਮੌਕੇ ’ਤੇ ਇਲਾਜ ਕੀਤਾ ਅਤੇ ਗੰਭੀਰ ਹਾਲਤ ਵਿੱਚ Westmead Hospital ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਕਾਨੂੰਨੀ ਕਾਰਨਾਂ ਕਰਕੇ ਬੱਚੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
27 ਸਾਲਾ Sandip Adhikari Auburn ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਰਸੋਈਆ ਦੱਸਿਆ ਗਿਆ ਹੈ। ਉਹ ਬੁੱਧਵਾਰ ਨੂੰ Burwood Local Court ਵਿੱਚ ਪੇਸ਼ ਹੋਇਆ, ਜਿੱਥੇ ਉਸ ’ਤੇ negligent driving occasioning death ਦਾ ਦੋਸ਼ ਲਗਾਇਆ ਗਿਆ ਹੈ।
ਅਦਾਲਤ ਵਿੱਚ ਹੋਈ ਛੋਟੀ ਸੁਣਵਾਈ ਦੌਰਾਨ Adhikari ਵੱਲੋਂ ਕੋਈ plea ਦਰਜ ਨਹੀਂ ਕੀਤਾ ਗਿਆ। ਉਸਦੀ ਪੁਲਿਸ ਜ਼ਮਾਨਤ ਜਾਰੀ ਰੱਖੀ ਗਈ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 27 ਅਕਤੂਬਰ ਲਈ ਤੈਅ ਕੀਤੀ ਗਈ ਹੈ।
ਅਦਾਲਤ ਦੇ ਬਾਹਰ Adhikari ਦੇ ਵਕੀਲ Danny Eid ਨੇ ਇਸ ਮਾਮਲੇ ਨੂੰ “ਬਹੁਤ ਹੀ ਦੁਖਦਾਈ” ਦੱਸਦਿਆਂ ਕਿਹਾ ਕਿ ਉਸਦਾ ਮੁਅੱਕਲ ਬਹੁਤ ਤਣਾਅ ਵਿੱਚ ਹੈ ਅਤੇ ਮ੍ਰਿਤਕ ਬੱਚੀ ਦੇ ਪਰਿਵਾਰ ਲਈ ਚਿੰਤਤ ਹੈ।
ਵਕੀਲ ਮੁਤਾਬਕ Adhikari ਨੇ ਬੱਚੀ ਦੇ ਪਰਿਵਾਰ ਤੱਕ ਆਪਣਾ “ਡੂੰਘਾ ਦੁੱਖ” ਪਹੁੰਚਾਉਣ ਲਈ ਕਿਹਾ ਹੈ। ਉਸਨੇ ਕਿਹਾ ਕਿ ਇੱਕ ਸੁੰਦਰ ਨੰਨੀ ਬੱਚੀ ਨੂੰ ਗੁਆਉਣ ਵਾਲੇ ਪਰਿਵਾਰ ਲਈ ਉਸਦਾ ਮੁਅੱਕਲ ਬਹੁਤ ਦੁਖੀ ਹੈ।
ਹਾਦਸੇ ਵਿੱਚ Adhikari ਨੂੰ ਕੋਈ ਸੱਟ ਨਹੀਂ ਲੱਗੀ। ਅਦਾਲਤ ਵਿੱਚ ਘਟਨਾ ਦੇ ਹੋਰ ਵੇਰਵੇ ਸਾਹਮਣੇ ਨਹੀਂ ਲਿਆਂਦੇ ਗਏ ਅਤੇ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ।
ਪੁਲਿਸ ਨੇ ਇਸ ਘਟਨਾ ਸਬੰਧੀ ਜਾਂਚ ਜਾਰੀ ਰੱਖੀ ਹੋਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸੇ ਨਾਲ ਸਬੰਧਤ dashcam ਜਾਂ CCTV footage ਹੈ ਤਾਂ ਉਹ Auburn Police Area Command ਜਾਂ Crime Stoppers ਨਾਲ ਸੰਪਰਕ ਕਰਨ।



