Wednesday, 23 October 2024
10 September 2024 Australia

ਆਸਟਰੇਲੀਆ ਵਿੱਚ ਗੁਟਕਾ ਸਾਹਿਬ ਤੇ ਗੁਰਬਾਣੀ ਦੀ ਬੇਅਦਬੀ ਖਿਲਾਫ ਜ਼ਬਰਦਸਤ ਰੋਸ ਮਾਰਚ

ਆਸਟਰੇਲੀਆ ਵਿੱਚ ਗੁਟਕਾ ਸਾਹਿਬ ਤੇ ਗੁਰਬਾਣੀ ਦੀ ਬੇਅਦਬੀ ਖਿਲਾਫ ਜ਼ਬਰਦਸਤ ਰੋਸ ਮਾਰਚ - NZ Punjabi News

ਮੈਲਬੌਰਨ : 10 ਸਤੰਬਰ 2024 ( ਸੁਖਜੀਤ ਸਿੰਘ ਔਲਖ ) ਪਾਵਨ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਦੇਸ਼ ਪੰਜਾਬ ਤੋਂ ਸ਼ੁਰੂ ਹੋ ਕੇ ਵਿਦੇਸ਼ ਆਸਟਰੇਲੀਆ ਦੀ ਧਰਤੀ ਤੱਕ ਆ ਪਹੁੰਚੀਆਂ ਹਨ । ਬੀਤੇ ਦਿਨੀਂ ਪਰਥ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੇ ਨੇੜੇ ਕਿਸੇ ਗੰਦੀ ਨਾਲੀ ਦੇ ਕੀੜੇ ਵੱਲੋਂ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਅੰਗ ਖੇਰੂੰ ਖੇਰੂੰ ਕਰਕੇ ਟਾਇਲਟ ਵਿੱਚ ਸੁੱਟ ਕੇ ਸਾਰਾ ਕੁਝ ਜਾਣ ਬੁੱਝ ਕੇ ਕੈਮਰੇ ਵਿੱਚ ਕੈਦ ਕਰਕੇ ਵੀਡੀਓ ਜਨਤਕ ਕਰਨ ਦੀ ਘਿਨਾਉਣੀ ਹਰਕਤ ਕੀਤੀ ਗਈ ਜਿਸ ਨਾਲ ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਬੁਰੀ ਤਰਾਂ ਛਲਣੀ ਹੋਏ ਹਨ । ਬਹੁਤ ਸਖ਼ਤ ਐਕਸ਼ਨ ਲੈਂਦੇ ਹੋਏ ਆਸਟਰੇਲੀਆ ਭਰ ਵਿੱਚ ਸਿੱਖ ਸੰਗਤਾਂ , ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਮੂਹ ਸਿੱਖ ਸੰਸਥਾਵਾਂ ਵੱਲੋਂ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਰੋਸ ਮਾਰਚ ਕੱਢੇ ਜਾ ਰਹੇ ਹਨ । ਮੈਲਬੌਰਨ ਦੇ ਫੈਡਰੇਸ਼ਨ ਸੁਕੇਅਰ ਤੋਂ ਲੈ ਕੇ ਸਟੇਟ ਲਾਇਬਰੇਰੀ ਤੱਕ ਅੱਜ ਮੰਗਲਵਾਰ ਨੂੰ ਬਹੁਤ ਜ਼ਬਰਦਸਤ ਰੋਸ ਮਾਰਚ ਕੀਤਾ ਗਿਆ । ਸਰਕਾਰ ਤੋਂ ਇਸ ਬੇਹੱਦ ਘਿਨਾਉਣੀ ਹਰਕਤ ਦੀ ਡੂੰਘਾਈ ਨਾਲ ਜਾਂਚ ਕਰਕੇ ਮਿਸਾਲੀ ਸਜ਼ਾ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਣਹੋਣੀ ਨਾਂ ਵਾਪਰੇ । ਏਸੇ ਤਰਾਂ
ਸਿੱਖ ਸੰਗਤ ਵੱਲੋਂ ਤਸਮਾਨੀਆ ਸੂਬੇ ਦੇ ਸ਼ਹਿਰ ਹੋਬਾਰਟ ਚ’ ਪਾਰਲੀਮੈਂਟ ਬਾਹਰ " ਜਾਗਰੂਕਤਾ ਇਕੱਠ " ਕੀਤਾ ਗਿਆ ਤੇ ਪੁਲਸ ਅਤੇ ਪ੍ਰਸ਼ਾਸ਼ਨ ਤੋਂ ਇਸ ਸਿਲਸਿਲੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ । ਵੈਸਟਰਨ ਆਸਟਰੇਲੀਆ ਦੀ ਪੁਲਸ ਵੱਲੋਂ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਤੇ ਇਸ ਸੰਬੰਧ ਵਿੱਚ ਇੱਕ 20 ਸਾਲਾ ਵਿਅਕਤੀ ਨੂੰ ਪੁਲਸ ਵੱਲੋਂ ਹਿਰਾਸਤ ਵਿੱਚ ਲੈ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

ADVERTISEMENT
NZ Punjabi News Matrimonials