Thursday, 21 November 2024
18 September 2024 Australia

ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵੱਲੋਂ ਮੈਲਬੌਰਨ ਵਿੱਚ ਕੀਤਾ ਗਿਆ ਥਿਏਟਰ ਵਰਕਸ਼ਾਪ ਦਾ ਆਯੋਜਨ

*ਪ੍ਰਸਿੱਧ ਅਦਾਕਾਰਾ ਗੁਰਪ੍ਰੀਤ ਭੰਗੂ ਜੀ ਨੇ ਦੱਸੇ ਐਕਟਿੰਗ ਦੇ ਗੁਰ*
ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵੱਲੋਂ ਮੈਲਬੌਰਨ ਵਿੱਚ ਕੀਤਾ ਗਿਆ ਥਿਏਟਰ ਵਰਕਸ਼ਾਪ ਦਾ ਆਯੋਜਨ - NZ Punjabi News

ਮੈਲਬੌਰਨ : 18 ਸਤੰਬਰ ( ਸੁਖਜੀਤ ਸਿੰਘ ਔਲਖ ) ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਤੋਂ ਅਮਰਦੀਪ ਕੌਰ ਤੇ ਹਰਮੰਦਰ ਕੰਗ ਵੱਲੋਂ ਬੀਤੇ ਦਿਨੀਂ ਇੱਕ ਥੀਏਟਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬੀ ਰੰਗਮੰਚ ਤੇ ਸਿਨਮੇ ਦੀ ਪ੍ਰਸਿੱਧ ਅਦਾਕਾਰਾ ਮੈਡਮ ਗੁਰਪ੍ਰੀਤ ਭੰਗੂ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਇੱਥੇ ਦੇ ਜੰਮਪਲ ਬੱਚਿਆਂ ਨੂੰ ਅਦਾਕਾਰੀ ਦੇ ਗੁਰ ਅਤੇ ਦਾਅ ਪੇਚ ਬੜੀ ਬਾਖੂਬੀ ਸਿਖਾਏ । ਇਸ ਵਰਕਸ਼ਾਪ ਵਿੱਚ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਸ਼ਾਮਲ ਹੋਏ।
ਇਸ ਮੌਕੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਜੀ ਨੇ ਜਿੱਥੇ ਆਪਣੇ ਰੰਗ ਮੰਚ ਤੋਂ ਸ਼ੁਰੂ ਕਰਕੇ ਸਿਨਮੇ ਤੱਕ ਪਹੁੰਚਣ ਦੇ ਸਫ਼ਰ ਦਾ ਤਜ਼ਰਬਾ ਸਾਂਝਾ ਕੀਤਾ ਉੱਥੇ ਰੰਗ ਮੰਚ ਅਤੇ ਫਿਲਮਾਂ ਵਿੱਚ ਐਕਟਿੰਗ ਦੀ ਵੱਖਰੀ ਤਕਨੀਕ ਬਾਰੇ ਵੀ ਜਾਣਕਾਰੀ ਦਿੱਤੀ। ਇੱਕ ਚੰਗੇ ਅਦਾਕਾਰ ਲਈ ਅਨੁਸ਼ਾਸਤ , ਸਮੇਂ ਦੇ ਪਾਬੰਦ , ਕਲਾ ਪ੍ਰਤੀ ਸਮਰਪਣ ਅਤੇ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਉਹਨਾਂ ਨੇ ਇਸ ਖੇਤਰ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਸਿੱਖਦੇ ਰਹਿਣ ਲਈ ਪ੍ਰੇਰਿਆ। ਵਰਕਸ਼ਾਪ ਵਿੱਚ ਪਹੁੰਚੇ ਹਰ ਉਮਰ ਵਰਗ ਨੇ ਗੁਰਪ੍ਰੀਤ ਭੰਗੂ ਜੀ ਤੋਂ ਐਕਟਿੰਗ ਤਕਨੀਕਾਂ, ਉਹਨਾਂ ਦੇ ਕੁਝ ਅਹਿਮ ਕਿਰਦਾਰਾਂ ਅਤੇ ਫਿਲਮਾਂ ਦੀ ਬਣਤਰ ਬਾਰੇ ਸਵਾਲ ਵੀ ਪੁੱਛੇ। ਇਸ ਦੌਰਾਨ ਆਪਣੇ ਕਿਰਦਾਰਾਂ ਦੀ ਗੱਲ ਕਰਦਿਆਂ ਉਹ ਭਾਵੁਕ ਵੀ ਹੋਏ। ਉਹ ਇੱਥੇ ਪੈਦਾ ਹੋਈ ਨਵੀਂ ਪੀੜੀ ਦੇ ਬੱਚਿਆਂ ਦਾ ਪੰਜਾਬੀ ਬੋਲੀ ਅਤੇ ਰੰਗਮੰਚ ਪ੍ਰਤੀ ਪਿਆਰ ਦੇਖ ਕੇ ਮਾਪਿਆਂ ਦੀ ਸ਼ਲਾਘਾ ਵੀ ਕੀਤੀ। ਉਹਨਾਂ ਅਕੈਡਮੀ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਅਕੈਡਮੀ ਦੇ ਸੰਚਾਲਕਾਂ ਅਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਵੀ ਦਿੱਤੀ ।
ਵਰਕਸ਼ਾਪ ਦੇ ਅਖੀਰ ਵਿੱਚ ਗੁਰਪ੍ਰੀਤ ਭੰਗੂ ਜੀ ਦੇ ਸਪੁੱਤਰ ਬਾਗ਼ੀ ਭੰਗੂ ਨੇ ਵੀ ਆਪਣੇ ਚਰਚਿਤ ਗੀਤ “ ਕੰਘੀ “ ਨਾਲ ਹਾਜ਼ਰੀ ਲਗਾਈ , ਜਿਸ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ। ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਦੀ ਟੀਮ ਵੱਲੋਂ ਸਤਿਕਾਰਤ ਗੁਰਪ੍ਰੀਤ ਕੌਰ ਭੰਗੂ ਜੀ ਨੂੰ ਯਾਦ ਚਿੰਨ੍ਹ ਅਤੇ ਇਕ ਫੁਲਕਾਰੀ ਭੇਂਟ ਕੀਤੀ ਗਈ।

ਇੱਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵੱਲੋਂ ਏਥੇ ਦੇ ਜੰਮਪਲ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਸਹੀ ਉਚਾਰਣ ਤੋਂ ਲੈ ਕੇ ਐਕਟਿੰਗ ਨਾਲ ਜੁੜੇ ਤਕਨੀਕੀ ਨੁਕਤਿਆਂ ਤੋ ਜਾਣੂ ਕਰਵਾਉਣ ਲਈ ਜਿੱਥੇ ਹਫਤਾਵਰੀ ਕਲਾਸਾਂ ਦਾ ਆਯੋਜਨ ਕੀਤਾ ਜਾਂਦਾ ਹੈ ਉੱਥੇ ਨਾਲ ਹੀ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਕਈ ਹੋਰ ਵੀ ਅਹਿਮ ਉਪਰਾਲੇ ਨਿਰੰਤਰ ਕੀਤੇ ਜਾ ਰਹੇ ਹਨ ।

ADVERTISEMENT
NZ Punjabi News Matrimonials