“ਅਸਟ੍ਰੇਲੀਆ ਦਾ ਮੂੰਹ ਮੱਥਾ ਸਵਾਰਨ ‘ਚ ਪੰਜਾਬੀਆਂ ਦਾ ਵੀ ਵੱਡਾ ਯੋਗਦਾਨ ਰਿਹੈ”
(ਸਿਡਨੀ ਤੋਂ ਮਨਮੋਹਨ ਸਿੰਘ ਖੇਲਾ)
ਹਿੰਦੋਸਤਾਨ ‘ਚ ਜਦੋਂ ਅਮੀਰ ਅਤੇ ਉੱਚ ਜਾਤੀਆਂ ਸਮੇਤ ਹਿੰਦੂ ਧਰਮ ਦੇ ਪੈਰੋਕਾਰਾਂ ਨੇ ਗਰੀਬਾਂ ਸਮੇਤ
ਨੀਵੀਂਆਂ ਜਾਤਾਂ ਦੇ ਲੋਕਾਂ ਨਾਲ ਵਿਤਕਰਾ ਕਰਦਿਆਂ ਹੋਇਆਂ ਨੇ ਛੂਤ-ਛਾਤ ਨੂੰ ਬਹੁਤ ਬੜਾਵਾ ਦਿੰਦਿਆਂ ਛੋਟੀਆਂ
ਜਾਤਾਂ ਦੀ ਭਿੱਟ ਹੋਣ ਨਾਲ ਨਫਰਤ ਪੈਦਾ ਕਰਕੇ ਗਰੀਬ ਅਛੂਤਾਂ ਵਿਚ ਅੰਤਾਂ ਦੀ ਹੀਣ ਭਾਵਨਾ ਪੈਦਾ ਕੀਤੀ ਹੋਈ ਸੀ।ਉਸ ਵੇਲੇ
ਅਮੀਰ ‘ਤੇ ਉੱਚ ਜਾਤੀ ਲੋਕਾਂ ਵਲੋਂ ਗਰੀਬ ‘ਤੇ ਛੋਟੀਆਂ ਜਾਤਾਂ ਦੇ ਲੋਕਾਂ ਨਾਲ ਡੰਗਰਾਂ ਅਤੇ ਜਾਨਵਰਾਂ ਤੋਂ ਵੀ ਬਹੁਤ ਘਟੀਆ
ਵਿਵਹਾਰ ਕੀਤਾ ਜਾਣ ਲੱਗ ਪਿਆ ਸੀ।ਉਸ ਵੇਲੇ ਪ੍ਰਮਾਤਮਾ ਵਲੌਂ ਲਾਹੌਰ ਲਾਗੇ ਸਾਬੋ ਕੀ ਤਲਵੰਡੀ ਨਨਕਾਣਾ ਸਾਹਿਬ
(ਪਾਕਿਸਤਾਨ) ਵਿਖੇ 1469 ਈਸਵੀ ‘ਚ 15 ਅਪ੍ਰੈਲ (ਕੱਤਕ) ਦੀ ਪੂਰਨਮਾਸ਼ੀ ਨੂੰ ਮਾਤਾ ਤ੍ਰਿਪਤਾ ਅਤੇ ਮਾਲ ਵਿਭਾਗ ‘ਚ ਬਤੌਰ
ਪਟਵਾਰੀ ਵਜੋਂ ਕੰਮ ਕਰਨ ਵਾਲੇ ਮਹਿਤਾ ਕਾਲੁ ਜੀ ਦੇ ਘਰ ਗਰੀਬ ‘ਤੇ ਦੁਖੀ ਸਮਾਜ ਦੇ ਦਰਦਾਂ ਨੂੰ ਅਪਣਾ ਦਰਦ ਸਮਝਣ ਵਾਲੇ
ਮਸੀਹੇ ਅਤੇ ਸਿੱਖ ਧਰਮ ਦੇ ਜਨਮਦਾਤਾ ‘ਤੇ ਸਿੱਖਾਂ ਦੇ ਪਹਿਲੇ ਗੁਰੂੁ ਸਾਹਿਬ ਗੁਰੁ ਨਾਨਕ ਦੇਵ ਜੀ ਨੂੰ ਭੇਜਿਆ।ਗੁਰੂ
ਸਾਹਿਬ ਜੀ ਵਲੋਂ ਅਵਤਾਰ ਧਾਰ ਕੇ ਮਾਨਵਤਾ ਵਿਚ ਊਚ-ਨੀਚ, ਗਰੀਬ-ਅਮੀਰ ‘ਚ ਪਏ ਪਾੜੇ ਨੂੰ ਅਤੇ ਗਰੀਬ ‘ਤੇ ਛੋਟੀਆਂ ਜਾਤਾਂ
ਦੇ ਲੋਕਾਂ ਨੂੰ ਬਰਾਬਰਤਾ ਦੁਆਉਂਣ ਲਈ ਭਾਈ ਲਾਲੋ ਦੀ ਸੱਖਤ ਮਹਿਨਤ ਦੀ ਕਮਾਈ ਨਾਲ ਬਣਾਈ ਕੋਧਰੇ ਦੀ ਰੁੱਖੀ-ਸੁੱਖੀ
ਰੋਟੀ ਵਿਚੋਂ ਅੰਮ੍ਰਿਤ ਰੂਪੀ ਦੁੱਧ ਅਤੇ ਮਹਿਨਤੀ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਹੜਪ ਕਰਨ ਵਾਲੇ ਸੇਠ ਮਲਕ ਭਾਗੋ
ਦੁਆਰਾ ਛੱਤੀ ਪ੍ਰਕਾਰ ਦੇ ਬਣਾਏ ਭੋਜਨ ਵਿਚੋਂ ਖੁਨ (ਲਹੁ) ਕੱਢ ਕੇ ਸਾਬਤ ਕੀਤਾ ਸੀ ਕਿ ਇਮਾਨਦਾਰ ਮਹਿਨਤਕਸ਼ਾਂ ਦੀ
ਕਮਾਈ ਅੰਮ੍ਰਿਤ ਹੈ।ਇਸੇ ਤਰ੍ਹਾਂ ਹੰਕਾਰੇ ਹੋਏ ਵੱਡੇ ਲੋਕਾਂ ਵਲੋਂ ਲੁੱਟ-ਕਸੁੱਟ ਦੁਆਦਾ ਕੀਤੀ ਗਈ ਕਮਾਈ ਗਰੀਬਾਂ ਦਾ
ਖੂਨ ਹੈ।ਸਾਰੇ ਸਮਾਜ ਨੂੰ ਬਰਾਬਰ ਲਿਆਉਂਣ ਦਾ ਪੁੱਟਿਆ ਗਿਆ ਇਹ ਬਹੁਤ ਵੱਡਾ ਇਨਕਲਾਬੀ ਕਦਮ ਸੀ।ਗੁਰੂ ਨਾਨਕ ਦੇਵ ਜੀ
ਤੋਂ ਬਾਅਦ ਦਸਵੇਂ ਗੁਰੂ ਗੋਬਿੰਦ ਸਿੰਘ ਤੱਕ ਦਸਾਂ ਗੁਰੂ ਸਾਹਿਬਾਨ ਦੁਆਰਾ ਸਾਡੇ ਸਮਾਜ ਲਈ ਕੀਤੀਆਂ ਗਈਆਂ
ਕੁਰਬਾਨੀਆਂ ‘ਤੇ ਉਨ੍ਹਾਂ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਸਮੇਤ ਸਮਾਜ ਲਈ ਕੀਤੇ ਗਏ ਕੰਮਾਂ ਨੇ ਇੱਕ ਆਮ
ਆਦਮੀ ਨੂੰ ਖਾਲਸ ਪੁਰਸ਼ ਖਾਲਸਾ ਬਣਾ ਦਿੱਤਾ ਹੋਇਆ ਹੈ।
ਇਨ੍ਹਾਂ ਸਿੱਖਿਆਵਾਂ ਨੂੰ ਪ੍ਰਾਪਤ ਕਰਨ ਵਾਲੇ ਇਸ ਖਿਤੇ ਦੇ ਮਹਿਨਤੀ ਮਹਿਨਤਕਸ਼ ਪੰਜਾਬੀ
ਸਿੱਖਾਂ ਨੇ ਦੁਨੀਆਂ ਦੇ ਅਨੇਕਾਂ ਹੋਰ ਦੇਸਾਂ ਤੋਂ ਇਲਾਵਾ ਅਸਟ੍ਰੇਲੀਆ ‘ਚ ਵੀ ਖਾਲੀ ਹੱਥ ਪਹੁੰਚ ਕੇ ਸਾਰੀ ਦੁਨੀਆਂ ਦੀਆਂ
ਹੋਰ ਬਾਕੀ ਕੌਮਾਂ ਨੂੰ ਆਪਣੀ ਸੱਖਤ ਮਹਿਨਤ ਜਰੀਏ ਹੈਰਾਨ ਕਰ ਵਿਖਾਇਆ ਹੈ।ਜਿਸ ਦੀ ਜਿਊਂਦੀ ਜਾਗਦੀ ਮਿਸਾਲ ਸਤਾਰਵੀਂ,
ਅਠਾਰਵੀਂ, ਉੱਨੀਵੀਂ ਸਦੀ ‘ਚ ਗਰੀਬੀ ਦੀ ਮਾਰ ਨਾ ਸਹਿੰਦੇ ਹੋਏ ਪੰਜਾਬੀ, ਸਮੰੁਦਰੀ ਕਿਸਤੀਆਂ ਅਤੇ ਜਹਾਜਾਂ ‘ਤੇ ਚੜ੍ਹ ਕੇ
ਸੰਸਾਰ ਦੇ ਹੋਰ ਦੇਸਾਂ ਦੀ ਤਰ੍ਹਾਂ ਅਸਟ੍ਰੇਲੀਆ ਵਿਚ ਵੀ ਆਣ ਪਹੁੰਚੇ ਸਨ।ਉਦੋਂ ਪੇਂਡੂ ਬੋਲੀ ‘ਚ ਇਸ ਦੇਸ ਨੂੰ ਸਾਡੇ
ਲੋਕੀਂ ‘ਤੇਲੀਆ’ ਕਹਿੰਦੇ ਸਨ।ਉਦੋਂ ਬ੍ਰਿਿਟਸ਼ ਸਰਕਾਰ ਦਾ ਰਾਜ ਸਾਰੀ ਦੁਨੀਆਂ ‘ਚ ਫੈਲ ਰਿਹਾ ਸੀ।ਇਸੇ ਨੀਯਤ ਨਾਲ ਬ੍ਰਿਿਟਸ਼ ਸਰਕਾਰ
ਨੇ ਕੈਪਟਨ ਕੁੱਕ ਨਾ ਦੇ ਕਪਤਾਨ ਨੂੰ ਕਮਜੋਰ ਰਾਜ ਪ੍ਰਬੰਧ ਵਾਲੇ ਦੇਸਾਂ ਅਤੇ ਵਿਹਲੀਆਂ ਧਰਤੀਆਂ ਵਾਲੇ ਦੇਸ ਲੱਭਣ ਲਈ
ਭੇਜਿਆ।ਜਿਹੜਾ ਕਿ ਸਮੁੰਦਰੀ ਬੇੜਾ ਲੈ ਕੇ 1770 ‘ਚ ਇਸ ਵਿਹਲੀ ਪਈ ਧਰਤੀ ਅਸਟ੍ਰੇਲੀਆ ਅਤੇ ਨਿਊਜੀਲੈਂਡ
ਪੰਹੁਚਿਆ।ਨਾਮਾਤਰ ਥੋੜੇ ਜਹੇ ਓਬਰਿਜਨਲ ਮੂਲਵਾਸੀ ਵਸੋਂ ਵਾਲੀ ਇਸ ਧਰਤੀ ਦਾ ਆਪਣੀ ਪਾਰਖੂ ਅੱਖ ਨਾਲ ਜਾਇਜਾ ਲੈ ਕੇ
ਅਨਮੋਲ ਖਣਿਜ ਪਦਾਰਥਾਂ ਵਾਲੇ ਵਡਮੁਲੇ ਅਨਮੋਲ ਖਜਾਨੇ ਵਾਲੀ ਵਿਹਲੀ ਪਈ ਧਰਤੀ ਨੂੰ ਅਬਾਦ ਕਰਨ ਦੀ ਨੀਯਤ ਨਾਲ ਬ੍ਰਿਿਟਸ਼ ਸਰਕਾਰ
ਪਾਸ ਦਸਣ ਲਈ ਵਾਪਿਸ ਮੁੜ ਗਿਆ।ਦੁਬਾਰਾ ਤੋਂ ਬ੍ਰਿਿਟਸ਼ ਸਰਕਾਰ ਨੇ ਕੈਪਟਨ ਔਰਥਰ ਫਿਲਪ ਦੀ ਕਮਾਂਡ ਹੇਠ ਆਪਣੇ ਰਾਜ ਹੇਠ
ਆਉਂਦੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਸਜਾ ਦੇਣ ਦੀ ਨੀਯਤ ਨਾਲ ਅਤੇ ਉਨ੍ਹਾਂ ਤੋਂ ਹੀ ਕਲੋਨੀਆਂ ਬਣਵਾਉਂਣ ਲਈ ਅਤੇ
ਅਸਟ੍ਰੇਲੀਆ ਉੱਤੇ ਕਬਜਾ ਕਰਨ ਲਈ 11 ਸਮੁੰਦਰੀ ਬੇੜਿਆਂ ਅਤੇ ਹਰ ਕਿਸਮ ਦਾ ਸਾਜੋ-ਸਮਾਨ ਲੱਦ ਕੇ ਅਤੇ 1500 ਦੇ ਕਰੀਬ
ਕਾਮਿਆਂ ਨੂੰ ਭੇਜਿਆ ਗਿਆ।ਜਿਨ੍ਹਾਂ ‘ਚ ਕਾਲੇ ਪਾਣੀ ਸਜਾ ਯਾਫਤਾ 778 ਅਪਰਾਧੀ ਕਿਸਮ ਦੇ ਲੋਕਾਂ ਨੂੰ ਵੀ ਲਿਆਂਦਾ
ਗਿਆ ਜਿਨ੍ਹਾਂ ਵਿਚ 192 ਔਰਤਾਂ ‘ਤੇ 586 ਆਦਮੀ ਸਨ।ਇਨ੍ਹਾਂ ਸੱਭਨਾਂ ਨੂੰ ਇੰਗਲੈਂਡ ਤੋਂ ਲਿਆ ਕੇ 26 ਜਨਵਰੀ 1788
ਨੂੰ ਅਸਟ੍ਰੇਲੀਆ ਦੇ (ਨਿਊ-ਸਾਊਥ-ਵੇਲਜ) ਸੂਬੇ ਦੇ ਸਮੰੁਦਰੀ ਕਿਨਾਰੇ ਆਪਣਾ ਬ੍ਰਿਿਟਸ਼ ਸਰਕਾਰ ਦਾ ਝੰਡਾ ਗੱਡ ਦਿੱਤਾ ਸੀ।
ਉਸ ਵੇਲੇ ਤੋਂ ਇਸ ਧਰਤੀ ਦਾ ਅਮਲੀ ਤੌਰ ‘ਤੇ ਵਿਕਾਸ ਹੋਣਾ ਸ਼ੁਰੂ ਹੋਇਆ।ਉਸ ਵੇਲੇ ਚਲ ਰਹੇ
ਵਿਕਾਸ ਅਤੇ ਅਬਾਦ ਹੋ ਰਹੀ ਇਸ ਧਰਤੀ ਉੱਤੇ ਪੰਜਾਬ ਵਿੱਚ ਅਮੀਰ ਸ਼ਾਹੂਕਾਰਾ ਤੰਤਰ ਵਲੋਂ ਸਤਾਏ ਅਤੇ ਕੁਦਰਤ ਦੀ ਮਾਰ
ਹੇਠ ਆਏ ਪੰਜਾਬੀ ਗਰੀਬੀ ਦੀ ਮਾਰ ਨਾ ਸਹਿੰਦੇ ਹੋਏ ਆਪਣਾ ਵੱਧੀਆ ਭਵਿਖ ਬਨਾਉਂਣ ਲਈ ਇਸ ਧਰਤੀ ‘ਤੇ ਪਹੁੰਚੇ।ਇਸ
ਅਸਟ੍ਰੇਲੀਆ ਦੇਸ ਦੇ ਵਿਕਾਸ ਵਿਚ ਇਨ੍ਹਾਂ ਮਹਿਨਤੀ ਪੰਜਾਬੀ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ।ਉਦੋਂ ਇਸ ਦੇਸ
ਦੇ ਵਿਕਾਸ ਲਈ ਬਹੁਤ ਕੁੱਝ ਕਰਨ ਵਾਲਾ ਸੀ ਬੰਦਿਆਂ ਦੀ ਬਹੁਤ ਵੱਡੀ ਘਾਟ ਸੀ।ਪੱਕੀਆਂ ਸੜਕਾਂ ਵੀ ਨਹੀਂ ਸਨ ਰੇਲ ਗੱਡੀਆਂ ਦੀਆਂ
ਲਾਈਨਾਂ ਵੀ ਨਹੀਂ ਸਨ ਬਿਜਲੀ ਦਾ ਪ੍ਰਬੰਧ ਵੀ ਨਹੀਂ ਸੀ।ਉਸ ਵੇਲੇ ਸ਼ਹਿਰ ‘ਤੇ ਕਲੋਨੀਆਂ ਵੀ ਨਹੀਂ ਸਨ।ਇਹ ਧਰਤੀ ਵੀ ਵਿਹਲੀ ਪਈ ਸੀ
ਬੀਆਵਾਨ ਉਜਾੜ ਜੰਗਲ ਹੀ ਜੰਗਲ ਸਨ।ਉਸ ਵੇਲੇ ਸਿਰੜੀ ਅਤੇ ਸੱਖਤ ਕੰਮ ਕਰਨ ਵਾਲੇ ਪੰਜਾਬੀ ਕਿਸਾਨ ਜਿਹੜੇ ਕਿ ਘੱਟ ਜਮੀਨ ਵਾਲੇ
ਦੁਆਬੇ ਖੇਤਰ ਨਾਲ ਸਬੰਧਿਤ ਸਨ ਪੰਜਾਬ ਤੋਂ ਇੱਥੇ ਪਹੁੰਚੇ।ਜਿਨ੍ਹਾਂ ਨੇ ਇੱਥੇ ਆਕੇ ਜੰਗਲ ਕੱਟ ਕੇ ਵਾਹੀਯੋਗ
ਉਪਜਾਊ ਜਮੀਨ ਬਣਾਉਂਣ ਦਾ ਕੰਮ ਵੀ ਕੀਤਾ,ਭੇਡਾਂ, ਬਕਰੀਆਂ, ਗਾਵਾਂ ਆਦਿ ਪਾਲਣ ਦੇ ਨਾਲ ਨਾਲ ਫਾਰਮਾਂ ਵਿਚ ਵੀ ਸੱਖਤ
ਕੰਮ ਕੀਤਾ।ਸੜਕਾਂ ਦੀ ਉਸਾਰੀ ਕਰਨ,ਰੇਲ ਗੱਡੀਆਂ ਦੀਆਂ ਲਾਈਨਾਂ ਵਿਛਾਉਂਣ ਸਮੇਤ ਬਿਜਲੀ ਦੀਆਂ ਤਾਰਾਂ ਪਾਉਂਣ ਖੰਬੇ
ਗੱਡਣ,ਫਾਰਮਾਂ ਵਿਚ ਸਬਜੀਆਂ ਉਗਾਣ,ਅਨਾਜ ਉਗਾਉਂਣ,ਫਲ਼ ਵਗੇਰਾ ਦੇ ਬੂਟੇ ਲਗਵਾਉਂਣ ਸਮੇਤ ਫਲ਼ ਤੌੜਨ,ਜਮੀਨ ਵਿਚੋਂ
ਸੋਨਾ ਅਤੇ ਹੋਰ ਧਾਤਾਂ ਕੱਢਣ ਦਾ ਕੰਮ ਵੀ ਇਨ੍ਹਾਂ ਮਹਿਨਤੀ ਪੰਜਾਬੀਆਂ ਨੇ ਕੀਤਾ।ਇਸੇ ਤਰ੍ਹਾਂ ਪੇਂਡੂ ਖੇਤਰ ਵਿਚ ਦੂਰ
ਦੁਰਾਡੇ ਰਹਿੰਦੇ ਲੋਕਾਂ ਦੀ ਸਹੂਲਤ ਲਈ ਖਾਣ-ਪੀਣ ਅਤੇ ਹੋਰ ਘਰੇਲੂ ਜਰੂਰਤਾਂ ਵਾਲਾ ਸਮਾਨ ਲੋਕਾਂ ਦੇ ਘਰੋ-ਘਰੀਂ ਜਾਕੇ ਪਹਿਲਾਂ
ਪਹਿਲ ਊਠਾਂ, ਘੋੜਿਆਂ ਦੀਆਂ ਪਿੱਠਾਂ ‘ਤੇ ਲੱਦ ਕੇ ਹੋਕਾ ਦੇ ਕੇ ਵੇਚਣ ਵਾਲਾ ਹਾਕਰ ਵਾਲਾ ਕੰਮ ਵੀ ਕੀਤਾ।ਉਸ ਤੋਂ ਬਾਅਦ
ਊਠ ਗੱਡੀਆਂ ਘੋੜਾ ਗੱਡੀਆਂ ਬਣਾ ਕੇ ਦੂਰ ਦੁਰਾਡੇ ਪਿੰਡਾਂ ਵਿਚ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਵਾਲਾ ਸਮਾਨ ਹੋਕਾ
ਦੇ ਵੇਚਿਆ।ਆਪਣੀ ਬਚਤ ਵਿਚੋਂ ਪੰਜਾਬ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਪੈਸੈ ਭੇਜਦੇ ਰਹੇ ਜਿਨ੍ਹਾਂ ਉੱਥੇ ਜਮੀਨਾਂ
ਖਰੀਦੀਆਂ ਅਤੇ ਆਪਣੇ ਵੱਧੀਆ ਘਰ ਮਕਾਨ ਵੀ ਬਣਾਏ।ਆਪਣੀ ਬਚਤ ਨਾਲ ਇੱਥੇ ਵੀ ਗਰੋਸਰੀ ਦੁਕਾਨਾ ਅਤੇ ਵੱਡੇ ਸਟੋਰ
ਬਣਾਏ।ਜਿਵੇਂ ਕਿ ਕਿਸਾਨੀ ਘਰਾਣੇ ਨਾਲ ਸਬੰਧਿਤ ਉੱਤਮ ਸਿੰਘ ਮੋਗਾ (ਪੰਜਾਬ) ਤੋਂ ਸਮਾਟਰਾ ‘ਚ ਸਾਲ 1881 ਨੂੰ
ਪਹੁੰਚ ਕੇ ਪੰਜ ਸਾਲ ਤੱਕ ਤੰਬਾਕੂ ਦੀ ਖੇਤੀ ‘ਚ ਭਾਰਤੀ ਕਾਮਿਆਂ ਦੀ ਸੁਪਰਵੀਜਨ ਕਰਦਿਆਂ ਬੜੀ ਮਹਿਨਤ ਕੀਤੀ।ਉਸ ਤੋਂ
ਬਾਅਦ ‘ਚ ਬ੍ਰਿਿਟਸ਼ ਪੁਲੀਸ ‘ਚ ਭਰਤੀ ਹੋ ਗਏ ਅਤੇ ਬਾਅਦ ‘ਚ ਪੰਜਾਬ ਵਾਪਿਸ ਜਾਣ ਦਾ ਮਨ ਬਣਾ ਲਿਆ।ਉੱਥੇ ਜਾਕੇ ਜਮੀਨ ਖਰੀਦ
ਲਈ ਪਰ ਉੱਥੇ ਜਾਕੇ ਦਿਲ ਨਹੀਂ ਲਗਿਆ।ਥੋੜੇ ਸਮੇਂ ਬਾਅਦ ਆਪਣੇ ਭਰਾ ਨੂੰ ਵੀ ਆਪਣੇ ਨਾਲ ਹੀ ਬਟਾਵੀਆ (ਜਕਾਰਤਾ)
ਹੁੰਦੇ ਹੋਏ 1890 ‘ਚ ਅਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਪਹੁੰਚ ਗਏ।ਮੈਲਬੋਰਨ ਪਹੁੰਚ ਕੇ ਪਹਿਲਾਂ-ਪਹਿਲ ਪੇਂਡੂ
ਇਲਾਕਿਆਂ ਵਿਚ ਜਾਕੇ ਘਰੇਲੂ ਵਰਤੋਂ ਵਾਲਾ ਸਮਾਨ ਘਰੋ-ਘਰੀਂ ਜਾਕੇ ਹੋਕਾ ਦੇਕੇ ਹਾਕਰ ਵਜੋਂ ਬਹੁਤ ਸੱਖਤ ਕੰਮ
ਕੀਤਾ।ਅਸਟ੍ਰੇਲੀਆ ਪਹੁੰਚਣ ਬਾਅਦ ਉੱਤਮ ਸਿੰਘ ਨੇ ਸੱਖਤ ਮਹਿਨਤ ਦੀਆਂ ਸਾਰੀਆਂ ਪੌੜੀਆਂ ਚੜ੍ਹਦਿਆਂ ਹੋਇਆਂ ਨੇ
ਕਾਫੀ ਸਾਰੇ ਪੈਸੇ ਜੋੜੇ।ਸੈੱਟ ਹੋਣ ਬਾਅਦ ਆਪਣਾ ਹੇਠਲੀ ਤਸਵੀਰ ਵਾਲਾ ਸਾਲ 1902 ‘ਚ ਪੱਛਮੀਂ ਅਸਟ੍ਰੇਲੀਆ ‘ਚ ਕੰਗਾਰੁ
ਇਜਲੈਂਡ ‘ਤੇ ਕਿੰਗਸਕੋਟ ਵਿਖੇ ਘਰੇਲੂ ਵਰਤੋਂ ਵਾਲੀਆਂ ਵਸਤਾਂ ਦਾ ਪਹਿਲਾ ਜਨਰਲ ਸਟੋਰ ਬਣਾਇਆ ਸੀ। (ਹੇਠਲੀਆਂ ਤਸਵੀਰਾਂ
ਪੰਜਾਬੀ ਸਿੱਖਾਂ ਵਲੋਂ ਅਸਟ੍ਰੇਲੀਆ ‘ਚ ਸੈਕੜੇ ਸਾਲ ਪਹਿਲਾਂ ਕੀਤੀ ਗਈ ਮਹਿਨਤ ਨੂੰ ਹੂਬਹੁ ਬਿਆਨ ਰਹੀਆਂ ਹਨ)
ਜਿਹੜੀਆਂ ਕਿ ਸਤਿਕਾਰ ਸਾਹਿਤ ਇੰਨਟਰਨੈੱਟ ਤੋਂ ਹੀ ਕਾਪੀ ਕੀਤੀਆਂ ਗਈਆਂ ਹਨ।