ਮੈਲਬੋਰਨ (ਹਰਪ੍ਰੀਤ ਸਿੰਘ) - ਪੂਰਬੀ ਮੈਲਬੋਰਨ ਦੇ ਓਬਰਨ ਪਬਲਿਕ ਸਕੂਲ ਵਿੱਚ ਅੱਜ ਬਹੁਤ ਮੰਦਭਾਗਾ ਹਾਦਸਾ ਵਾਪਰਿਆ ਹੈ, ਸਕੂਲ ਦੇ ਸਮੇਂ ਦੌਰਾਨ ਇੱਕ ਬੇਕਾਬੂ ਕਾਰ ਸਕੂਲ ਵਿੱਚ ਦਾਖਿਲ ਹੋ ਗਈ, ਜਿਸ ਕਾਰਨ ਇੱਕ 11 ਸਾਲਾ ਬੱਚੇ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਹੈ ਤੇ 4 ਬੱਚਿਆਂ ਦੇ ਜਖਮੀ ਹੋਣ ਦੀ ਵੀ ਖਬਰ ਹੈ।
ਮ੍ਰਿਤਕ ਬੱਚੇ ਦੀ ਪਹਿਚਾਣ 11 ਸਾਲਾ ਜੈਕ ਡੇਵੀ ਵਜੋਂ ਹੋਈ ਹੈ।
ਹਾਦਸਾ ਉਦੋਂ ਵਾਪਰਿਆ ਜਦੋਂ ਇੱਕ 40 ਸਾਲਾ ਮਹਿਲਾ ਆਪਣੇ ਬੱਚੇ ਨੂੰ ਲੈਣ ਸਕੂਲ ਆਈ ਸੀ ਤੇ ਜਿਓਂ ਹੀ ਉਸਨੇ ਯੂ-ਟਰਨ ਲਈ ਤਾਂ ਕਾਰ ਬੇਕਾਬੂ ਹੋ ਗਈ ਤੇ ਫੈਂਸ ਨੂੰ ਤੋੜਦਿਆਂ ਟੇਬਲ 'ਤੇ ਬੈਠੇ ਬੱਚਿਆਂ 'ਤੇ ਜਾ ਚੜੀ।
ਹਾਦਸੇ ਵਿੱਚ 10 ਸਾਲਾ ਦੀਆਂ 2 ਬੱਚੀਆਂ, 11 ਸਾਲਾ ਦਾ ਇੱਕ ਬੱਚਾ ਤੇ 11 ਸਾਲਾ ਇੱਕ ਬੱਚੀ ਵੀ ਜਖਮੀ ਹੋਏ ਹਨ, ਜਿਨ੍ਹਾਂ ਨੂੰ ਗੰਭੀਰ ਦਰਜੇ ਦੀਆਂ ਸੱਟਾਂ ਲੱਗੀਆਂ ਹਨ।
ਇਸ ਮਾਮਲੇ ਵਿੱਚ ਵਿਕਟੋਰੀਆ ਪੁਲਿਸ ਨੇ 40 ਸਾਲਾ ਮਹਿਲਾ ਨੂੰ ਬਿਨ੍ਹਾਂ ਕਿਸੇ ਚਾਰਜ ਰਿਹਾਅ ਕੀਤਾ ਹੈ।