ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਸੀਂ ਕਿਸੇ ਇਮੀਗ੍ਰੇਸ਼ਨ ਐਜੰਟ ਦੀ ਸਲਾਹ ਲੈ ਰਹੇ ਹੋ ਤਾਂ ਉਸ 'ਤੇ ਅੰਨਾ ਵਿਸ਼ਵਾਸ਼ ਕਰਨ ਦੀ ਗਲਤੀ ਨਾ ਕਰਿਓ, ਕਿਉਂਕਿ ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ (ਐਮ ਐਸ ਡੀ) ਅਤੇ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਛਾਣਬੀਣ ਕੀਤੇ ਜਾ ਰਹੇ ਇੱਕ ਤਾਜਾ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਚੀਨੀ ਮੂਲ ਦੇ ਇਮੀਗ੍ਰੇਸ਼ਨ ਸਲਾਹਕਾਰ ਨੇ ਇੱਕ ਪ੍ਰਵਾਸੀ ਨੌਜਵਾਨ ਦੇ ਨਾਮ 'ਤੇ ਹਜਾਰਾਂ ਡਾਲਰ ਅਸਾਇਲਮ ਸੀਕਰ ਬੈਨੇਫਿਟ ਤਹਿਤ ਹਾਸਿਲ ਕੀਤੇ। ਇਮੀਗ੍ਰੇਸ਼ਨ ਸਲਾਹਕਾਰ ਨੇ ਨੌਜਵਾਨ ਤੋਂ ਪਹਿਲਾਂ ਤਾਂ ਉਸਦਾ ਪਾਸਪੋਰਟ ਤੇ ਹੋਰ ਜਰੂਰੀ ਕਾਗਜਾਤ ਇਹ ਕਹਿੰਦਿਆਂ ਲਏ ਕਿ ਉਸਦੀ ਨੌਕਰੀ ਲਗਵਾਉਣੀ ਹੈ ਤੇ ਨਾਲ ਹੀ ਉਸਦੇ ਵੀਜੇ ਦੀ ਫਾਈਲ ਲਾਉਣੀ ਹੈ।
ਨੌਜਵਾਨ ਅਨੁਸਾਰ ਇਮੀਗ੍ਰੇਸ਼ਨ ਸਲਾਹਕਾਰ ਨੇ ਨੌਕਰੀ ਦੁਆਉਣ ਦਾ ਝਾਂਸਾ ਦੇਕੇ ਕਈਆਂ ਨਾਲ ਉਸਦੀ ਮੀਟਿੰਗ ਕਰਵਾਈ, ਜੋ ਕਿ ਬੇਸਿੱਟਾ ਰਹੀਆਂ। ਪਰ ਜੂਨ 2023 ਵਿੱਚ ਜਦੋਂ ਨੌਜਵਾਨ ਨੂੰ ਆਈ ਆਰ ਡੀ ਦੇ ਆਂਕੜਿਆਂ ਤੋਂ ਪਤਾ ਲੱਗਾ ਕਿ ਉਸਨੇ $17,000 ਬੈਨੇਫਿਟ ਹਾਸਿਲ ਕੀਤੇ ਹਨ ਅਤੇ ਉਸਨੇ ਅਸਾਇਲਮ ਲਾਈ ਹੋਈ ਹੈ ਤਾਂ ਉਸਦੇ ਹੋਸ਼ ਉੱਡ ਗਏ ਤੇ ਉਸਨੇ ਇਸਦੀ ਸ਼ਿਕਾਇਤ ਐਮ ਐਸ ਡੀ ਕੋਲ ਕੀਤੀ, ਜਿੱਥੇ ਮਾਮਲੇ ਦੀ ਛਾਣਬੀਣ ਸ਼ੁਰੂ ਹੋਈ, ਤੇ ਇਮੀਗ੍ਰੇਸ਼ਨ ਸਲਾਹਕਾਰ ਨੂੰ ਅਗਸਤ ਵਿੱਚ ਪੇਸ਼ੀ ਲਈ ਬੁਲਾਇਆ ਗਿਆ, ਪਰ ਉਹ ਪੇਸ਼ੀ 'ਤੇ ਨਾ ਪੁੱਜਾ ਤੇ ਹੁਣ ਉਸਦੇ ਨਾਮ 'ਤੇ ਕਈ ਦੋਸ਼ ਦਾਇਰ ਕਰਦਿਆਂ ਵਾਰੰਟ ਜਾਰੀ ਕਰ ਦਿੱਤੇ ਗਏ ਹਨ।