38 ਸਾਲ ਜਾਅਲੀ ਪਛਾਣ ਨਾਲ ਨਿਊਜ਼ੀਲੈਂਡ ’ਚ ਕੱਟੇ, ਇਮੀਗ੍ਰੇਸ਼ਨ ਨੂੰ ਨਹੀਂ ਲੱਗੀ ਭਿਣਕ—ਹੁਣ ਦੇਸ਼ ਨਿਕਾਲੇ ਦੇ ਹੁਕਮਾਂ ਮਗਰੋਂ ਵੀ ਨਹੀਂ ਗਿਆ ਵਾਪਸ!

Immigration catches up with overstayer who lived under alias for 38 yearsਆਕਲੈਂਡ, (ਜਸਪ੍ਰੀਤ ਸਿੰਘ ਰਾਜਪੁਰਾ) — ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਨ ਵਾਲਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਸਮੋਆ ਦਾ ਇੱਕ ਨਾਗਰਿਕ ਲਗਭਗ 38 ਸਾਲ ਤੱਕ ਝੂਠੀ ਪਛਾਣ ਦੇ ਸਹਾਰੇ ਨਿਊਜ਼ੀਲੈਂਡ ਵਿੱਚ ਰਹਿੰਦਾ ਰਿਹਾ, ਪਰ ਇਮੀਗ੍ਰੇਸ਼ਨ ਵਿਭਾਗ ਉਸ ਤੱਕ ਨਹੀਂ ਪਹੁੰਚ ਸਕਿਆ। ਹੁਣ ਜਦੋਂ ਉਸ ਦੀ ਦੇਸ਼ ਨਿਕਾਲੇ ਵਿਰੁੱਧ ਅਪੀਲ ਵੀ ਰੱਦ ਹੋ ਚੁੱਕੀ ਹੈ ਅਤੇ ਦੇਸ਼ ਛੱਡਣ ਲਈ ਦਿੱਤੀ ਮੋਹਲਤ ਵੀ ਮੁੱਕ ਗਈ ਹੈ, ਤਾਂ ਵੀ ਉਹ ਨਿਊਜ਼ੀਲੈਂਡ ਵਿੱਚ ਹੀ ਰਹਿ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 60 ਸਾਲਾ ਲਾਫਾਏਲੇ ਲਾਓਆ (Lafaele Laoa) ਸਾਲ 1988 ਵਿੱਚ ਕਿਸੇ ਹੋਰ ਵਿਅਕਤੀ ਦੀ ਪਛਾਣ ਅਤੇ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਨਿਊਜ਼ੀਲੈਂਡ ਆਇਆ ਸੀ। ਉਸ ਨੇ ਆਪਣਾ ਨਾਂ ਬਦਲ ਕੇ ਓਲਿਵ ਮਾਓ (Olive Mao) ਰੱਖ ਲਿਆ ਸੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਅਸਲੀ ਨਾਂ ’ਤੇ ਵੀਜ਼ਾ ਲੈਣ ਲਈ ਅਰਜ਼ੀ ਦਿੱਤੀ ਸੀ, ਪਰ ਅਰਜ਼ੀ ਰੱਦ ਹੋਣ ਮਗਰੋਂ ਉਸ ਨੇ ਦੂਜੇ ਵਿਅਕਤੀ ਦੇ ਨਾਂ ’ਤੇ ਮੁੜ ਅਰਜ਼ੀ ਦੇ ਕੇ ਨਿਊਜ਼ੀਲੈਂਡ ਵਿੱਚ ਦਾਖ਼ਲਾ ਹਾਸਲ ਕਰ ਲਿਆ।

ਇਸ ਮਾਮਲੇ ਦਾ ਸਭ ਤੋਂ ਹੈਰਾਨੀਜਨਕ ਪਹਿਲੂ ਇਹ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਉਸ ਦੀ ਭਾਲ ਕੀਤੇ ਜਾਣ ਦੇ ਬਾਵਜੂਦ ਉਹ ਦਹਾਕਿਆਂ ਤੱਕ ਵਿਭਾਗ ਦੀ ਪਹੁੰਚ ਤੋਂ ਬਾਹਰ ਰਿਹਾ। ਆਖ਼ਰਕਾਰ ਸਾਲ 2024 ਵਿੱਚ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਉਸ ਦੀ ਅਸਲ ਪਛਾਣ ਸਾਹਮਣੇ ਆਈ।

ਮਾਮਲੇ ਦੀ ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਲਾਓਆ ਨੂੰ 1992 ਤੋਂ 2013 ਦਰਮਿਆਨ ਕਈ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਸੀ। ਹਾਲਾਂਕਿ ਇਹ ਮੁਕਾਬਲਤਨ ਘੱਟ ਗੰਭੀਰ ਅਪਰਾਧ ਸਨ ਅਤੇ ਬਾਅਦ ਵਿੱਚ ਇਨ੍ਹਾਂ ’ਤੇ ਪੁਰਾਣੇ ਅਪਰਾਧਿਕ ਰਿਕਾਰਡ ਨੂੰ ਲੁਕਾਉਣ ਸਬੰਧੀ ਕਾਨੂੰਨੀ  ਕਾਰਵਾਈ ਕੀਤੀ ਗਈ  ਸੀ। ਇਸ ਤੋਂ ਇਲਾਵਾ 2009 ਤੋਂ 2020 ਦਰਮਿਆਨ ਘਰੇਲੂ ਹਿੰਸਾ ਦੀਆਂ 10 ਕਥਿਤ ਘਟਨਾਵਾਂ ਵਿੱਚ ਵੀ ਉਸ ਦਾ ਨਾਂ ਸਾਹਮਣੇ ਆਇਆ ਸੀ।

ਦੇਸ਼ ਨਿਕਾਲੇ ਤੋਂ ਬਚਣ ਲਈ ਲਾਓਆ ਨੇ ਇਮੀਗ੍ਰੇਸ਼ਨ ਅਤੇ ਸੁਰੱਖਿਆ ਟ੍ਰਿਬਿਊਨਲ ਅੱਗੇ ਦਲੀਲ ਦਿੱਤੀ ਕਿ ਉਹ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਨਿਊਜ਼ੀਲੈਂਡ ਵਿੱਚ ਬਿਤਾ ਚੁੱਕਾ ਹੈ। ਉਸ ਦੇ ਚਾਰ ਬੱਚੇ ਹਨ ਅਤੇ ਉਸ ਦਾ ਜ਼ਿਆਦਾਤਰ ਨਜ਼ਦੀਕੀ ਪਰਿਵਾਰ ਨਿਊਜ਼ੀਲੈਂਡ ਵਿੱਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਹ ਗੁਰਦਿਆਂ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਆਪਣੀ ਭੈਣ ਦੀ ਦੇਖਭਾਲ ਵੀ ਕਰ ਰਿਹਾ ਹੈ। ਉਸ ਦਾ ਇਹ ਵੀ ਕਹਿਣਾ ਸੀ ਕਿ ਸਮੋਆ ਵਿੱਚ ਜ਼ਮੀਨੀ ਵਿਵਾਦ ਕਾਰਨ ਉਸ ਕੋਲ ਵਾਪਸ ਜਾ ਕੇ ਰਹਿਣ ਲਈ ਕੋਈ ਥਾਂ ਨਹੀਂ ਹੈ।

ਪਰ ਟ੍ਰਿਬਿਊਨਲ ਨੇ ਇਨ੍ਹਾਂ ਦਲੀਲਾਂ ਨੂੰ ਦੇਸ਼ ਨਿਕਾਲਾ ਰੋਕਣ ਲਈ ਕਾਫ਼ੀ ਨਹੀਂ ਮੰਨਿਆ। ਟ੍ਰਿਬਿਊਨਲ ਨੇ ਮੰਨਿਆ ਕਿ ਕਿਸੇ ਵਿਅਕਤੀ ਦਾ 38 ਸਾਲ ਨਿਊਜ਼ੀਲੈਂਡ ਵਿੱਚ ਰਹਿਣਾ ਅਸਾਧਾਰਨ ਮਨੁੱਖੀ ਹਾਲਾਤ ਹਨ, ਪਰ ਇਸ ਦੇ ਨਾਲ ਹੀ ਇੰਨੇ ਲੰਬੇ ਸਮੇਂ ਤੱਕ ਗੈਰਕਾਨੂੰਨੀ ਢੰਗ ਨਾਲ ਰਹਿਣਾ, ਝੂਠੀ ਪਛਾਣ ਦੀ ਵਰਤੋਂ ਕਰਨਾ ਅਤੇ ਪਿਛਲਾ ਵਿਵਹਾਰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਲਾਓਆ ਸਮੋਆ ਦੀ ਭਾਸ਼ਾ ਜਾਣਦਾ ਹੈ ਅਤੇ ਜਵਾਨੀ ਦੇ ਕਰੀਬ 20 ਸਾਲ ਉੱਥੇ ਬਿਤਾ ਚੁੱਕਾ ਹੈ। ਉਸ ਦੇ ਬਾਲਗ ਬੱਚੇ ਅਤੇ ਹੋਰ ਰਿਸ਼ਤੇਦਾਰ ਲੋੜ ਪੈਣ ’ਤੇ ਉਸ ਦੀ ਆਰਥਿਕ ਮਦਦ ਕਰ ਸਕਦੇ ਹਨ। ਬਿਮਾਰ ਭੈਣ ਦੀ ਦੇਖਭਾਲ ਲਈ ਵੀ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਸਰਕਾਰੀ ਸਹਾਇਤਾ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਟ੍ਰਿਬਿਊਨਲ ਨੇ ਉਸ ਦੀ ਅਪੀਲ ਰੱਦ ਕਰ ਦਿੱਤੀ, ਪਰ ਪਰਿਵਾਰ ਨੂੰ ਬਦਲਵੇਂ ਪ੍ਰਬੰਧ ਕਰਨ ਅਤੇ ਵਾਪਸੀ ਦੇ ਖ਼ਰਚਿਆਂ ਦਾ ਇੰਤਜ਼ਾਮ ਕਰਨ ਲਈ ਤਿੰਨ ਮਹੀਨਿਆਂ ਦੀ ਮੋਹਲਤ ਦੇ ਦਿੱਤੀ। ਇਹ ਮੋਹਲਤ 29 ਸਤੰਬਰ 2026 ਨੂੰ ਖ਼ਤਮ ਹੋ ਚੁੱਕੀ ਹੈ।

ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਕੌਮੀ ਪੱਧਰ ’ਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਵਾਲੀ ਅਧਿਕਾਰੀ ਫਾਦੀਆ ਮੁਦਾਫਰ (Fadia Mudafar) ਨੇ ਪੁਸ਼ਟੀ ਕੀਤੀ ਹੈ ਕਿ ਲਾਓਆ ਅਜੇ ਤੱਕ ਨਿਊਜ਼ੀਲੈਂਡ ਤੋਂ ਰਵਾਨਾ ਨਹੀਂ ਹੋਇਆ ਅਤੇ ਗੈਰਕਾਨੂੰਨੀ ਤੌਰ ’ਤੇ ਦੇਸ਼ ਵਿੱਚ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਉਸ ਦੇ ਅਤੇ ਉਸ ਦੇ ਕਾਨੂੰਨੀ ਵਕੀਲ ਵਕੀਲ ਨਾਲ ਵਾਪਸੀ ਸਬੰਧੀ ਗੱਲਬਾਤ ਕਰ ਰਿਹਾ ਹੈ। ਜੇਕਰ ਉਹ ਆਪਣੀ ਮਰਜ਼ੀ ਨਾਲ ਦੇਸ਼ ਨਹੀਂ ਛੱਡਦਾ ਤਾਂ ਉਸ ਖ਼ਿਲਾਫ਼ ਹੋਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਘਟਨਾ ਨੇ ਇੱਕ ਵਾਰ ਫਿਰ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਨਿਗਰਾਨੀ ਅਤੇ ਕਾਨੂੰਨਾਂ ਦੀ ਪਾਲਣਾ ਕਰਵਾਉਣ ਦੀ ਸਮਰੱਥਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖ਼ਾਸ ਕਰਕੇ ਇਹ ਸਵਾਲ ਅਹਿਮ ਹੈ ਕਿ ਇੱਕ ਵਿਅਕਤੀ ਦੂਜੇ ਦੇ ਨਾਂ ’ਤੇ ਦੇਸ਼ ਵਿੱਚ ਦਾਖ਼ਲ ਹੋ ਕੇ ਲਗਭਗ ਚਾਰ ਦਹਾਕੇ ਕਿਵੇਂ ਰਹਿੰਦਾ ਰਿਹਾ ਅਤੇ ਇਮੀਗ੍ਰੇਸ਼ਨ ਵਿਭਾਗ ਨੂੰ ਉਸ ਦੀ ਅਸਲ ਪਛਾਣ ਦਾ ਪਤਾ ਲਾਉਣ ਲਈ ਪੁਲਿਸ ਤੋਂ ਮਿਲੀ ਜਾਣਕਾਰੀ ਦੀ ਉਡੀਕ ਕਿਉਂ ਕਰਨੀ ਪਈ।

 

Share it :
error: Content is protected !!