ਮੈਲਬੌਰਨ- ਖੁਸ਼ਪ੍ਰੀਤ ਸਿੰਘ ਸੁਨਾਮ
- ਇੱਥੋ ਦੇ ਦੱਖਣ -ਪੂਰਬ ਚ ਸਥਿਤ ਇਲਾਕੇ ਕਰੇਬਰਨ ਦੇ ਕੇਸੀ ਖੇਡ ਮੈਦਾਨ ਵਿੱਚ ਮਲਟੀਕਲਚਰਲ ਅਥਲ਼ੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਚੌਥੀ ਅਥਲ਼ੈਟਿਕ ਮੀਟ ਦਾ ਆਯੋਜਨ ਡਾਇਮੰਡ ਸਪੋਰਟਸ ਕਲੱਬ ਵਲੋ ਅਥਲੈਟਿਕ ਆਸਟ੍ਰੇਲੀਆ ਤੇ ਅਥਲੈਟਿਕ ਵਿਕਟੋਰੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਅਥਲੈਟਿਕ ਮੀਟ ਵਿੱਚ ਵੱਖ ਵੱਖ ਖੇਡ ਕਲੱਬਾਂ ਤੇ ਵੱਖ ਵੱਖ ਭਾਇਚਾਰਿਆਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡਾਂ ਦਾ ਪ੍ਰਦਰਸ਼ਨ ਕੀਤਾ।ਇਸ ਦੌਰਾਨ 374 ਦੇ ਕਰੀਬ ਖਿਡਾਰੀਆਂ ਨੇ ਵੱਖ ਵੱਖ ਖੇਡ ਵਰਗਾਂ ਦੇ ਵਿੱਚ ਹਿੱਸਾ ਲਿਆ। ਖ਼ਰਾਬ ਮੌਸਮ ਦੇ ਬਾਬਜੂਦ ਵੀ ਖਿਡਾਰੀਆਂ ਦੇ ਹੋਂਸਲੇ ਵਿੱਚ ਕੋਈ ਕਮੀ ਨਹੀਂ ਸੀ ਸਗੋ ਖਿਡਾਰੀਆਂ ਦੀ ਹੋਂਸਲਾ ਅਫ਼ਜਾਈ ਦੇ ਲਈ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਪੁੱਜੇ ਹੋਏ ਸਨ।
ਪ੍ਰਮਾਤਮਾ ਦੇ ਸ਼ੁਕਰਾਨੇ ਦੇ ਮਗਰੋ ਅਥਲੈਟਿਕ ਮੀਟ ਵਿੱਚ ਭਾਗ ਲੈ ਰਹੇ ਖਿਡਾਰੀਆਂ ਤੇ ਖੇਡ ਕਲੱਬਾਂ ਨੇ ਪਰੇਡ ਵਿੱਚ ਹਿੱਸਾ ਲਿਆ ਉਪਰੰਤ ਰਾਸ਼ਟਰੀ ਗਾਣ ਮਗਰੋਂ ਰਸਮੀ ਤੌਰ ਤੇ ਖੇਡਾਂ ਦੀ ਸ਼ੁਰੁਆਤ ਹੋਈ। ਇਸ ਅਥਲੈਟਿਕ ਮੀਟ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ 5 ਸਾਲ ਤੋ ਲੈ ਕੇ 70 ਸਾਲ ਤੱਕ ਦੇ ਉਮਰ ਵਰਗ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਹਿੱਸਾ ਲਿਆ। ਇਸ ਅਥਲੈਟਿਕ ਮੀਟ ਵਿੱਚ 100 ਮੀਟਰ, 200 ਮੀਟਰ,400 ਮੀਟਰ, 800 ਮੀਟਰ,1500 ਮੀਟਰ ਤੇ ਪੰਜ ਕਿਃਮੀ ਦੋੜਾਂ ਵਿੱਚ ਦੋੜਾਕਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸ਼ਾੱਟ ਪੁਟ,ਡਿਸਕਸ ਥਰੋਅ,ਲਾਂਗ ਜੰਪ, ਟਰੀਪਲ ਜੰਪ ਦੇ ਮੁਕਾਬਲੇ ਬਹੁਤ ਹੀ ਰੋਚਕ ਰਹੇ। ਆਸਟ੍ਰੇਲੀਆ ਦੀ ਰਾਸ਼ਟਰੀ ਪਾੱਲ ਵਾਲਟ ਦੀ ਟੀਮ ਵੀ ਵਿਸ਼ੇਸ਼ ਤੌਰ ਤੇ ਪੁੱਜੀ ਹੋਈ ਸੀ ਜੋ ਕਿ ਆਕਰਸ਼ਣ ਦਾ ਕੇੰਦਰ ਰਹੀ ਸਾਰੇ ਹੀ ਖਿਡਾਰੀਆਂ ਦਾ ਪ੍ਰਦਰਸ਼ਨ ਰੋਮਾਂਚਕ ਸੀ ਇਸ ਖੇਡ ਵਿੱਚ ਰੰਗੀ ਭੈਣਾਂ ਸੁਖਨੂਰ ਤੇ ਖੁਸ਼ਨੂਰ ਨੇ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਮੈਂਬਰ ਪਾਰਲੀਮੈਂਟ ਪਾੳਲੀਨ ਰਿਚਰਡਸ ਤੇ ਗੈਰੀ ਮਾੱਸ ਮੈਂਬਰ ਪਾਰਲੀਮੈਂਟ ਵਿਸ਼ੇਸ ਮਹਿਮਾਨਾਂ ਵਜੋ ਪੁੱਜੇ ਹੋਏ ਸਨ ਜਿੰਨਾ ਆਪਣੇ ਸੰਬੌਧਨ ਵਿੱਚ ਪ੍ਰਬੰਧਕਾਂ ਨੂੰ ਇੰਨੇ ਵਧੀਆ ਉਪਰਾਲੇ ਕਰਨ ਲਈ ਮੁਬਾਰਕਬਾਦ ਦਿੱਤੀ ਤੇ ਭਵਿੱਖ ਲਈ ਵੀ ਇਸ ਤਰਾਂ ਦੇ ਉਪਰਾਲੇ ਜਾਰੀ ਰੱਖਣ ਲਈ ਹਰ ਸੰਭਵ ਸਹਿਯੋਗ ਲਈ ਵੀ ਕਿਹਾ।ਇਸ ਮੌਕੇ ਕੁਮੈਂਟਰੀ ਦੀ ਜਿੰਮੇਵਾਰੀ ਚਰਨਾਮਤ ਸਿੰਘ, ਰਣਜੀਤ ਖੈੜਾ ਤੇ ਨਿਕਿਤਾ ਕੌਰ ਚੋਪੜਾ ਨੇ ਬਾਖੂਬੀ ਸਾਂਭੀ ਹੋਈ ਸੀ ਜਿੰਨਾਂ ਆਪਣੇ ਵੱਖਰੇ ਅੰਦਾਜ਼ ਵਿੱਚ ਖਿਡਾਰੀਆਂ ਦੀ ਹੋਂਸਲਾ ਅਫ਼ਜਾਈ ਕੀਤੀ। ਇਸ ਮੌਕੇ ਸਿੱਖ ਵਲੰਟੀਅਰਜ਼ ਵਲੋ ਲੰਗਰਾਂ ਦੀ ਸੇਵਾ ਕੀਤੀ ਗਈ। ਡਾਇਮੰਡ ਸਪੋਰਟਸ ਕਲੱਬ ਦੇ ਮੁੱਖ ਕੋਚ ਕੁਲਦੀਪ ਔਲਖ ਨੇ ਇਸ ਮੌਕੇ ਕਿਹਾ ਕਿ ਖੇਡਾਂ ਅਜਿਹਾ ਸਾਧਨ ਹਨ ਜੋ ਕਿ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਤੇ ਉਨਾਂ ਦੀ ਕੋਸ਼ਿਸ਼ ਹੈ ਕਿ ਨਵੀ ਪੀੜੀ ਵੀਡਿੳ ਗੇਮਾਂ ਦੀ ਬਜਾਇ ਖੇਡ ਮੈਦਾਨ ਵਿੱਚ ਖੇਡੇ ਤੇ ਜਿਸ ਲਈ ਉਹ ਅਥਲੈਟਿਕ ਨੂੰ ਪ੍ਰਫੁਲਿਤ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ। ਇਸ ਮੌਕੇ ਕਲੱਬ ਪ੍ਰਧਾਨ ਮਨੀ ਸਲੇਮਪੁਰਾ ਨੇ ਆਏ ਹੋਏ ਦਰਸ਼ਕਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਅਥਲੈਟਿਕ ਮੀਟ ਨੂੰ ਕਾਮਯਾਬ ਕਰਨ ਲਈ ਜਤਿੰਦਰ ਸਰਾਂ,ਸੁਖਦੀਪ ਮਿੱਠਾ,ਜਤਿੰਦਰ ਔਲਖ,ਬਲਤੇਜ ਬਰਾੜ,ਸੁਬੇਗ ਸਿੰਘ,ਪ੍ਰਦੀਪ ਸਿਬੀਆ,ਰਣਬੀਰ ਸੰਧੂ ,ਲਿਟਲ ਅਥਲ਼ੈਟਿਕ ਕਰੇਨਬਰਨ,ਕੇਸੀ ਕਾਰਡੀਨੀਆ,ਵੱਖ ਖੇਡ ਕਲੱਬਾਂ, ਕੋਚ ਸਾਹਿਬਾਨਾਂ, ਖਿਡਾਰੀਆਂ,ਤੇ ਵਲੰਟੀਅਰਜ਼ ਦਾ ਵਿਸ਼ੇਸ਼ ਸਹਿਯੋਗ ਰਿਹਾ।