ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਇਸ ਵੇਲੇ ਭਾਰਤ ਫੇਰੀ 'ਤੇ ਹੈ ਅਤੇ ਇਸ ਫੇਰੀ 'ਤੇ ਉਨ੍ਹਾਂ ਦਾ ਮੁੱਖ ਉਦੇਸ਼ ਕਾਰੋਬਾਰੀ ਸਾਂਝ ਨੂੰ ਵਧਾਉਣਾ ਹੈ, ਪਰ ਦੂਜੇ ਪਾਸੇ ਮੈਲਬੋਰਨ ਦੇ ਇੱਕ ਦੁਖੀ ਪਿਓ ਨੇ ਉਨ੍ਹਾਂ ਨੂੰ ਗੁਹਾਰ ਲਾਈ ਹੈ ਕਿ ਉਹ ਪੰਜਾਬੀ ਨੌਜਵਾਨ ਪੁਨੀਤ ਦੀ ਹਵਾਲਗੀ ਲਈ ਭਾਰਤ ਸਰਕਾਰ ਨਾਲ ਗੱਲਬਾਤ ਕਰਨ। ਪੁਨੀਤ ਜਿਸਨੇ 2008 ਵਿੱਚ ਨਸ਼ੇ ਦੀ ਹਾਲਤ ਵਿੱਚ 150 ਦੀ ਰਫਤਾਰ 'ਤੇ ਗੱਡੀ ਚਲਾਕੇ ਡੀਨ ਹੋਫਸਟੀ ਨੂੂੰ ਮੌਤ ਘਾਟ ਉਤਾਰ ਦਿੱਤਾ ਸੀ ਤੇ ਉਸਦੀ ਦੋਸਤ ਕਲੈਂਸੀ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਸੀ। ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਪੁਨੀਤ ਨੇ ਅਦਾਲਤ ਵਿੱਚ 2008 ਵਿੱਚ ਕਬੂਲ ਲਿਆ ਸੀ, ਪਰ 2009 ਵਿੱਚ ਸਜਾ ਸੁਨਣ ਤੋਂ ਪਹਿਲਾਂ ਹੀ ਉਹ ਆਪਣੇ ਦੋਸਤ ਦੇ ਪਾਸਪੋਰਟ 'ਤੇ ਭਾਰਤ ਫਰਾਰ ਹੋ ਗਿਆ ਸੀ ਤੇ ਕਰੀਬ 4 ਸਾਲ ਬਾਅਦ ਉਸਦੀ ਗ੍ਰਿਫਤਾਰੀ ਉਸ ਵੇਲੇ ਹੋਈ ਜਦੋਂ ਉਹ ਵਿਆਹ ਕਰਵਾਉਣ ਜਾ ਰਿਹਾ ਸੀ। ਪਰ ਤੱਦ ਤੋਂ ਹੁਣ ਤੱਕ ਉਸਦੀ ਹਵਾਲਗੀ ਲਈ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਡੀਨ ਦੇ ਪਿਤਾ ਨੇ ਜੈਸਿੰਟਾ ਐਲਨ ਨੂੰ ਇਸ ਮੁੱਦੇ 'ਤੇ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦੀ ਗੁਜਾਰਿਸ਼ ਕੀਤੀ ਹੈ।