ਪੈਨਸ਼ਨ ਦੇ ਮੁੱਦੇ ’ਤੇ ਵਿਅਕਤੀ ਨੇ ਕੀਤੀ ਨਸਲੀ ਟਿੱਪਣੀ, ਵਿਨਸਟਨ ਪੀਟਰਜ਼ ਨੇ ਮੌਕੇ ’ਤੇ ਹੀ ਕੀਤਾ ਵਿਰੋਧ
ਆਕਲੈਂਡ (NZ Punjabi News): ਨਿਊਜ਼ੀਲੈਂਡ ਫਸਟ ਦੇ ਆਗੂ ਅਤੇ ਵਿਦੇਸ਼ ਮੰਤਰੀ ਵਿਨਸਟਨ ਪੀਟਰਜ਼ ਦੀ ਚੋਣ ਮੀਟਿੰਗ ਦੌਰਾਨ ਭਾਰਤੀਆਂ ਅਤੇ ਚੀਨੀਆਂ ਖ਼ਿਲਾਫ਼ ਅਪਮਾਨਜਨਕ ਸ਼ਬਦ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਟਰਜ਼ ਨੇ ਇਸ ਨਸਲੀ ਟਿੱਪਣੀ ਦਾ ਵਿਰੋਧ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਕਾਨੂੰਨੀ ਤੌਰ ’ਤੇ ਆਏ ਹਰ ਪ੍ਰਵਾਸੀ ਨੂੰ ਬਰਾਬਰ ਸੁਰੱਖਿਆ ਮਿਲਣੀ ਚਾਹੀਦੀ ਹੈ।
ਸ਼ਨੀਵਾਰ ਨੂੰ ਇਨਵਰਕਾਰਗਿਲ ਦੇ Southland Boys’ High School ਵਿੱਚ ਹੋਈ ਮੀਟਿੰਗ ਦੌਰਾਨ ਇੱਕ ਸੇਵਾਮੁਕਤ ਵਿਅਕਤੀ ਨੇ ਭਾਰਤੀਆਂ ਅਤੇ ਚੀਨੀਆਂ ਲਈ ਸਾ —– ਗਾਲ੍ਹ ਕੱਢਦਿਆਂ ਸਵਾਲ ਕੀਤਾ ਕਿ ਉਸ ਨੂੰ ਪੈਨਸ਼ਨ ਲਈ 65 ਸਾਲ ਦੀ ਉਮਰ ਤੱਕ ਉਡੀਕ ਕਰਨੀ ਪਈ, ਜਦਕਿ ਉਸ ਦੇ ਦਾਅਵੇ ਮੁਤਾਬਕ ਭਾਰਤੀ ਅਤੇ ਚੀਨੀ ਸਾ —– ਸਿਰਫ਼ ਤਿੰਨ ਸਾਲਾਂ ਵਿੱਚ ਪੈਨਸ਼ਨ ਲੈ ਸਕਦੇ ਹਨ।
ਪੀਟਰਜ਼ ਨੇ ਇਸ ਦਾਅਵੇ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਪੈਨਸ਼ਨ ਲਈ ਰਿਹਾਇਸ਼ ਦੀ ਸ਼ਰਤ 10 ਸਾਲਾਂ ਤੋਂ ਵਧਾ ਕੇ ਪੜਾਅਵਾਰ 20 ਸਾਲ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਨਸਲ ਨੂੰ ਨੀਵਾਂ ਨਹੀਂ ਦਿਖਾਉਂਦੀ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਕਾਨੂੰਨੀ ਤੌਰ ’ਤੇ ਨਿਊਜ਼ੀਲੈਂਡ ਆਉਂਦਾ ਹੈ ਅਤੇ ਇੱਥੋਂ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ, ਉਹ ਦੂਜਿਆਂ ਵਾਂਗ ਹੀ ਸੁਰੱਖਿਆ ਦਾ ਹੱਕਦਾਰ ਹੈ।
ਜ਼ਿਕਰਯੋਗ ਹੈ ਕਿ ਪੀਟਰਜ਼ ਖ਼ੁਦ ਵੀ ਪਿਛਲੇ ਸਮੇਂ ਦੌਰਾਨ ਨਸਲੀ ਟਿੱਪਣੀਆਂ ਕਾਰਨ ਵਿਵਾਦਾਂ ਵਿੱਚ ਰਹੇ ਹਨ। ਜੁਲਾਈ ਵਿੱਚ ਉਨ੍ਹਾਂ ਨੇ ਚੀਨੀ ਮੂਲ ਦੇ ਗ੍ਰੀਨ ਪਾਰਟੀ ਸੰਸਦ ਮੈਂਬਰ ਲਾਰੈਂਸ ਸ਼ੂ-ਨਾਨ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਡਿਪਟੀ ਸ਼ੇਨ ਜੋਨਜ਼ ਦੀ ਭਾਰਤ ਨਾਲ ਵਪਾਰ ਸਮਝੌਤੇ ਬਾਰੇ ‘Butter Chicken Tsunami’ ਵਾਲੀ ਟਿੱਪਣੀ ਵੀ ਵਿਵਾਦਾਂ ਵਿੱਚ ਰਹੀ ਸੀ।
ਹਾਲਾਂਕਿ ਪੀਟਰਜ਼ ਨੇ ਭਾਰਤੀਆਂ ਅਤੇ ਚੀਨੀਆਂ ਖ਼ਿਲਾਫ਼ ਨਸਲੀ ਟਿੱਪਣੀ ਦਾ ਵਿਰੋਧ ਕੀਤਾ, ਪਰ ਉਹ ਸਰਕਾਰੀ ਪੈਨਸ਼ਨ ਸਿਰਫ਼ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਦੇਣ ਦੀ ਆਪਣੀ ਚੋਣ ਨੀਤੀ ’ਤੇ ਕਾਇਮ ਹਨ। ਮੀਟਿੰਗ ਵਿੱਚ 24 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਕੰਮ ਕਰ ਰਹੀ ਇੱਕ ਬ੍ਰਿਟਿਸ਼ ਮੂਲ ਦੀ ਡਾਕਟਰ ਨੇ ਵੀ ਇਸ ਨੀਤੀ ’ਤੇ ਸਵਾਲ ਚੁੱਕੇ, ਜਿਸ ’ਤੇ ਪੀਟਰਜ਼ ਨੇ ਉਸ ਨੂੰ ਨਾਗਰਿਕਤਾ ਲੈਣ ਲਈ ਕਿਹਾ।



