ਕ੍ਰਾਈਸਟਚਰਚ ਦੇ ਮਸ਼ਹੂਰ ਪਾਦਰੀ ‘ਤੇ ਲੱਗੇ ਲੋਕਾਂ ਨਾਲ ਗੰਭੀਰ ਦਰਜੇ ਦੀ ਧੋਖਾਧੜੀ ਦੇ ਦੋਸ਼

ਕ੍ਰਾਈਸਟਚਰਚ (NZ Punjabi News) – ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿੱਚ ਇੱਕ ਵਿਵਾਦਤ ਪਾਦਰੀ ਪੀਟਰ ਇਮਾਦੀ ਦੀ ਮਲਕੀਅਤ ਵਾਲੀ ਜ਼ਮੀਨ ’ਤੇ ਪਲਾਟ ਖਰੀਦਣ ਵਾਲੇ ਲੋਕਾਂ ਨੇ ਆਪਣੇ ਨਾਲ ਧੋਖਾ ਹੋਣ ਦੇ ਦੋਸ਼ ਲਾਏ ਹਨ। ਖਰੀਦਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜ ਸਾਲ ਤੋਂ ਵੱਧ ਸਮਾਂ ਪਹਿਲਾਂ ਵੱਡੀਆਂ ਰਕਮਾਂ ਜਮ੍ਹਾਂ ਕਰਵਾਈਆਂ ਸਨ, ਪਰ ਹੁਣ ਉਨ੍ਹਾਂ ਨੂੰ ਆਪਣੇ ਪਲਾਟ ਨਹੀਂ ਮਿਲ ਰਹੇ।

ਪੀਟਰ ਇਮਾਦੀ ਆਪਣੇ ਆਪ ਨੂੰ “ਅੱਗ ਦਾ ਰਸੂਲ” (Apostle of Fire) ਕਹਿੰਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਰੱਬ ਉਸ ਨਾਲ ਗੱਲ ਕਰਦਾ ਹੈ। ਨਾਈਜੀਰੀਆ ਤੋਂ ਨਿਊਜ਼ੀਲੈਂਡ ਆਉਣ ਤੋਂ ਬਾਅਦ ਉਸ ਨੇ 2012 ਵਿੱਚ ਪੈਸਿਫਿਕ ਖੇਤਰ ਵਿੱਚ ਚਰਚ ਲਾਈਟ ਆਫ਼ ਆਲ ਨੇਸ਼ਨਜ਼ ਦੀ ਸਥਾਪਨਾ ਕੀਤੀ ਸੀ। ਉਹ ਆਪਣੇ ਪੈਰੋਕਾਰਾਂ ਨਾਲ ਚਮਤਕਾਰਾਂ ਅਤੇ ਖੁਸ਼ਹਾਲੀ ਦੇ ਵਾਅਦੇ ਕਰਦਾ ਹੈ, ਪਰ ਉਸ ਦੀ ਜ਼ਮੀਨ ’ਤੇ ਪਲਾਟ ਖਰੀਦਣ ਵਾਲੇ ਲੋਕਾਂ ਨੂੰ ਅਜੇ ਤੱਕ ਆਪਣੇ ਨਿਵੇਸ਼ ਦਾ ਉਮੀਦ ਮੁਤਾਬਕ ਨਤੀਜਾ ਨਹੀਂ ਮਿਲਿਆ।

2019 ਵਿੱਚ ਪੀਟਰ ਇਮਾਦੀ ਮਿਨਿਸਟ੍ਰੀਜ਼ ਲਿਮਟਿਡ ਨੇ ਹੈਲਸਵੈੱਲ ਦੇ ਕੁਏਫੇਸ ਰੋਡ ’ਤੇ ਸਥਿਤ 1.43 ਹੈਕਟੇਅਰ ਜ਼ਮੀਨ ਸਥਾਨਕ ਪ੍ਰਾਪਰਟੀ ਡਿਵੈਲਪਰ ਜੌਨ (ਲੱਕੀ) ਫਰਨਾਂਡੋ ਤੋਂ 15 ਲੱਖ ਨਿਊਜ਼ੀਲੈਂਡ ਡਾਲਰ ਵਿੱਚ ਖਰੀਦੀ ਸੀ। ਇਸ ਜ਼ਮੀਨ ’ਤੇ 14 ਪਲਾਟ ਬਣਾਉਣ ਦੀ ਯੋਜਨਾ ਸੀ, ਜਿਨ੍ਹਾਂ ਦੀ ਵਿਕਰੀ ਤੋਂ ਪ੍ਰਾਪਤ ਰਕਮ ਨਾਲ ਉਸੇ ਜਗ੍ਹਾ ’ਤੇ ਇੱਕ ਵੱਡਾ ਨਵਾਂ ਚਰਚ ਬਣਾਉਣ ਦੀ ਯੋਜਨਾ ਸੀ।

ਫਰਨਾਂਡੋ ਦੀ ਕੰਪਨੀ ਹਾਈ-ਰਾਈਜ਼ ਐਨਜ਼ੈੱਡ ਦਾ ਇਮਾਦੀ ਦੀ ਕੰਪਨੀ ਨਾਲ ਸਮਝੌਤਾ ਸੀ ਕਿ ਸਬਡਿਵੀਜ਼ਨ ਦਾ ਕੰਮ ਪੂਰਾ ਹੋਣ ਅਤੇ ਪਲਾਟਾਂ ਦੇ ਕਾਨੂੰਨੀ ਟਾਈਟਲ ਮਿਲਣ ਤੋਂ ਬਾਅਦ ਪਲਾਟ ਖਰੀਦੇ ਜਾਣਗੇ ਅਤੇ ਉਸੇ ਦਿਨ ਅੱਗੇ ਖਰੀਦਦਾਰਾਂ ਨੂੰ ਵੇਚ ਦਿੱਤੇ ਜਾਣਗੇ। ਹਾਈ-ਰਾਈਜ਼ ਨੇ 2021 ਵਿੱਚ ਹੀ ਲਗਭਗ ਅੱਧੇ ਪਲਾਟ ਖਰੀਦਦਾਰਾਂ ਨੂੰ ਵੇਚ ਦਿੱਤੇ ਸਨ। ਇਨ੍ਹਾਂ ਵਿੱਚੋਂ ਕੁਝ ਲੋਕ ਉੱਥੇ ਆਪਣੇ ਘਰ ਬਣਾਉਣਾ ਚਾਹੁੰਦੇ ਸਨ।

ਪਰ ਇਸ ਸਾਲ ਜੁਲਾਈ ਵਿੱਚ ਇਮਾਦੀ ਦੀ ਕੰਪਨੀ ਨੇ ਸਬਡਿਵੀਜ਼ਨ ਦੇ 12 ਪਲਾਟਾਂ ਦੀ ਵਿਕਰੀ ਲਈ ਇੱਕ ਰੀਅਲ ਅਸਟੇਟ ਕੰਪਨੀ ਨੂੰ ਨਿਯੁਕਤ ਕਰ ਦਿੱਤਾ। ਸਤੰਬਰ ਵਿੱਚ ਕੰਪਨੀ ਨੇ ਹਾਈ-ਰਾਈਜ਼ ਨਾਲ ਆਪਣਾ ਵਿਕਰੀ ਸਮਝੌਤਾ ਵੀ ਰੱਦ ਕਰ ਦਿੱਤਾ। ਇਸ ਤੋਂ ਬਾਅਦ ਫਰਨਾਂਡੋ ਨੇ ਖਰੀਦਦਾਰਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਪਲਾਟ ਨਹੀਂ ਦੇ ਸਕਦਾ।

ਕ੍ਰਾਈਸਟਚਰਚ ਦੇ ਰਹਿਣ ਵਾਲੇ ਕੁਲਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ 2021 ਵਿੱਚ ਇਸ ਸਬਡਿਵੀਜ਼ਨ ਵਿੱਚ ਇੱਕ ਪਲਾਟ ਖਰੀਦਣ ਲਈ ਸਮਝੌਤਾ ਕੀਤਾ ਸੀ। ਉਨ੍ਹਾਂ ਦੀ ਇੱਕ ਛੋਟੀ ਧੀ ਹੈ ਅਤੇ ਉਹ ਆਪਣੇ ਪਰਿਵਾਰ ਲਈ ਨਵਾਂ ਘਰ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੇ 3 ਲੱਖ 20 ਹਜ਼ਾਰ ਨਿਊਜ਼ੀਲੈਂਡ ਡਾਲਰ ਦੇ ਪਲਾਟ ਲਈ 1 ਲੱਖ 50 ਹਜ਼ਾਰ ਡਾਲਰ ਦੀ ਪੇਸ਼ਗੀ ਰਕਮ ਜਮ੍ਹਾਂ ਕਰਵਾਈ ਸੀ, ਜੋ ਆਮ ਤੌਰ ’ਤੇ ਦਿੱਤੀ ਜਾਣ ਵਾਲੀ 10 ਫ਼ੀਸਦੀ ਪੇਸ਼ਗੀ ਨਾਲੋਂ ਕਾਫ਼ੀ ਵੱਧ ਸੀ।

ਕੁਲਦੀਪ ਸਿੰਘ ਮੁਤਾਬਕ, ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਰਕਮ ਆਮ ਪੇਸ਼ਗੀ ਵਾਂਗ ਟਰੱਸਟ ਵਿੱਚ ਰੱਖਣ ਦੀ ਬਜਾਏ ਸਬਡਿਵੀਜ਼ਨ ਦਾ ਕੰਮ ਪੂਰਾ ਕਰਨ ਲਈ ਵਰਤੀ ਜਾਵੇਗੀ। ਇਸ ਦੇ ਬਦਲੇ ਕੰਮ ਮੁਕੰਮਲ ਹੋਣ ’ਤੇ ਉਨ੍ਹਾਂ ਨੂੰ 50 ਹਜ਼ਾਰ ਡਾਲਰ ਦੀ ਛੋਟ ਮਿਲਣੀ ਸੀ।

ਕੁਲਦੀਪ ਸਿੰਘ ਨੇ ਕਿਹਾ, “ਸਾਨੂੰ ਲੱਗਿਆ ਕਿ ਅਸੀਂ ਸਬਡਿਵੀਜ਼ਨ ਦਾ ਹਿੱਸਾ ਬਣਾਂਗੇ, ਪਰ ਉਨ੍ਹਾਂ ਨੇ ਚਾਰ ਸਾਲ ਲਗਾ ਦਿੱਤੇ। ਹੁਣ ਸਬਡਿਵੀਜ਼ਨ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ ਅਤੇ ਅਸੀਂ ਅਗਸਤ ਜਾਂ ਸਤੰਬਰ ਵਿੱਚ ਆਪਣੇ ਪਲਾਟ ਦੀ ਉਮੀਦ ਕਰ ਰਹੇ ਸੀ।”

ਸਤੰਬਰ ਵਿੱਚ ਖਰੀਦਦਾਰਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਸਮਝੌਤੇ ‘ਸਨਸੈੱਟ ਕਲਾਜ਼’ ਤਹਿਤ ਰੱਦ ਕਰ ਦਿੱਤੇ ਗਏ ਹਨ। ਇਹ ਸਮਝੌਤੇ ਦੀ ਇੱਕ ਅਜਿਹੀ ਸ਼ਰਤ ਹੁੰਦੀ ਹੈ, ਜਿਸ ਤਹਿਤ ਨਿਰਧਾਰਤ ਸਮੇਂ ਜਾਂ ਹਾਲਾਤ ਪੂਰੇ ਨਾ ਹੋਣ ’ਤੇ ਦੋਵੇਂ ਧਿਰਾਂ ਨੂੰ ਸਮਝੌਤੇ ਤੋਂ ਪਿੱਛੇ ਹਟਣ ਦਾ ਅਧਿਕਾਰ ਮਿਲ ਸਕਦਾ ਹੈ।

ਕੁਲਦੀਪ ਸਿੰਘ ਨੇ ਕਿਹਾ, “ਪਿਛਲੇ ਪੰਜ ਸਾਲਾਂ ਤੋਂ ਅਸੀਂ ਯੋਜਨਾ ਬਣਾ ਰਹੇ ਸੀ ਕਿ ਹੈਲਸਵੈੱਲ ਵਿੱਚ ਸਾਡਾ ਆਪਣਾ ਨਵਾਂ ਘਰ ਹੋਵੇਗਾ।”

ਜ਼ਮੀਨ ਦੀਆਂ ਕੀਮਤਾਂ ਵਧਣ ਕਾਰਨ ਹੁਣ ਇਹ ਪਲਾਟ ਹੋਰ ਖਰੀਦਦਾਰਾਂ ਨੂੰ ਵੱਧ ਕੀਮਤਾਂ ’ਤੇ ਵੇਚਣ ਲਈ ਰੀਅਲ ਅਸਟੇਟ ਏਜੰਟਾਂ ਰਾਹੀਂ ਪੇਸ਼ ਕੀਤੇ ਜਾ ਰਹੇ ਹਨ। ਇਹ ਵਿਕਰੀ ਜਨਤਕ ਇਸ਼ਤਿਹਾਰਬਾਜ਼ੀ ਤੋਂ ਬਿਨਾਂ ਕੀਤੀ ਜਾ ਰਹੀ ਹੈ। ਪੁਰਾਣੇ ਖਰੀਦਦਾਰਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਪੇਸ਼ਗੀ ਰਕਮ ਵਾਪਸ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਪਲਾਟ ਦੇ ਆਕਾਰ ਮੁਤਾਬਕ 10 ਹਜ਼ਾਰ ਜਾਂ 5 ਹਜ਼ਾਰ ਡਾਲਰ ਦੀ ਪਹਿਲਾਂ ਤੈਅ ਕੀਤੀ ਗਈ ਵਾਧੂ ਰਕਮ ਵੀ ਦਿੱਤੀ ਜਾਵੇਗੀ। ਹਾਲਾਂਕਿ, ਉਨ੍ਹਾਂ ਨੂੰ ਵਧੀ ਹੋਈ ਕੀਮਤ ’ਤੇ ਆਪਣੇ ਹੀ ਪਲਾਟ ਮੁੜ ਖਰੀਦਣ ਦਾ ਪਹਿਲਾ ਮੌਕਾ ਨਹੀਂ ਦਿੱਤਾ ਗਿਆ।

ਕੁਲਦੀਪ ਸਿੰਘ ਨੇ ਕਿਹਾ, “ਸਾਡੇ ਪਲਾਟ ਦਾ ਆਕਾਰ ਲਗਭਗ 600 ਵਰਗ ਮੀਟਰ ਸੀ। ਹੁਣ ਸਾਨੂੰ 4 ਲੱਖ 50 ਹਜ਼ਾਰ ਡਾਲਰ ਤੋਂ ਘੱਟ ਵਿੱਚ ਇਸੇ ਆਕਾਰ ਦਾ ਪਲਾਟ ਨਹੀਂ ਮਿਲ ਰਿਹਾ। ਉਨ੍ਹਾਂ ਨੇ ਸਾਢੇ ਪੰਜ ਸਾਲ ਤੱਕ ਮੇਰੇ ਪੈਸੇ ਵਰਤੇ ਹਨ, ਇਸ ਲਈ ਉਨ੍ਹਾਂ ਨੂੰ ਮੈਨੂੰ ਵਿਆਜ ਵੀ ਦੇਣਾ ਚਾਹੀਦਾ ਹੈ।”

ਖਰੀਦਦਾਰਾਂ ਦੇ ਇੱਕ ਸਮੂਹ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਕਾਨੂੰਨੀ ਸਲਾਹ ਲਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਹੁਣ ਆਪਣੀ ਪੇਸ਼ਗੀ ਰਕਮ ਅਤੇ ਵਾਧੂ ਮੁਆਵਜ਼ੇ ਦੀ ਰਕਮ ਸਵੀਕਾਰ ਕਰ ਚੁੱਕੇ ਹਨ।

ਇੱਕ ਹੋਰ ਖਰੀਦਦਾਰ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ, ਨੇ ਕਿਹਾ ਕਿ ਪਹਿਲੀ ਵਾਰ ਘਰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਇਹ ਸਥਿਤੀ ਬਹੁਤ ਨਿਰਾਸ਼ਾਜਨਕ ਹੈ, ਕਿਉਂਕਿ ਪੇਸ਼ਗੀ ਰਕਮ ਦੇਣ ਤੋਂ ਬਾਅਦ ਜ਼ਮੀਨ ਅਤੇ ਘਰ ਬਣਾਉਣ ਦੀ ਲਾਗਤ ਵਿੱਚ ਕਾਫ਼ੀ ਵਾਧਾ ਹੋ ਗਿਆ ਹੈ।

ਇਸ ਤੋਂ ਇਲਾਵਾ, ਚਰਚ ਦੀ ਕ੍ਰਾਈਸਟਚਰਚ ਸ਼ਾਖਾ ਦੀ ਚੈਰੀਟੇਬਲ ਸੰਸਥਾ ਵਜੋਂ ਰਜਿਸਟ੍ਰੇਸ਼ਨ ਜੁਲਾਈ ਵਿੱਚ ਰੱਦ ਕਰ ਦਿੱਤੀ ਗਈ ਸੀ, ਕਿਉਂਕਿ ਉਸ ਨੇ ਵਿੱਤੀ ਰਿਟਰਨਾਂ ਜਮ੍ਹਾਂ ਨਹੀਂ ਕਰਵਾਈਆਂ ਸਨ। ਹਾਲਾਂਕਿ, ਨਿਊਜ਼ੀਲੈਂਡ ਵਿੱਚ ਚਰਚ ਦੀਆਂ ਹੋਰ 10 ਸ਼ਾਖਾਵਾਂ ਅਜੇ ਵੀ ਰਜਿਸਟਰਡ ਹਨ।

ਪੀਟਰ ਇਮਾਦੀ ਕੋਲ ਚਾਰ ਹੋਰ ਜਾਇਦਾਦਾਂ ਵੀ ਹਨ। ਇਨ੍ਹਾਂ ਵਿੱਚ ਏਡਨਫੀਲਡ ਸਥਿਤ ਇੱਕ ਵੱਡੀ ਜਾਇਦਾਦ ਵੀ ਸ਼ਾਮਲ ਹੈ, ਜਿਸ ਦੀ ਕੀਮਤ ਲਗਭਗ 12 ਲੱਖ ਨਿਊਜ਼ੀਲੈਂਡ ਡਾਲਰ ਦੱਸੀ ਗਈ ਹੈ।

Share it :
error: Content is protected !!