ਸਾਡੇ ਵਿਰਸੇ ਦੇ ਵਾਰਸਾਂ ਅਤੇ ਉਨ੍ਹਾਂ ਨੂੰ ਸੰਵਾਰਨ ਵਾਲਿਆਂ ਨੂੰ ਦਿਲੋਂ ਸਲਾਮ!
ਆਕਲੈਂਡ :ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਅਤੇ ਸਿੱਖ ਹੈਰੀਟੇਜ ਸਕੂਲ ਵੱਲੋਂ ਮਨਾਇਆ ਗਿਆ 17ਵਾਂ ਸਿੱਖ ਚਿਲਡਰਨ ਡੇ ਬੱਚਿਆਂ ਦੀ ਪ੍ਰਤਿਭਾ, ਸਿੱਖ ਵਿਰਾਸਤ ਅਤੇ ਭਾਈਚਾਰਕ ਸਾਂਝ ਦਾ ਸੁੰਦਰ ਜਸ਼ਨ ਬਣਿਆ। ਇਸ ਮੌਕੇ ਲਗਭਗ 960 ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਬੱਚਿਆਂ ਦਾ ਜੋਸ਼, ਮਿਹਨਤ, ਸਿੱਖਣ ਦੀ ਲਗਨ ਅਤੇ ਆਪਣੀ ਪਛਾਣ ਪ੍ਰਤੀ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਅਤੇ ਭਵਿੱਖ ਲਈ ਨਵੀਂ ਆਸ ਜਾਗੀ।
ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸਾਰੇ ਬੱਚਿਆਂ ਨੂੰ ਦਿਲੋਂ ਮੁਬਾਰਕਬਾਦ ਅਤੇ ਉਨ੍ਹਾਂ ਦੀ ਮਿਹਨਤ ਅਤੇ ਪ੍ਰਾਪਤੀ ’ਤੇ ਸਾਨੂੰ ਮਾਣ ਹੈ।
ਜਿਹੜੇ ਬੱਚੇ ਇਸ ਵਾਰ ਪੁਜ਼ੀਸ਼ਨ ਹਾਸਲ ਨਹੀਂ ਕਰ ਸਕੇ, ਉਹ ਆਪਣੇ ਆਪ ਨੂੰ ਹਾਰਿਆ ਹੋਇਆ ਬਿਲਕੁਲ ਨਾ ਸਮਝਣ। ਤਿਆਰੀ ਕਰਕੇ ਮੁਕਾਬਲੇ ਵਿੱਚ ਆਉਣਾ, ਸਭ ਦੇ ਸਾਹਮਣੇ ਆਪਣੀ ਕਲਾ ਦਿਖਾਉਣਾ ਅਤੇ ਆਪਣੀ ਪੂਰੀ ਕੋਸ਼ਿਸ਼ ਕਰਨਾ ਆਪਣੇ ਆਪ ਵਿੱਚ ਸ਼ਾਬਾਸ਼ ਦੇ ਕਾਬਲ ਹੈ। ਇਨਾਮ ਕੁਝ ਬੱਚਿਆਂ ਨੂੰ ਮਿਲਦੇ ਹਨ, ਪਰ ਸਿੱਖਣ ਦਾ ਮੌਕਾ ਅਤੇ ਤਜਰਬਾ ਹਰ ਬੱਚੇ ਦੇ ਹਿੱਸੇ ਆਉਂਦਾ ਹੈ। ਇਸ ਵਾਰ ਦਾ ਤਜਰਬਾ ਅਗਲੀ ਵਾਰ ਦੀ ਤਿਆਰੀ ਦਾ ਆਧਾਰ ਬਣਾ ਕੇ ਅਭਿਆਸ ਜਾਰੀ ਰੱਖਣ ਅਤੇ ਅਗਲੇ ਸਾਲ ਹੋਰ ਉਤਸ਼ਾਹ ਤੇ ਭਰੋਸੇ ਨਾਲ ਮੁੜ ਮੈਦਾਨ ਵਿੱਚ ਆਉਣ । ਬੱਚਿਆ ਦੀ ਹਰ ਕੋਸ਼ਿਸ਼ ਦੀ ਕਦਰ ਹੈ ਅਤੇ ਸਾਨੂੰ ਸਾਰਿਆਂ ’ਤੇ ਮਾਣ ਹੈ।
ਇਹ ਬੱਚੇ ਹੀ ਸਾਡੇ ਭਵਿੱਖ ਦੇ ਵਾਰਸ ਹਨ। ਇਨ੍ਹਾਂ ਨੇ ਹੀ ਅੱਗੇ ਚੱਲ ਕੇ ਸਾਡੇ ਗੁਰਦੁਆਰਿਆਂ, ਸੰਸਥਾਵਾਂ ਅਤੇ ਭਾਈਚਾਰੇ ਦੀ ਵਾਗਡੋਰ ਸੰਭਾਲਣੀ ਹੈ। ਅੱਜ ਅਸੀਂ ਇਨ੍ਹਾਂ ਨੂੰ ਜਿਹੜੇ ਸੰਸਕਾਰ, ਸਿੱਖਿਆ ਅਤੇ ਸੇਵਾ ਦੀ ਪ੍ਰੇਰਣਾ ਦੇਵਾਂਗੇ, ਉਹੀ ਭਲਕੇ ਸਾਡੇ ਭਾਈਚਾਰੇ ਦੀ ਦਿਸ਼ਾ ਤੈਅ ਕਰਨਗੇ।
ਸਾਨੂੰ ਲੋੜ ਹੈ ਕਿ ਅਸੀਂ ਮਿਲ ਕੇ ਇਨ੍ਹਾਂ ਬੱਚਿਆਂ ਨੂੰ ਆਪਣੀ ਮਾਂ-ਬੋਲੀ, ਸਿੱਖ ਵਿਰਸੇ ਅਤੇ ਗੁਰਸਿੱਖੀ ਨਾਲ ਜੋੜੀਏ। ਉਨ੍ਹਾਂ ਦੇ ਸਵਾਲ ਸੁਣੀਏ, ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਕਦਰ ਕਰੀਏ ਅਤੇ ਪਿਆਰ, ਹੌਸਲੇ ਤੇ ਆਪਣੀ ਮਿਸਾਲ ਰਾਹੀਂ ਉਨ੍ਹਾਂ ਦਾ ਮਾਰਗਦਰਸ਼ਨ ਕਰੀਏ।
ਇਸ ਦੋ ਰੋਜ਼ਾ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸੇਵਾਦਾਰਾਂ, ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ, ਸਟਾਫ , ਜੱਜ ਸਾਹਿਬਾਨ, ਲੰਗਰ ਟੀਮ, ਸਟਾਲ ਲਗਾਉਣ ਵਾਲਿਆਂ, ਸਪਾਂਸਰਾਂ , ਸਮੂਹ ਮੀਡੀਆ ਅਤੇ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ।
ਕਿਸੇ ਨੇ ਸਮਾਂ ਦਿੱਤਾ, ਕਿਸੇ ਨੇ ਹੁਨਰ, ਕਿਸੇ ਨੇ ਆਰਥਿਕ ਸਹਿਯੋਗ ਅਤੇ ਕਿਸੇ ਨੇ ਪਰਦੇ ਪਿੱਛੇ ਚੁੱਪਚਾਪ ਸੇਵਾ ਨਿਭਾਈ। ਹਰ ਸੇਵਾ ਕੀਮਤੀ ਸੀ ਅਤੇ ਹਰ ਸਹਿਯੋਗ ਨੇ ਇਸ ਸਮਾਗਮ ਨੂੰ ਸੰਵਾਰਿਆ। ਇਹ ਸਫਲਤਾ ਤੁਹਾਡੇ ਸਾਰਿਆਂ ਦੀ ਸਾਂਝੀ ਮਿਹਨਤ ਦਾ ਫਲ ਹੈ।
ਪ੍ਰਬੰਧਾਂ ਵਿੱਚ ਜਾਣੇ-ਅਣਜਾਣੇ ਰਹਿ ਗਈ ਕਿਸੇ ਕਮੀ ਜਾਂ ਹੋਈ ਕਿਸੇ ਵੀ ਅਸੁਵਿਧਾ ਲਈ ਅਸੀਂ ਨਿਮਰਤਾ ਸਹਿਤ ਖਿਮਾ ਮੰਗਦੇ ਹਾਂ। ਜੋ ਚੰਗਾ ਹੋਇਆ, ਉਹ ਤੁਹਾਡੇ ਸਹਿਯੋਗ ਸਦਕਾ ਹੋਇਆ ,ਜਿੱਥੇ ਕਮੀ ਰਹੀ, ਉਸ ਨੂੰ ਸੁਧਾਰਨਾ ਸਾਡੀ ਜ਼ਿੰਮੇਵਾਰੀ ਹੈ। ਅਗਲੇ ਸਮਾਗਮ ਨੂੰ ਹੋਰ ਸੁਚੱਜਾ ਬਣਾਉਣ ਲਈ ਤੁਸੀਂ ਆਪਣੇ ਸੁਝਾਅ ਜ਼ਰੂਰ ਸਾਂਝੇ ਕਰੋ।
ਸੇਵਾ ਦੇ ਇਸ ਸਫ਼ਰ ਵਿੱਚ ਕਈ ਵਾਰ ਸੁਸਾਇਟੀ ਨੂੰ ਕੋਈ ਬੇਗਾਨਿਆਂ ਤੇ ਕਈ ਆਪਣਿਆਂ ਦੇ ਜਾਣ ਬੁੱਝ ਕੀਤੇ ਵਿਰੋਧ ਅਤੇ ਬੇਬੁਨਿਆਦ ਪ੍ਰਚਾਰ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰ ਫਿਰ ਵੀ ਸੁਸਾਇਟੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਵਿਚਾਰਾਂ ਦੇ ਵਖਰੇਵੇਂ ਦੇ ਬਾਵਜੂਦ ਹਰ ਵਿਅਕਤੀ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਅਤੇ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇ। ਬਜ਼ੁਰਗਾਂ ਦੀ ਇਹ ਕਹਾਵਤ ਸਾਨੂੰ ਹੌਸਲਾ ਦਿੰਦੀ ਹੈ ਕਿ ,
“ਇੱਟਾਂ ਵੀ ਉਸੇ ਬੇਰੀ ਨੂੰ ਪੈਂਦੀਆਂ ਨੇ ,
ਜਿਹੜੀ ਬੇਰੀ ਦੇ ਮਿੱਠੜੇ ਬੇਰ ਹੁੰਦੇ ਹਨ।”
ਇਸ ਦੇ ਨਾਲ ਅਸੀਂ ਉਸਾਰੂ ਆਲੋਚਨਾ ਨੂੰ ਸੁਣਨ ਅਤੇ ਆਪਣੀਆਂ ਕਮੀਆਂ ਤੋਂ ਸਿੱਖਣ ਲਈ ਵੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਸਾਡੇ ਬੱਚਿਆਂ ਦਾ ਸੁਨਹਿਰਾ ਭਵਿੱਖ ਅਤੇ ਭਾਈਚਾਰੇ ਦੀ ਚੜ੍ਹਦੀ ਕਲਾ ਹੀ ਸਾਡੀ ਸਾਂਝੀ ਮੰਜ਼ਿਲ ਹੈ।
ਆਸ ਹੈ ਕਿ ਭਵਿੱਖ ਵਿੱਚ ਵੀ ਸੁਸਾਇਟੀ ਵੱਲੋਂ ਉਲੀਕੇ ਹਰ ਕਾਰਜ ਲਈ ਤੁਹਾਡਾ ਪਿਆਰ, ਸਾਥ ਅਤੇ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੇਗਾ।
ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅੱਜ ਇਨ੍ਹਾਂ ਬੱਚਿਆਂ ਦਾ ਹੱਥ ਫੜੀਏ, ਤਾਂ ਜੋ ਭਲਕੇ ਇਹ ਭਰੋਸੇ ਨਾਲ ਭਾਈਚਾਰੇ ਦੀ ਵਾਗਡੋਰ ਸੰਭਾਲ ਸਕਣ।
ਧੰਨਵਾਦ ਸਹਿਤ,
ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ
ਅਤੇ ਸਿੱਖ ਹੈਰੀਟੇਜ ਸਕੂਲ



