ਮੈਲਬੌਰਨ : 19 ਸਤੰਬਰ ( ਸੁਖਜੀਤ ਸਿੰਘ ਔਲਖ ) ਬੀਤੇ ਸਾਲ ਮੈਲਬੌਰਨ ਤੋਂ ਕਰੀਬ ਸੌ ਕਿਲੋਮੀਟਰ ਦੂਰ ਪੈਂਦੇ ਪੇਂਡੂ ਇਲਾਕੇ ਡੇਲਸਸਫੋਰਡ ਵਿੱਚ ਇੱਕ ਹੋਟਲ ਦੇ ਬਾਹਰਵਾਰ ਖਾਣ ਪੀਣ ਲਈ ਰੁਕੇ ਭਾਰਤੀ ਮੂਲ ਦੇ ਪੰਜ ਲੋਕਾਂ ਜਿਨਾਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ , ਨੂੰ ਆਪਣੀ ਬੀ. ਐਮ. ਡਬਲਿਊ ਥੱਲੇ ਬੁਰੀ ਤਰਾਂ ਦਰੜ ਕੇ ਮਾਰ ਦੇਣ ਵਾਲੇ 66 ਸਾਲਾ ਗੋਰੇ ਨੂੰ ਇੱਥੋਂ ਦੀ ਇੱਕ ਅਦਾਲਤ ਨੇ ਬੜਾ ਨਿਰਾਸ਼ਾਜਨਕ ਫੈਸਲਾ ਸੁਣਾਉਂਦਿਆਂ ਲੱਗਭਗ ਇੱਕ ਸਾਲ ਦੇ ਸਮੇਂ ਬਾਅਦ ਹੀ ਬਰੀ ਕਰ ਦਿੱਤਾ ਹੈ ਜਿਸ ਨਾਲ ਪੀੜਤ ਪਰਿਵਾਰਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ । ਪੀੜਤ ਪਰਿਵਾਰਾਂ ਨੇ ਅਦਾਲਤ ਦੇ ਇਸ ਫ਼ੈਸਲੇ ਤੇ ਇੱਥੇ ਦੀ ਨਿਆਂ ਪ੍ਰਣਾਲੀ ਨੂੰ ਬੁਰੀ ਤਰਾਂ ਨਾਕਾਮ ਦੱਸਿਆ ਹੈ । ਉਕਤ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਡੇਲਸਫੋਰਡ ਹੋਟਲ ਵਿੱਚ ਇਹ ਭਾਰਤੀ ਪਰਿਵਾਰ ਖਾਣ ਪੀਣ ਲਈ ਰੁਕੇ ਸਨ ਤੇ ਹੋਟਲ ਦੇ ਬਾਹਰਵਾਰ ਦੀ ਚਾਰ ਦੀਵਾਰੀ ਵਿੱਚ ਕੁਰਸੀਆਂ ਤੇ ਬੈਠੇ ਅਜੇ ਗੱਲਾਂ ਬਾਤਾਂ ਹੀ ਕਰ ਰਹੇ ਸਨ ਤਾਂ ਇੱਕ ਬਹੁਤ ਤੇਜ ਰਫਤਾਰ ਐਸ. ਯੂ. ਵੀ. ਨੇ ਚਾਰਦੀਵਾਰੀ ਦੀ ਵਾੜ ਤੋੜਦਿਆਂ ਉਹਨਾਂ ਨੂੰ ਬੁਰੀ ਤਰਾਂ ਦਰੜ ਦਿੱਤਾ ਤੇ ਦੋ ਬੱਚਿਆਂ ਸਮੇਤ ਪੰਜ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ । ਪੰਜ ਬੇਕਸੂਰ ਜਾਨਾਂ ਲੈਣ ਵਾਲੇ 66 ਸਾਲਾ ਡਰਾਈਵਰ ਦੇ ਵਕੀਲ ਨੇ ਕਿਹਾ ਕਿ ਉਸਦੇ ਮੁਵੱਕਲ ਦੀ ਹਾਦਸੇ ਸਮੇਂ ਸ਼ੂਗਰ ਘਟੀ ਹੋਈ ਸੀ ਜਿਸ ਕਾਰਨ ਉਹ ਕੰਟਰੋਲ ਖੋਹ ਬੈਠਾ ਸੀ । ਇਸ ਹਾਦਸੇ ਨਾਲ ਭਾਰਤੀ ਭਾਈਚਾਰਾ ਬੁਰੀ ਤਰਾਂ ਸਹਿਮ ਗਿਆ ਸੀ ਤੇ ਕਾਫੀ ਲੰਮੇ ਸਮੇਂ ਤੱਕ ਤਾਂ ਪੁਲਸ ਨੇ ਕਾਤਲ ਡਰਾਈਵਰ ਦੀ ਪਛਾਣ ਵੀ ਜਨਤਕ ਨਹੀਂ ਸੀ ਕੀਤੀ ।
ਯਾਦ ਰਹੇ ਕਿ ਇਸਤੋਂ ਪਹਿਲਾਂ ਵੀ ਮਨਮੀਤ ਅਲੀਸ਼ੇਰ ਨਾਮ ਦੇ ਪੰਜਾਬੀ ਨੌਜੁਆਨ ਨੂੰ ਇੱਕ ਗੋਰੇ ਨੇ ਨਸਲੀ ਵਿਤਕਰੇ ਤਹਿਤ ਸਾੜ ਕੇ ਮਾਰ ਦਿੱਤਾ ਸੀ ਤੇ ਬਾਅਦ ਵਿੱਚ ਅਦਾਲਤ ਨੇ ਉਸ ਗੋਰੇ ਨੂੰ ਮਾਨਸਿਕ ਰੋਗੀ ਕਹਿ ਕੇ ਨਾਂ ਕੇਵਲ ਬਰੀ ਕਰ ਦਿੱਤਾ ਸੀ ਬਲਕਿ ਭਵਿੱਖ ਵਿੱਚ ਉਸਤੇ ਕੋਈ ਹੋਰ ਕੇਸ ਦਰਜ ਨਾਂ ਕਰ ਸਕਣ ਦਾ ਫੈਸਲਾ ਸੁਣਾਇਆ ਸੀ ।