ਮੈਲਬੌਰਨ - 28 ਅਕਤੂਬਰ ( ਸੁਖਜੀਤ ਸਿੰਘ ਔਲਖ ) ਮੈਲਬੌਰਨ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਘੁੱਗ ਵੱਸਦੇ ਇਲਾਕੇ ਕਰੇਗੀਬਰਨ ਵਿੱਚ ਕਰੇਗੀਬਰਨ ਫਾਲਕਨਜ਼ ਹਾਕੀ ਕਲੱਬ ਵੱਲੋਂ " ਦੀਵਾਲੀ ਅਤੇ ਬੰਦੀ ਛੋੜ ਦਿਵਸ " ਨੂੰ ਸਮਰਪਿਤ ਤਿੰਨ ਦਿਨਾਂ ਹਾਕੀ ਕੱਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਿੰਨੇ ਦਿਨ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਨੇ ਭਰਵੀਂ ਹਾਜ਼ਰੀ ਲਗਵਾਈ । ਕਰੇਗੀਬਰਨ ਦੇ ਗਰੈਂਡ ਬੁੱਲੇਵਾਰਡ ਦੇ ਸ਼ਾਨਦਾਰ ਖੇਡ ਮੈਦਾਨ ਵਿੱਚ ਕਰਾਏ ਗਏ ਇਸ ਮੈਚ ਵਿੱਚ ਤਿੰਨੇ ਦਿਨ ਵੱਖ ਵੱਖ ਉਮਰ ਵਰਗ ਦੀਆਂ ਟੀਮਾਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਵਿਕਟੋਰੀਆ ਪੁਲਸ ਅਤੇ ਕਰੇਗੀਬਰਨ ਫਾਲਕਨਜ ਕਲੱਬ ਦਾ ਸ਼ੋ ਮੈਚ ਦਾ ਮੁਕਾਬਲਾ ਕਾਫੀ ਰੌਚਕ ਰਿਹਾ । ਇਸ ਦੌਰਾਨ ਬੱਚਿਆਂ ਵੱਲੋ ਵੱਖ ਵੱਖ ਵੰਨਗੀਆਂ ਦੀ ਪੇਸ਼ਕਾਰੀ ਵੀ ਕੀਤੀ ਗਈ। ਰੱਸਾ ਖਿੱਚਣ ਦੇ ਮੁਕਾਬਲਿਆਂ ਵਿੱਚ ਮੁਕਾਬਲਾ ਸ਼ੈਪਰਟਨ ਤੇ ਕੋਬਰਮ ਦੀਆਂ ਟੀਮਾਂ ਵਿਚਾਲੇ ਸੀ ਜੋ ਕਿ ਬਹੁਤ ਹੀ ਫਸਵਾਂ ਰਿਹਾ ਤੇ ਕੋਬਰਮ ਦੀ ਟੀਮ ਜੇਤੂ ਰਹੀ । ਖੇਡ ਮੇਲੇ ਵਿੱਚ ਆਸਟਰੇਲੀਅਨ ਸਿੱਖ ਸੁਪੋਰਟ ਵੱਲੋ ਤਿੰਨੇ ਦਿਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਫਾਇਨਲ ਮੁਕਾਬਲਿਆਂ ਵਿੱਚ ਪੁਰਸ਼ਾਂ ਦੀ ਟੀਮ ਕਰੇਗੀਬਰਨ ਫਾਲਕਨਜ ਨੇ ਕੈਰੋਲਿਨ ਸਪਰਿੰਗਸ ਹਾਕੀ ਕਲੱਬ ਦੀ ਟੀਮ ਨੂੰ 4-1 ਦੇ ਅੰਤਰ ਨਾਲ ਹਰਾਇਆ। ਔਰਤਾਂ ਦੀ ਸੀਨੀਅਰ ਟੀਮ ਦਾ ਮੁਕਾਬਲਾ ਕਾਫੀ ਫਸਵਾਂ ਸੀ ਜਿਸ ਵਿੱਚ ਜੀਲੌਂਗ ਦੀ ਟੀਮ ਜੇਤੂ ਰਹੀ। ਤਿੰਨ ਦਿਨ ਤੱਕ ਚੱਲੇ ਇਸ ਹਾਕੀ ਕੱਪ ਦੇ ਅਖੀਰਲੇ ਦਿਨ ਪ੍ਰਬੰਧਕਾਂ ਵੱਲੋਂ ਸਾਰੇ ਖਿਡਾਰੀਆਂ ਦਾ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ ਤੇ ਇਸ ਖੇਡ ਮੇਲੇ ਨੂੰ ਸਫ਼ਲ ਬਣਾਉਣ ਲਈ ਸਮੂਹ ਦਰਸ਼ਕਾਂ , ਸਹਿਯੋਗੀਆਂ , ਸਪਾਂਸਰਾਂ ਤੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਇੱਥੇ ਇਹ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ ਕਿ ਕਰੇਗੀਬਰਨ ਫਾਲਕਨਜ ਹਾਕੀ ਕਲੱਬ ਵੱਲੋਂ ਸ਼ੁਰੂ ਕੀਤੀ 12-13 ਸਾਲ ਪਹਿਲਾਂ ਇਸ ਪਨੀਰੀ ਦੇ ਜੂਨੀਅਰ ਖਿਡਾਰੀ ਹੁਣ ਸੀਨੀਅਰ ਟੀਮ ਵਿੱਚ ਚੋਟੀ ਦੇ ਖਿਡਾਰੀ ਬਣ ਕੇ ਮੱਲਾਂ ਮਾਰ ਰਹੇ ਹਨ ਤੇ ਕੁਝ ਖਿਡਾਰੀਆਂ ਦੀ ਚੋਣ ਅੰਤਰ ਰਾਸ਼ਟਰੀ ਟੀਮ ਵਿੱਚ ਵੀ ਹੋ ਚੁੱਕੀ ਹੈ ।