ਮੈਲਬੌਰਨ : 30 ਸਤੰਬਰ ( ਸੁਖਜੀਤ ਸਿੰਘ ਔਲਖ ) ਵੀ.ਜੀ. ਪ੍ਰੋਡਕਸ਼ਨ ਅਤੇ ਵੀ.ਡੀ. ਐਂਟਰਟੇਨਮੈਂਟ ਵੱਲੋਂ ਬੀਤੇ ਦਿਨੀਂ ਮੈਲਬੌਰਨ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਪਿੰਡ ਕਰੇਨਬਰਨ ਵਿੱਚ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਗਾਇਕ ਨਛੱਤਰ ਗਿੱਲ ਨੇ ਆਪਣੀ ਬਾਕਮਾਲ ਗਾਇਕੀ ਨਾਲ ਬਹੁਤ ਖ਼ੂਬਸੂਰਤ ਰੰਗ ਬੰਨਦਿਆਂ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਛੱਡਿਆ । ਪੰਜਾਬ ਦੇ ਕਿਸੇ ਮੇਲੇ ਦੀ ਝਲਕ ਪਾਉਂਦੇ ਇਸ ਮੇਲੇ ਵਿੱਚ ਖਾਣ ਪੀਣ ਦੇ ਸਟਾਲਾਂ ਤੋਂ ਲੈ ਕੇ ਬੱਚਿਆਂ ਦੇ ਮੰਨੋਰੰਜਨ ਤੱਕ ਦੇ ਪ੍ਰਬੰਧ ਕੀਤੇ ਗਏ ਸਨ। ਏਥੇ ਦੇ ਜੰਮਪਲ ਬੱਚਿਆਂ ਨੇ ਗਿੱਧੇ , ਭੰਗੜੇ , ਰਵਾਇਤੀ ਸਾਜ਼ਾਂ ਦੇ ਸੰਗੀਤ ਅਤੇ ਹੋਰ ਵੱਖ ਵੱਖ ਵੰਨਗੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ । ਪੰਜਾਬ ਤੋਂ ਉਚੇਚੇ ਤੌਰ ਤੇ ਪਹੁੰਚੇ ਗੀਤਕਾਰ ਤੇ ਗਾਇਕ ਵਿੱਕੀ ਧਾਲੀਵਾਲ ਨੇ ਆਪਣੀ ਗਾਇਕੀ ਨਾਲ ਖੂਬ ਵਾਹ ਵਾਹ ਖੱਟੀ । ਇਸਤੋਂ ਇਲਾਵਾ ਨਿਸ਼ ਪਾਹਵਾ , ਗਾਇਕਾ ਕੀਸ਼ਾ ਤੇ ਰੂਪ ਪਰਮਾਰ ਨੇ ਆਪਣੀ ਗਾਇਕੀ ਨਾਲ ਭਰਵੀਂ ਹਾਜ਼ਰੀ ਲਵਾਈ । ਉਪਰੰਤ ਪ੍ਰਸਿੱਧ ਤੇ ਮੰਝੇ ਹੋਏ ਗਾਇਕ ਨਛੱਤਰ ਗਿੱਲ ਨੇ ਐਸਾ ਰੰਗ ਬੰਨਿਆਂ ਕਿ ਦਰਸ਼ਕ ਕੁਰਸੀਆਂ ਛੱਡਕੇ ਨੱਚਣ ਲਈ ਮਜਬੂਰ ਹੋ ਗਏ । ਅੱਖ ਨਾਲ ਅੱਖ , ਝੂਠੀ ਐਂ ਤੂੰ , ਜੇ ਸ਼ੀਸ਼ਾ ਬੋਲਦਾ ਹੁੰਦਾ , ਤਾਰਿਆਂ ਦੀ ਲੋਏ , ਸਾਡੀ ਗੱਲ ਹੋਰ ਆਦਿ ਹੇਠ ਉੱਤੇ ਬਿਨਾਂ ਰੁਕੇ ਹਿੱਟ ਗਾਣੇ ਗਾ ਕੇ ਮਾਹੌਲ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ । ਸਟੇਜ ਸੰਚਾਲਨ ਦੀ ਜਿੰਮੇਵਾਰੀ ਦਲਜੀਤ ਸਿੱਧੂ , ਜਗਦੀਪ ਸਿੱਧੂ ਤੇ ਅਮੂ ਤੂਰ ਨੇ ਸਾਂਝੇ ਤੌਰ ਤੇ ਨਿਭਾਈ । ਮੈਲਬੌਰਨ ਦੀਆਂ ਬਹੁਤ ਸਾਰੀਆਂ ਸਿਰਕੱਢ ਸ਼ਖਸ਼ੀਅਤਾਂ ਤੋਂ ਇਲਾਵਾ ਫੈਡਰਲ ਐਮ. ਪੀ. ਸੈਂਡਰਾ ਫਰਨੈਂਡੋ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਤੇ ਮੇਲੇ ਦੇ ਪ੍ਰਬੰਧਕਾਂ ਵਿੱਕੀ ਗਿੱਲ, ਵਿੱਕੀ ਦਹੇਲੇ , ਭੁਪਿੰਦਰ ਭੁੱਲਰ ਤੇ ਅਕਬਾਲ ਸਰਾਂ ਵੱਲੋਂ ਮਹਿਮਾਨ ਮੈਂਬਰ ਪਾਰਲੀਮੈਂਟ ਨੂੰ ਮੋਮੈਂਟੋ ਦੇ ਕੇ ਸਨਮਾਨ ਕੀਤਾ ਤੇ ਆਏ ਹੋਏ ਸਾਰੇ ਦਰਸ਼ਕਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ।