ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਤੁਲੇਮਰੀਨ ਏਅਰਪੋਰਟ 'ਤੇ ਅੱਜ ਉਸ ਵੇਲੇ ਮਾਹੌਲ ਤਣਾਅ ਭਰਿਆ ਹੋ ਗਿਆ, ਜਦੋਂ ਇੱਕ ਯਾਤਰੀ ਦੀ ਮਾੜੀ ਹਰਕਤ ਕਾਰਨ ਬਾਕੀ ਦੇ ਸਾਰੇ ਯਾਤਰੀਆਂ ਦੀ ਸੁਰੱਖਿਆ 'ਤੇ ਬਣ ਆਈ। ਵਾਰ-ਵਾਰ ਕਰੂ ਮੈਂਬਰਾਂ ਦੇ ਰੋਕਣ 'ਤੇ ਯਾਤਰੀ ਨਹੀਂ ਰੁਕਿਆ ਅਤੇ ਉਸਨੇ ਜਹਾਜ ਦਾ ਐਮਰਜੈਂਸੀ ਦਰਵਾਜਾ ਖੋਲ ਦਿੱਤਾ, ਜਿਸ ਕਾਰਨ ਐਮਰਜੈਂਸੀ ਸਲਾਈਡ ਡਿਪਲੋਏ ਹੋ ਗਈ, ਪਰ ਚੰਗੀ ਗੱਲ ਇਹ ਰਹੀ ਕਿ ਜਹਾਜ ਉਸ ਵੇਲੇ ਲੈਂਡ ਕਰ ਚੁੱਕਿਆ ਸੀ ਤੇ ਤੁਰੰਤ ਪੁਲਿਸ ਨੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਯਾਤਰੀ ਨੂੰ ਇਸ ਲਈ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ, ਕਿਉਂਕਿ ਉਸ 'ਤੇ ਉਡਾਣ ਦੌਰਾਨ ਐਗਰੇਸੀਵ ਬੀਹੇਵੀਅਰ ਅਤੇ ਏਅਰਕ੍ਰਾਫਟ ਸੈਫਟੀ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਗਈ ਹੈ। ਭਵਿੱਖ ਵਿੱਚ ਉਸ 'ਤੇ ਜਹਾਜਾਂ ਦੇ ਸਫਰ 'ਤੇ ਰੋਕ ਦੇ ਨਾਲ ਉਸਨੂੰ ਜੇਲ ਦੀ ਸਜਾ ਵੀ ਹੋ ਸਕਦੀ ਹੈ।