ਮੈਲਬੋਰਨ (ਹਰਪ੍ਰੀਤ ਸਿੰਘ) - ਕੋਰੋਨਾ ਤੋਂ ਬਾਅਦ ਚੱਲ ਰਹੀ ਆਰਥਿਕ ਅਸਥਿਰਤਾ ਨੇ ਲੋਕਾਂ ਦੇ ਮਨਾ 'ਤੇ ਸੋਚਣ-ਸਮਝਣ ਦੀ ਸ਼ਕਤੀ 'ਤੇ ਵੀ ਕਾਫੀ ਅਸਰ ਪਾਇਆ ਹੈ ਤੇ ਇਹੀ ਕਾਰਨ ਹੈ ਕਿ ਕਿਤੇ ਨਾ ਕਿਤੇ ਆਨਲਾਈਨ ਧੋਖਾਧੜੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿਕਟੋਰੀਆ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਫਿਰ ਤੋਂ ਵਰਕ ਫਰੋਮ ਹੋਮ ਜਿਹੀਆਂ ਧੋਖਾਧੜੀਆਂ ਵਿੱਚ ਵਾਧਾ ਹੋ ਰਿਹਾ ਹੈ।
ਵਿਕਟੋਰੀਆ ਦੇ ਹੀ ਵਿੰਡਮਮੇਲ ਇਲਾਕੇ ਤੋਂ ਇੱਕ ਭਾਰਤੀ ਮਹਿਲਾ ਨੇ ਅਜਿਹੀ ਧੋਖਾਧੜੀ ਤਹਿਤ $225,000 ਗੁੁਆ ਲਏ ਹਨ। ਮਹਿਲਾ ਪਹਿਲਾਂ ਤਾਂ ਇਨ੍ਹਾਂ ਸਕੈਮਰਾਂ ਦੇ ਚੱਕਰ ਵਿੱਚ ਨਾ ਆਈ, ਪਰ ਵਾਰ-ਵਾਰ ਸੰਪਰਕ ਕੀਤੇ ਜਾਣ 'ਤੇ ਮਹਿਲਾ ਨੂੰ ਇਹ ਸਭ ਸਹੀ ਲੱਗਿਆ, ਪਹਿਲਾਂ ਉਸਨੂੰ ਸਕੈਮਰਾਂ ਨੇ ਵਧੀਆ ਕੰਪਨੀ ਦੀ ਜੋਬ ਆਫਰ ਦਿੱਤੀ। ਫਿਰ ਉਸ ਵਲੋਂ ਜਮ੍ਹਾ ਕਰਵਾਏ ਪੈਸਿਆਂ ਨੂੰ ਚੰਗੀ ਕਮਿਸ਼ਨ ਦੇਕੇ ਵਾਪਿਸ ਵੀ ਕਰ ਦਿੱਤਾ ਤੇ ਉਸਤੋਂ ਬਾਅਦ ਮਹਿਲਾ ਨੇ ਲਾਲਚ ਵੱਸ ਜਦੋਂ ਮੋਟੀ ਰਕਮ ਜਮਾਂ ਕਰਵਾਈ ਤਾਂ ਸਕੈਮਰਾਂ ਨੇ ਨਾ ਪੈਸੇ ਮੋੜੇ ਤੇ ਨਾ ਹੀ ਮੁੜਕੇ ਸੰਪਰਕ ਕੀਤਾ। ਹੁਣ ਮਹਿਲਾ ਦੀ ਦੂਜਿਆਂ ਨੂੰ ਇਹੀ ਸਲਾਹ ਹੈ ਕਿ ਲਾਲਚ ਵਿੱਚ ਫੱਸਕੇ ਅਜਿਹੀ ਗਲਤੀ ਨਾ ਕੀਤੀ ਜਾਏ।