Thursday, 21 November 2024
06 November 2024 Australia

ਆਸਟ੍ਰੇਲੀਆ ਨੇ ਕੈਨੇਡਾ ਵਿਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ

ਆਸਟ੍ਰੇਲੀਆ ਨੇ ਕੈਨੇਡਾ ਵਿਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ - NZ Punjabi News

ਮੈਲਬਰਨ -  5 ਨਵੰਬਰ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਆਪਣੇ ਭਾਰਤੀ ਹਮਰੁਤਬਾ (ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ) ਕੋਲ ਭਾਰਤ ਵੱਲੋਂ ਕੈਨੇਡਾ ਵਿਚ ਕਥਿਤ ਤੌਰ ’ਤੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਉਨ੍ਹਾਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਕੈਨੇਡਾ ਦੇ ਦੋਸ਼ਾਂ ਬਾਰੇ ਚਰਚਾ ਕੀਤੀ ਹੈ।

ਭਾਰਤ ਨੇ ਕੈਨੇਡਾ ਦੇ ਅਜਿਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੈਨੇਡਾ ਅੰਦਰ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦਾ ਹੁਕਮ ਦਿੱਤਾ ਸੀ। ਵੋਂਗ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਉਨ੍ਹਾਂ ਦਾ ਸੰਦੇਸ਼ ਇਹ ਸੀ ਕਿ ਸਾਰੇ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਸੁਰੱਖਿਅਤ ਅਤੇ ਸਤਿਕਾਰਤ ਹੋਣ ਦਾ ਅਧਿਕਾਰ ਹੈ, ਚਾਹੇ ਉਹ ਕੋਈ ਵੀ ਹੋਵੇ।

ਵੋਂਗ ਨੇ ਜੈਸ਼ੰਕਰ ਨਾਲ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, ‘‘ਅਸੀਂ ਜਾਂਚ ਅਧੀਨ ਦੋਸ਼ਾਂ ਬਾਰੇ ਆਪਣੀਆਂ ਚਿੰਤਾਵਾਂ ਸਪੱਸ਼ਟ ਕਰ ਦਿੱਤੀਆਂ ਹਨ। ਅਸੀਂ ਕਿਹਾ ਹੈ ਕਿ ਅਸੀਂ ਕੈਨੇਡਾ ਦੀ ਨਿਆਂਇਕ ਪ੍ਰਕਿਰਿਆ ਦਾ ਸਨਮਾਨ ਕਰਦੇ ਹਾਂ।’’ ਉਨ੍ਹਾ ਹੋਰ ਕਿਹਾ ਕਿ ਅਸੀਂ ਆਪਣੇ ਵਿਚਾਰ ਭਾਰਤ ਤੱਕ ਪਹੁੰਚਾਉਂਦੇ ਹਾਂ ਜਿਵੇਂ ਕਿ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ ਅਤੇ ਸਾਡੇ ਕੋਲ ਕਾਨੂੰਨ ਦੇ ਸ਼ਾਸਨ ਤੇ ਨਿਆਂਪਾਲਿਕਾ ਦੀ ਆਜ਼ਾਦੀ ਅਤੇ ਸਪੱਸ਼ਟ ਤੌਰ ’ਤੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਵਰਗੇ ਮਾਮਲਿਆਂ ਦੇ ਸਬੰਧ ਵਿੱਚ ਇੱਕ ਸਿਧਾਂਤਕ ਸਥਿਤੀ ਹੈ।

ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਨੇ ਭਾਰਤੀ ਡਿਪਲੋਮੈਟਾਂ ਨੂੰ ਨਿਗਰਾਨੀ ਹੇਠ ਰੱਖਿਆ ਹੈ, ਜੋ ‘ਅਸਵੀਕਾਰਨਯੋਗ’ ਸੀ। ਉਨ੍ਹਾਂ ਕਿਹਾ ਕਿ ਕੈਨੇਡਾ ਨੇ ਸਪੱਸ਼ਟੀਕਰਨ ਦਿੱਤੇ ਬਿਨਾਂ ਦੋਸ਼ ਲਗਾਉਣ ਦਾ ਇੱਕ ਪੈਟਰਨ ਵਿਕਸਤ ਕੀਤਾ ਹੈ। ਫਾਈਵ ਆਈਜ਼ ਗਠਜੋੜ ਦੇ ਮੈਂਬਰਾਂ ਵਜੋਂ ਆਸਟ੍ਰੇਲੀਆ ਦੇ ਕੈਨੇਡਾ ਨਾਲ ਨਜ਼ਦੀਕੀ ਖੁਫੀਆ ਜਾਣਕਾਰੀ ਸਾਂਝੇ ਕਰਨ ਵਾਲੇ ਸਬੰਧ ਹਨ, ਜਿਸ ਵਿੱਚ ਅਮਰੀਕਾ, ਬਰਤਾਨੀਆ ਅਤੇ ਨਿਊਜ਼ੀਲੈਂਡ ਵੀ ਸ਼ਾਮਲ ਹਨ। ਪਿਛਲੇ ਦਿਨੀਂ ਭਾਰਤ ਨੇ ਅਧਿਕਾਰਤ ਤੌਰ ’ਤੇ ਕੈਨੇਡਾ ਵੱਲੋਂ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਲਾਏ ਗਏ ਦੋਸ਼ਾਂ ਨੂੰ ‘ਬੇਤੁਕੇ ਅਤੇ ਬੇਬੁਨਿਆਦ’ ਕਰਾਰ ਦਿੱਤਾ ਸੀ।

ਜੈਸ਼ੰਕਰ ਨੇ ਮੰਗਲਵਾਰ ਨੂੰ ਕੈਨੇਡਾ ਵਿੱਚ ਟੋਰਾਂਟੋ ਨੇੜੇ ਇੱਕ ਹਿੰਦੂ ਮੰਦਰ ਵਿੱਚ ਭੰਨ-ਤੋੜ ਦੀਆਂ ਰਿਪੋਰਟਾਂ ਨੂੰ ਵੀ ਬਹੁਤ ਚਿੰਤਾਜਨਕ ਕਰਾਰ ਦਿੱਤਾ। ਉਦੋਂ ਭਾਰਤੀ ਕੌਂਸਲਰ ਅਧਿਕਾਰੀ ਮੰਦਰ ਦਾ ਦੌਰਾ ਕਰ ਰਹੇ ਸਨ, ਜਦੋਂ ਝੜਪ ਸ਼ੁਰੂ ਹੋ ਗਈ। ਇਹ ਸਾਫ਼ ਨਹੀਂ ਹੋ ਸਕਿਆ ਕਿ ਹਿੰਸਾ ਕਿਵੇਂ ਸ਼ੁਰੂ ਹੋਈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਦਰ ਵਿੱਚ ਹੋਈ ਹਿੰਸਾ ਨੂੰ “ਅਸਵੀਕਾਰਨਯੋਗ” ਕਰਾਰ ਦਿੰਦਿਆਂ ਕਿਹਾ ਕਿ “ਹਰ ਕੈਨੇਡੀਅਨ ਨੂੰ ਅਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਆਪਣੇ ਵਿਸ਼ਵਾਸ ਦਾ ਪਾਲਣ ਕਰਨ ਦਾ ਅਧਿਕਾਰ ਹੈ।” ਮੰਦਰ ‘ਤੇ ਹਮਲੇ ਦੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਖ਼ਤ ਨਿੰਦਾ ਕੀਤੀ।

ਟਰੂਡੋ ਵੱਲੋਂ ਪਿਛਲੇ ਸਾਲ ਕੈਨੇਡਾ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਭਾਰਤ ਸਰਕਾਰ ਦੇ ਸਬੰਧ ਹੋਣ ਦੇ ਲਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਕੁੜੱਤਣ ਆ ਗਈ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕੀਤਾ ਹੈ। ਨਵੀਂ ਦਿੱਲੀ ਲੰਬੇ ਸਮੇਂ ਤੋਂ ਸਿੱਖ ਵੱਖਵਾਦੀ ਸਮੂਹਾਂ ਬਾਰੇ ਚਿੰਤਤ ਹੈ।

ADVERTISEMENT
NZ Punjabi News Matrimonials