ਮੈਲਬੌਰਨ - 11 ਨਵੰਬਰ ( ਸੁਖਜੀਤ ਸਿੰਘ ਔਲਖ ) ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਨੇ ਸਿੱਖ ਕੌਮ ਵੱਲੋਂ ਮੁਲਕ ਦੀ ਤਰੱਕੀ ਲਈ ਪਾਏ ਜਾ ਰਹੇ ਯੋਗਦਾਨ ਅਤੇ ਗੁਰੂ ਨਾਨਕ ਸਾਹਿਬ ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ਦੇ ਸਨਮਾਨ ਵਿੱਚ “ ਬੈਰਿਕ ਸਪਰਿੰਗਜ਼ ਝੀਲ ਦਾ ਨਾਮ ਬਦਲ ਕੇ ਅਧਿਕਾਰਤ ਤੌਰ ਤੇ " ਗੁਰੂ ਨਾਨਕ ਝੀਲ " ਰੱਖ ਦਿੱਤਾ ਹੈ। ਇਹ ਝੀਲ ਮੈਲਬੌਰਨ ਦੇ ਦੱਖਣ ਪੂਰਬ ਚ’ ਸਥਿਤ ਇਲਾਕੇ ਬੈਰਿਕ ਵਿਖੇ ਸਥਿਤ ਹੈ ਤੇ ਕੁਦਰਤੀ ਰੰਗਾਂ ਨਾਲ ਭਰਪੂਰ ਹੈ।
ਇਸ ਸਬੰਧੀ ਅੱਜ ਵਿਕਟੋਰੀਆ ਸਰਕਾਰ ਵੱਲੋ ਰਸਮੀ ਤੌਰ ਤੇ ਇੱਕ ਸਮਾਗਮ ਰੱਖਿਆ ਗਿਆ ਜਿਸ ਵਿੱਚ ਵਿਕਟੋਰੀਆ ਦੇ ਮਲਟੀਕਲਚਰਲ ਮੰਤਰੀ ਇੰਗ੍ਰਿਡ ਸਟੀਟ , ਯੋਜਨਾ ਮੰਤਰੀ ਸੋਨੀਆ ਕਿਲਕੇਨੀ , ਸੰਸਦ ਮੈਂਬਰ, ਵਿਕਟੋਰੀਆ ਮਲਟੀਕਲਚਰਲ ਕਮਿਸ਼ਨ ਦੀ ਸੀ.ਈ.ਓ. ਵਿਵ ਨਗੁਇਨ , ਸਥਾਨਕ ਅਧਿਕਾਰੀ ਅਤੇ ਕਈ ਸਿੱਖ ਸੰਸਥਾਵਾਂ ਦੇ ਮੈਂਬਰ ਸ਼ਾਮਲ ਸਨ। ਇਸ ਮੌਕੇ ਨਵੇਂ ਨਾਂ ਦੇ ਸਮਰਪਣ ਨੂੰ ਰਵਾਇਤੀ ਰਸਮਾਂ ਅਤੇ ਅਰਦਾਸ ਦੇ ਨਾਲ ਕੀਤਾ ਗਿਆ। ਸੂਬਾ ਸਰਕਾਰ ਵੱਲੋਂ ਆਏ ਬੁਲਾਰਿਆਂ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਕਟੋਰੀਆ ਸੂਬਾ ਸਾਂਝੀਵਾਦ ਅਤੇ ਬਹੁ-ਸੰਸਕ੍ਰਿਤਿਕ ਮੂਲ ਪਿਛੋਕੜਾਂ ਦੀਆਂ ਕਦਰਾਂ ਦਾ ਪ੍ਰਤੀਕ ਹੈ ਅਤੇ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਤੇ ਸਿੱਖਿਆਵਾਂ ਨੂੰ ਮਨਾਉਂਦਾ ਹੈ, ਜੋ ਸਾਰਿਆਂ ਲਈ ਦਇਆ, ਸਮਾਨਤਾ ਅਤੇ ਨਿਸ਼ਕਾਮ ਸੇਵਾ ਦਾ ਸੁਨੇਹਾ ਦਿੰਦੇ ਹਨ ਤੇ ਵਿਕਟੋਰੀਆ ਸਰਕਾਰ ਨੇ ਬੈਰਿਕ ਦੇ ਪ੍ਰਸਿੱਧ “ ਸਪ੍ਰਿੰਗਸ ਲੇਕ “ ਦਾ ਨਾਂ ਬਦਲ ਕੇ ਆਸਟਰੇਲੀਆ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਫੈਸਲਾ ਲਿਆ ਹੈ , ਜੋ ਕਿ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੈ। ਬੁਲਾਰਿਆਂ ਨੇ ਕਿਹਾ ਕਿ ਵਿਕਟੋਰੀਆ ਵਿੱਚ ਸਿੱਖ ਭਾਈਚਾਰੇ ਨੂੰ ਲੋਕ ਭਲਾਈ ਦੇ ਕਾਰਜਾਂ ਵਿੱਚ ਪਾਏ ਜਾ ਰਹੇ ਯੋਗਦਾਨ ਦੇ ਲਈ ਜਾਣਿਆ ਜਾਂਦਾ ਹੈ ਭਾਵੇਂ ਉਹ ਕੁਦਰਤੀ ਆਫਤ ਹੋਵੇ , ਕੋਰੋਨਾ ਮਹਾਂਮਾਰੀ ਹੋਵੇ ਜਾਂ ਜੰਗਲੀ ਅੱਗ ਹੋਵੇ , ਹਰ ਫਰੰਟ ਤੇ ਸੇਵਾ ਪ੍ਰਦਾਨ ਕਰਨ ਲਈ ਸਿੱਖ ਭਾਈਚਾਰੇ ਵੱਲੋਂ ਕਦਮ ਚੁੱਕੇ ਜਾਂਦੇ ਹਨ । ਵਿਕਟੋਰੀਆ ਦੇ ਮਲਟੀਕਲਚਰਲ ਅਫੇਅਰ ਮੰਤਰੀ ਨੇ ਸਿੱਖ ਭਾਈਚਾਰੇ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਹਿਯੋਗ ਅਤੇ ਸਮਾਜ ਲਈ ਪਾਏ ਜਾਂਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ “ ਗੁਰੂ ਨਾਨਕ ਲੇਕ “ ਸੂਬੇ ਵਿੱਚ ਵੱਖ-ਵੱਖ ਸੱਭਿਆਚਾਰਾਂ ਵਿਚਕਾਰ ਆਪਸੀ ਭਾਈਚਾਰੇ ਦਾ ਸੁਨੇਹਾ ਪ੍ਰਦਾਨ ਕਰੇਗੀ।