South Island ਵਿੱਚ ਤੇਜ਼ੀ ਨਾਲ ਵਧਣ ਲੱਗੀਆਂ ਘਰਾਂ ਦੀਆਂ ਕੀਮਤਾਂ, North Island ਵਿੱਚ ਗਿਰਾਵਟ ਜਾਰੀ

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਰਿਹਾਇਸ਼ੀ ਜਾਇਦਾਦ ਬਾਜ਼ਾਰ ਵਿੱਚ ਉੱਤਰੀ ਅਤੇ ਦੱਖਣੀ ਟਾਪੂ ਵਿਚਕਾਰ ਕੀਮਤਾਂ ਦਾ ਫ਼ਰਕ ਹੋਰ ਵਧਦਾ ਜਾ ਰਿਹਾ ਹੈ। ਜਾਇਦਾਦ ਬਾਰੇ ਅੰਕੜੇ ਜਾਰੀ ਕਰਨ ਵਾਲੀ ਸੰਸਥਾ QV ਦੇ ਤਾਜ਼ਾ ਅਪਡੇਟ ਮੁਤਾਬਕ ਦੱਖਣੀ ਟਾਪੂ ਦੇ ਕਈ ਇਲਾਕਿਆਂ ਵਿੱਚ ਘਰਾਂ ਦੀਆਂ ਕੀਮਤਾਂ ਸਥਿਰ ਰਹੀਆਂ ਹਨ ਜਾਂ ਵਧੀਆਂ ਹਨ, ਜਦਕਿ ਉੱਤਰੀ ਟਾਪੂ ਦੇ ਮੁੱਖ ਸ਼ਹਿਰੀ ਇਲਾਕਿਆਂ ਵਿੱਚ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਅਕਤੂਬਰ ਦੇ ਅੰਤ ਤੱਕ ਦੇ ਤਿੰਨ ਮਹੀਨਿਆਂ ਦੌਰਾਨ ਨਿਊਜ਼ੀਲੈਂਡ ਵਿੱਚ ਘਰਾਂ ਦੀ ਔਸਤ ਕੀਮਤ 0.9 ਫ਼ੀਸਦੀ ਘਟ ਕੇ 890,508 ਡਾਲਰ ਰਹਿ ਗਈ। ਇਸ ਤੋਂ ਪਿਛਲੇ ਤਿੰਨ ਮਹੀਨਿਆਂ, ਸਤੰਬਰ ਦੇ ਅੰਤ ਤੱਕ, ਇਹ ਗਿਰਾਵਟ 1.5 ਫ਼ੀਸਦੀ ਸੀ। ਇਸ ਦਾ ਮਤਲਬ ਹੈ ਕਿ ਦੇਸ਼ ਭਰ ਵਿੱਚ ਘਰਾਂ ਦੀਆਂ ਕੀਮਤਾਂ ਹਾਲੇ ਵੀ ਘਟ ਰਹੀਆਂ ਹਨ, ਪਰ ਗਿਰਾਵਟ ਦੀ ਰਫ਼ਤਾਰ ਕੁਝ ਹੌਲੀ ਹੋਈ ਹੈ।

ਉੱਤਰੀ ਟਾਪੂ ਦੇ ਸਾਰੇ ਮੁੱਖ ਸ਼ਹਿਰੀ ਇਲਾਕਿਆਂ ਵਿੱਚ ਘਰਾਂ ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਆਕਲੈਂਡ ਵਿੱਚ ਤਿੰਨ ਮਹੀਨਿਆਂ ਦੌਰਾਨ 1.6 ਫ਼ੀਸਦੀ ਅਤੇ ਰੋਟੋਰੂਆ ਵਿੱਚ 2.9 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਵੱਡੀਆਂ ਕਮੀਆਂ ਵਿੱਚ ਸ਼ਾਮਲ ਹਨ।

ਇਸ ਦੇ ਉਲਟ ਦੱਖਣੀ ਟਾਪੂ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਜਾਇਦਾਦਾਂ ਦੀਆਂ ਕੀਮਤਾਂ ਸਥਿਰ ਰਹੀਆਂ ਜਾਂ ਵਧੀਆਂ। ਸਿਰਫ਼ ਨੈਲਸਨ ਅਤੇ ਟਿਮਾਰੂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਕ੍ਰਾਈਸਟਚਰਚ ਵਿੱਚ ਘਰਾਂ ਦੀਆਂ ਕੀਮਤਾਂ 0.6 ਫ਼ੀਸਦੀ ਵਧੀਆਂ, ਜਦਕਿ ਕਵੀਨਸਟਾਊਨ ਵਿੱਚ 2.6 ਫ਼ੀਸਦੀ ਦਾ ਵਾਧਾ ਹੋਇਆ।

QV ਦੇ ਬੁਲਾਰੇ ਸਾਈਮਨ ਪੀਟਰਸਨ ਨੇ ਕਿਹਾ ਕਿ ਦੇਸ਼ ਪੱਧਰ ‘ਤੇ ਘਰਾਂ ਦੀਆਂ ਕੀਮਤਾਂ ਵਿੱਚ ਹਾਲੇ ਵੀ ਗਿਰਾਵਟ ਆ ਰਹੀ ਹੈ, ਪਰ ਦੋਵਾਂ ਟਾਪੂਆਂ ਵਿੱਚ ਬਾਜ਼ਾਰ ਇੱਕੋ ਦਿਸ਼ਾ ਵਿੱਚ ਨਹੀਂ ਚੱਲ ਰਿਹਾ। ਉਨ੍ਹਾਂ ਮੁਤਾਬਕ ਦੱਖਣੀ ਟਾਪੂ ਦੀ ਆਰਥਿਕਤਾ ਅਤੇ ਜਾਇਦਾਦ ਬਾਜ਼ਾਰ ਪਿਛਲੇ ਕੁਝ ਸਮੇਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ ਇਹ ਫ਼ਰਕ ਹੋਰ ਸਪੱਸ਼ਟ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਉੱਤਰੀ ਟਾਪੂ ਦੇ ਕਈ ਇਲਾਕਿਆਂ ਵਿੱਚ ਖਰੀਦਦਾਰਾਂ ਕੋਲ ਚੋਣ ਲਈ ਕਾਫ਼ੀ ਘਰ ਮੌਜੂਦ ਹਨ ਅਤੇ ਉਨ੍ਹਾਂ ਨੂੰ ਜਲਦੀ ਫ਼ੈਸਲਾ ਕਰਨ ਦੀ ਲੋੜ ਮਹਿਸੂਸ ਨਹੀਂ ਹੋ ਰਹੀ। ਦੂਜੇ ਪਾਸੇ ਦੱਖਣੀ ਟਾਪੂ ਦੇ ਕੁਝ ਇਲਾਕਿਆਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

QV ਮੁਤਾਬਕ ਸਾਲ ਦੀ ਸ਼ੁਰੂਆਤ ਦੇ ਮੁਕਾਬਲੇ ਦੇਸ਼ ਵਿੱਚ ਘਰਾਂ ਦੀ ਔਸਤ ਕੀਮਤ ਹੁਣ 2.2 ਫ਼ੀਸਦੀ ਘੱਟ ਹੈ। ਕ੍ਰਿਸਮਸ ਤੋਂ ਪਹਿਲਾਂ ਬਾਜ਼ਾਰ ਵਿੱਚ ਕੁਝ ਸੁਧਾਰ ਦੀ ਸੰਭਾਵਨਾ ਤਾਂ ਹੈ, ਪਰ ਮੌਜੂਦਾ ਰੁਝਾਨ ਦੇ ਆਧਾਰ ‘ਤੇ ਸਾਲ ਦੇ ਅੰਤ ਤੱਕ ਔਸਤ ਕੀਮਤਾਂ ਨੂੰ ਸਾਲ ਦੀ ਸ਼ੁਰੂਆਤ ਵਾਲੇ ਪੱਧਰ ਤੋਂ ਉੱਪਰ ਲਿਜਾਣ ਲਈ ਕਾਫ਼ੀ ਤੇਜ਼ੀ ਨਾਲ ਬਦਲਾਅ ਆਉਣਾ ਲਾਜ਼ਮੀ ਹੋਵੇਗਾ।

ਹਾਲਾਂਕਿ ਦੱਖਣੀ ਟਾਪੂ ਦੇ ਕਈ ਇਲਾਕਿਆਂ ਵਿੱਚ ਘਰਾਂ ਦੀਆਂ ਕੀਮਤਾਂ ਪਹਿਲਾਂ ਹੀ ਸਾਲ ਦੀ ਸ਼ੁਰੂਆਤ ਦੇ ਪੱਧਰ ਤੋਂ ਅੱਗੇ ਨਿਕਲ ਰਹੀਆਂ ਹਨ।

Share it :
error: Content is protected !!