
ਇਹ ਮਾਮਲਾ ਚੀਨੀ ਮੂਲ ਦੀ ਪ੍ਰਵਾਸੀ ਮਹਿਲਾ ਜਿੰਗ ਨਿਊ (Jing Niu) ਨਾਲ ਸਬੰਧਤ ਹੈ, ਜਿਸ ਨੇ ਮਈ 2023 ਵਿੱਚ ਆਕਲੈਂਡ ਦੇ ਇੱਕ ਕੇਅਰ ਹੋਮ ਵਿੱਚ ਕੰਮ ਸ਼ੁਰੂ ਕੀਤਾ ਸੀ। ਇਹ ਕੇਅਰ ਹੋਮ ਮੁੱਖ ਤੌਰ ’ਤੇ ਬਜ਼ੁਰਗ ਚੀਨੀ ਨਾਗਰਿਕਾਂ ਦੀ ਦੇਖਭਾਲ ਕਰਦਾ ਹੈ। ਸ਼ੁਰੂਆਤੀ ਰੁਜ਼ਗਾਰ ਇਕਰਾਰਨਾਮੇ ਮੁਤਾਬਕ ਨਿਊ ਨੂੰ ਘੱਟੋ-ਘੱਟ 30 ਘੰਟੇ ਹਫ਼ਤਾਵਾਰੀ ਕੰਮ ਅਤੇ $22.70 ਪ੍ਰਤੀ ਘੰਟਾ ਤਨਖਾਹ ਦਿੱਤੀ ਜਾਣੀ ਸੀ। ਪਰ ਨਵੰਬਰ 2023 ਤੋਂ ਕੇਅਰ ਹੋਮ ਨੇ ਉਸ ਨੂੰ ਸਿਰਫ਼ $20 ਪ੍ਰਤੀ ਘੰਟਾ ਨਕਦ ਦੇਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਸ ਨੂੰ ਤਨਖਾਹ ਦੀਆਂ Payslips ਵੀ ਨਹੀਂ ਦਿੱਤੀਆਂ ਗਈਆਂ।
ਨਵੰਬਰ 2023 ਦੇ ਆਸ-ਪਾਸ ਨਿਊ ਨੇ ਕੇਅਰ ਹੋਮ ਦੀ ਮੈਨੇਜਰ ਨੈਨਸੀ ਵਾਂਗ (Nancy Wang) ਨੂੰ ਸਰਕਾਰੀ ਕੇਅਰਗਿਵਰ ਟ੍ਰੇਨਿੰਗ ਪ੍ਰੋਗਰਾਮ ਤਹਿਤ Accredited Employer Work Visa (AEWV) ਲਈ ਮਦਦ ਕਰਨ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਉਸ ਦੇ ਨਵੇਂ Employment contract ਵਿੱਚ ਉਸ ਦਾ ਅਹੁਦਾ Health Care Assistant ਦਰਜ ਕੀਤਾ ਗਿਆ ਅਤੇ ਘੱਟੋ-ਘੱਟ 40 ਘੰਟੇ ਹਫ਼ਤਾਵਾਰੀ ਕੰਮ ਦੇ ਨਾਲ $29.66 ਪ੍ਰਤੀ ਘੰਟਾ ਤਨਖਾਹ ਤੈਅ ਕੀਤੀ ਗਈ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ 24 ਜੁਲਾਈ 2024 ਨੂੰ ਨਿਊ ਦਾ ਚਾਰ ਸਾਲਾਂ ਦਾ ਵਰਕ ਵੀਜ਼ਾ ਮਨਜ਼ੂਰ ਕਰ ਦਿੱਤਾ। ਇਸ ਤੋਂ ਬਾਅਦ 4 ਅਗਸਤ ਨੂੰ ਜਦੋਂ ਉਸ ਨੇ ਮੈਨੇਜਰ ਕੋਲ ਆਪਣੇ ਇਕਰਾਰਨਾਮੇ ਮੁਤਾਬਕ $29.66 ਪ੍ਰਤੀ ਘੰਟਾ ਤਨਖਾਹ ਅਤੇ ਤੈਅ ਕੀਤੇ ਕੰਮ ਦੇ ਘੰਟਿਆਂ ਬਾਰੇ ਪੁੱਛਿਆ ਤਾਂ ਮੈਨੇਜਰ ਨੇ ਕਿਹਾ ਕਿ ਕੇਅਰ ਹੋਮ ਇੰਨੀ ਤਨਖਾਹ ਅਤੇ ਇੰਨੇ ਘੰਟੇ ਦੇਣ ਦੀ ਸਮਰੱਥਾ ਨਹੀਂ ਰੱਖਦਾ। ਇਸ ਤੋਂ ਬਾਅਦ ਉਸ ਨੂੰ WeChat ਰਾਹੀਂ ਮੈਸੇਜ ਭੇਜ ਕੇ ਦੱਸ ਦਿੱਤਾ ਗਿਆ ਕਿ ਹੁਣ ਉਸ ਦੀਆਂ ਸੇਵਾਵਾਂ ਦੀ ਲੋੜ ਨਹੀਂ ਹੈ।
ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਅਗਸਤ 2024 ਵਿੱਚ ਜਦੋਂ ਨਿਊ ਨੇ ਆਪਣੇ ਨਾਲ ਹੋਈ ਬੇਇਨਸਾਫ਼ੀ ਖ਼ਿਲਾਫ਼ Personal Grievance ਦਰਜ ਕਰਵਾਈ ਤਾਂ ਮੈਨੇਜਰ ਨੈਨਸੀ ਵਾਂਗ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਨੇ ਮਾਮਲੇ ਨੂੰ ਅੱਗੇ ਵਧਾਇਆ ਤਾਂ ਉਹ ਉਸ ਦੇ ਵੀਜ਼ੇ ਬਾਰੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨਾਲ ਸੰਪਰਕ ਕਰੇਗੀ। ਇਸ ਤਰ੍ਹਾਂ ਨੌਕਰੀ ਸਬੰਧੀ ਆਪਣੇ ਹੱਕ ਮੰਗ ਰਹੀ ਪ੍ਰਵਾਸੀ ਕਰਮਚਾਰੀ ਉੱਤੇ ਇਮੀਗ੍ਰੇਸ਼ਨ ਕਾਰਵਾਈ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਕੇਅਰ ਹੋਮ ਨੇ ERA ਸਾਹਮਣੇ ਇਹ ਦਾਅਵਾ ਵੀ ਕੀਤਾ ਕਿ ਨਿਊ ਨੇ ਦਸੰਬਰ 2023 ਵਿੱਚ ਇੱਕ Volunteer Agreement ਉੱਤੇ ਦਸਤਖ਼ਤ ਕੀਤੇ ਸਨ, ਜਿਸ ਤਹਿਤ ਉਹ ਹਮਦਰਦੀ ਦੇ ਆਧਾਰ ’ਤੇ ਬਿਨਾਂ ਤਨਖਾਹ ਕੰਮ ਕਰਨ ਲਈ ਤਿਆਰ ਸੀ। ਪਰ ਨਿਊ ਨੇ ਇਸ ਦਾਅਵੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਸ ਨੂੰ ਦਸਤਾਵੇਜ਼ ਦੀ ਸਮਝ ਨਹੀਂ ਸੀ, ਉਸ ਉੱਤੇ ਲਿਖੀ ਹੱਥਲਿਖਤ ਉਸ ਦੀ ਨਹੀਂ ਸੀ ਅਤੇ ਉਸ ਨੂੰ ਅਜਿਹੇ ਕਿਸੇ ਸਮਝੌਤੇ ਉੱਤੇ ਦਸਤਖ਼ਤ ਕਰਨ ਬਾਰੇ ਵੀ ਯਾਦ ਨਹੀਂ।
ERA ਦੀ ਮੈਂਬਰ ਸਾਰਾਹ ਬਲਿਕ (Sarah Blick) ਨੇ ਆਪਣੇ ਫ਼ੈਸਲੇ ਵਿੱਚ ਪਾਇਆ ਕਿ ਨਿਊ ਇੱਕ ਕਮਜ਼ੋਰ ਸਥਿਤੀ ਵਿੱਚ ਕੰਮ ਕਰ ਰਹੀ ਪ੍ਰਵਾਸੀ ਕਰਮਚਾਰੀ ਸੀ, ਜਿਸ ਨਾਲ ਮਾਲਕ ਵੱਲੋਂ ਜਾਣਬੁੱਝ ਕੇ ਚੰਗੀ ਨੀਅਤ ਨਾਲ ਰੁਜ਼ਗਾਰ ਸਬੰਧ ਨਿਭਾਉਣ ਦੀ ਕਾਨੂੰਨੀ ਜ਼ਿੰਮੇਵਾਰੀ ਦੀ ਉਲੰਘਣਾ ਕੀਤੀ ਗਈ। ਅਥਾਰਟੀ ਨੇ ਕਿਹਾ ਕਿ ਬਿਨਾਂ ਕਿਸੇ ਢੁੱਕਵੀਂ ਪ੍ਰਕਿਰਿਆ ਦੇ ਮੈਸੇਜ ਰਾਹੀਂ ਉਸ ਨੂੰ ਕੰਮ ਤੋਂ ਹਟਾਉਣਾ ਗੈਰ-ਵਾਜਬ ਬਰਖ਼ਾਸਤਗੀ ਸੀ।
ਸੁਣਵਾਈ ਦੌਰਾਨ ਕੰਪਨੀ ਦਾ ਰਵੱਈਆ ਵੀ ਸਵਾਲਾਂ ਦੇ ਘੇਰੇ ਵਿੱਚ ਰਿਹਾ। ਮੈਨੇਜਰ ਨੈਨਸੀ ਵਾਂਗ ਜੁਲਾਈ 2026 ਵਿੱਚ ਹੋਈ ਸ਼ੁਰੂਆਤੀ ਸੁਣਵਾਈ ਵਿੱਚ ਵੀਡੀਓ ਲਿੰਕ ਰਾਹੀਂ ਸ਼ਾਮਲ ਹੋਈ, ਪਰ ਬਿਮਾਰ ਹੋਣ ਦਾ ਹਵਾਲਾ ਦੇ ਕੇ ਵਿਚਕਾਰ ਹੀ ਚਲੀ ਗਈ। ਬਾਅਦ ਵਿੱਚ ਉਸ ਨੇ ਇੱਕ ਮੈਡੀਕਲ ਸਰਟੀਫਿਕੇਟ ਪੇਸ਼ ਕੀਤਾ, ਜਿਸ ਵਿੱਚ ਸਕੂਲ ਜਾਂ ਡੇਅਕੇਅਰ ਜਾਣ ਲਈ ਅਯੋਗ ਹੋਣ ਦਾ ਜ਼ਿਕਰ ਸੀ। ਸਤੰਬਰ ਵਿੱਚ ਮੁੜ ਹੋਈ ਸੁਣਵਾਈ ਵਿੱਚ ਵੀ ਉਹ ਪੇਸ਼ ਨਹੀਂ ਹੋਈ। ਕੰਪਨੀ ਨੇ ਕਰੀਬ 10 ਮਹੀਨਿਆਂ ਤੱਕ ਵਿਚੋਲਗੀ ਦੀ ਪ੍ਰਕਿਰਿਆ ਵਿੱਚ ਵੀ ਹਿੱਸਾ ਨਹੀਂ ਲਿਆ।
ERA ਵੱਲੋਂ ਜਾਰੀ ਹੁਕਮਾਂ ਮੁਤਾਬਕ ਕੰਪਨੀ ਨੂੰ ਨਿਊ ਦੇ ਬਕਾਇਆ ਵੇਤਨ ਲਈ $26,291.86, ਸਾਲਾਨਾ ਛੁੱਟੀਆਂ ਦੇ $3,677.84, ਬਿਮਾਰੀ ਦੀਆਂ ਛੁੱਟੀਆਂ ਦੇ $2,001.05 ਅਤੇ ਸਰਕਾਰੀ ਛੁੱਟੀਆਂ ਦੇ $1,668.38 ਅਦਾ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ, ਮਨ ਸਨਮਾਨ ਨੂੰ ਪਹੁੰਚੇ ਨੁਕਸਾਨ ਲਈ $25,000 ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਗਏ ਹਨ।
ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਨਿਊ 18 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬੇਰੁਜ਼ਗਾਰ ਰਹੀ, ਜਿਸ ਕਾਰਨ ਉਸ ਨੂੰ ਹੋਏ ਤਨਖਾਹ ਦੇ ਨੁਕਸਾਨ ਲਈ ਵੱਖਰੇ ਤੌਰ ’ਤੇ $21,355.20 ਦੇਣ ਦਾ ਹੁਕਮ ਦਿੱਤਾ ਗਿਆ ਹੈ। ਕੰਪਨੀ ਉੱਤੇ ਕੁੱਲ $8,000 ਦਾ ਜੁਰਮਾਨਾ ਵੀ ਲਗਾਇਆ ਗਿਆ, ਜਿਸ ਵਿੱਚੋਂ $4,000 ਨਿਊ ਨੂੰ ਅਤੇ ਬਾਕੀ $4,000 ਸਰਕਾਰ ਨੂੰ ਅਦਾ ਕੀਤੇ ਜਾਣਗੇ।
ਇਹ ਵੀ ਸਾਹਮਣੇ ਆਇਆ ਕਿ New Windsor Care ਖ਼ਿਲਾਫ਼ ਪਹਿਲਾਂ ਵੀ ਤਨਖਾਹ ਅਤੇ ਛੁੱਟੀਆਂ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਵਿੱਚ $3,000 ਦਾ ਜੁਰਮਾਨਾ ਲਗਾਇਆ ਗਿਆ ਸੀ। ਕੰਪਨੀ ਵੱਲੋਂ ਉਸ ਰਕਮ ਦੀ ਅਦਾਇਗੀ ਨਾ ਕਰਨ ਕਾਰਨ 2026 ਵਿੱਚ ਉਸ ਖ਼ਿਲਾਫ਼ Compliance Order ਵੀ ਜਾਰੀ ਕਰਨਾ ਪਿਆ ਸੀ।
ਇਹ ਫ਼ੈਸਲਾ ਨਿਊਜ਼ੀਲੈਂਡ ਵਿੱਚ ਕੰਮ ਕਰ ਰਹੇ ਪ੍ਰਵਾਸੀ ਕਰਮਚਾਰੀਆਂ ਦੇ ਰੁਜ਼ਗਾਰ ਅਧਿਕਾਰਾਂ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ। ਖ਼ਾਸ ਕਰਕੇ AEWV ਵਰਗੇ ਵੀਜ਼ਿਆਂ ਉੱਤੇ ਕੰਮ ਕਰ ਰਹੇ ਕਰਮਚਾਰੀਆਂ ਲਈ ਇਹ ਮਾਮਲਾ ਮਹੱਤਵਪੂਰਨ ਹੈ, ਕਿਉਂਕਿ ਕਿਸੇ ਕਰਮਚਾਰੀ ਦਾ ਵਰਕ ਵੀਜ਼ਾ ਮਾਲਕ ਨਾਲ ਜੁੜਿਆ ਹੋਣ ਦੇ ਬਾਵਜੂਦ ਉਸ ਨੂੰ ਰੁਜ਼ਗਾਰ ਕਾਨੂੰਨਾਂ ਤਹਿਤ ਮਿਲਣ ਵਾਲੇ ਅਧਿਕਾਰ ਖ਼ਤਮ ਨਹੀਂ ਹੁੰਦੇ। ਮਾਲਕ ਵੱਲੋਂ ਇਕਰਾਰਨਾਮੇ ਮੁਤਾਬਕ ਤਨਖਾਹ ਨਾ ਦੇਣਾ, ਬਿਨਾਂ ਕਾਨੂੰਨੀ ਪ੍ਰਕਿਰਿਆ ਦੇ ਨੌਕਰੀ ਤੋਂ ਕੱਢਣਾ ਜਾਂ ਵੀਜ਼ੇ ਦੇ ਨਾਂ ਉੱਤੇ ਦਬਾਅ ਪਾਉਣਾ ਗੰਭੀਰ ਕਾਨੂੰਨੀ ਨਤੀਜੇ ਪੈਦਾ ਕਰ ਸਕਦਾ ਹੈ।



