ਲੁਧਿਆਣਾ ਜਿਲੇ ਦੇ ਰਾਏਕੋਟ ਤੋਂ ਹਨ ਸਬੰਧਤ *
ਮੈਲਬੌਰਨ - 11 ਨਵੰਬਰ ( ਸੁਖਜੀਤ ਸਿੰਘ ਔਲਖ ) ਹਾਲ ਹੀ ਵਿੱਚ ਹੋਈਆਂ ਵਿਕਟੋਰੀਆ ਦੀਆਂ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਤੇ ਜਿੱਥੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਦੇ ਪੱਲੇ ਨਿਰਾਸ਼ਤਾ ਹੀ ਪਈ ਹੈ ਉੱਥੇ ਹੀ ਸੁਖਦ ਅਹਿਸਾਸ ਦਿੰਦਿਆਂ ਮੈਲਬੋਰਨ ਤੋ ਕਰੀਬ 150 ਕਿਲੋਮੀਟਰ ਦੂਰ ਪੈਂਦੇ ਪੇਂਡੂ ਇਲਾਕੇ ਬੈਂਡੀਗੋ ਦੇ ਐਕਸਡੇਲ ਵਾਰਡ ਤੋਂ ਪੰਜਾਬਣ ਮੁਟਿਆਰ ਸ਼ਿਵਾਲੀ ਚੈਟਲੇ ਨੇ ਚੋਣ ਜਿੱਤ ਲਈ ਹੈ। ਸ਼ਿਵਾਲੀ ਜੋ ਕਿ ਪੰਜਾਬ ਦੇ ਲੁਧਿਆਣਾ ਜਿਲੇ ਚ’ ਪੈਂਦੇ ਰਾਏਕੋਟ ਦੇ ਜੰਮਪਲ ਹਨ ਤੇ ਕਰੀਬ 25 ਸਾਲ ਪਹਿਲਾਂ ਆਸਟਰੇਲੀਆ ਆਏ ਸੀ , ਪਿਛਲੇ ਕਰੀਬ ਦਸ ਸਾਲ ਤੋ ਬੈਂਡੀਗੋ ਵਿੱਚ ਰਹਿ ਰਹੇ ਹਨ ਤੇ ਆਪਣਾ ਆਸਟਰੇਲੀਆ ਪੋਸਟ ਆਫ਼ਿਸ ਦਾ ਕਾਰੋਬਾਰ ਕਰਦੇ ਹਨ । ਸ਼ਿਵਾਲੀ ਜਿੱਥੇ ਲਿਬਰਲ ਪਾਰਟੀ ਦੇ ਸਰਗਰਮ ਮੈਂਬਰ ਹਨ ਉੱਥੇ ਹੀ ਬੈਂਡੀਗੋ ਤੋਂ ਪਾਰਟੀ ਦੇ ਚੇਅਰਪਰਸਨ ਵੀ ਰਹਿ ਚੁੱਕੇ ਹਨ । ਇਸ ਦੇ ਨਾਲ ਨਾਲ ਵੱਖ ਵੱਖ ਸਮਾਜਿਕ ਸੰਸਥਾਵਾਂ ਨਾਲ ਵੀ ਲੰਮੇ ਸਮੇ ਤੋ ਜੁੜੇ ਹੋਏ ਹਨ ਤੇ ਲੋਕਾਂ ਨੂੰ ਵੱਖ ਵੱਖ ਖੇਤਰਾਂ ਚ’ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਸ਼ਿਵਾਲੀ ਨੇ ਕਿਹਾ ਕਿ ਉਹ ਆਪਣੀ ਜਿੱਤ ਦਾ ਸਿਹਰਾ ਪੂਰੇ ਵਾਰਡ ਵਾਸੀਆਂ ਨੂੰ ਦੇਣਾ ਚਾਹੁੰਦੇ ਹਨ ਜਿੰਨਾਂ ਉਨਾਂ ਦੀ ਚੋਣ ਨੂੰ ਆਪਣਾ ਬਣਾ ਕੇ ਲੜਿਆ । ਸ਼ਿਵਾਲੀ ਨੇ ਆਪਣੇ ਵਿਰੋਧੀ ਸਟੀਫਨਸਨ ਰੌਬ, ਰੌਬਿਨਸਨ ਐਲੀਡਾ ਤੇ ਕੈਰੀਗਟਨ ਕੌਲੀਨ ਨੂੰ ਹਰਾਇਆ ਜੋ ਕਿ ਬੈਂਡੀਗੋ ਦੀ ਰਾਜਨੀਤੀ ਦੇ ਦਿੱਗਜ ਚਿਹਰੇ ਹੋਣ ਦੇ ਨਾਲ ਨਾਲ ਵੱਡੇ ਕਾਰੋਬਾਰੀ ਵੀ ਹਨ । ਸ਼ਿਵਾਲੀ 4839 ਵੋਟਾਂ ਲੈ ਕੇ ਜੇਤੂ ਰਹੇ । ਸ਼ਿਵਾਲੀ ਨੇ ਕਿਹਾ ਕਿ ਇਹ ਉਨਾਂ ਦੀ ਪਹਿਲੀ ਚੋਣ ਸੀ ਪਰ ਜਿੰਨਾਂ ਦੇ ਮੁਕਾਬਲੇ ਉਹ ਚੋਣ ਲੜ ਰਹੇ ਸੀ ਉਹ ਇੱਥੋ ਦੇ ਨਾਮੀ ਚਿਹਰੇ ਸਨ ਜਿੰਨਾਂ ਦੀ ਰਾਜਨੀਤੀ ਵਿੱਚ ਚੰਗੀ ਪਕੜ ਸੀ । ਪਰ ਉਨਾਂ ਨੂੰ ਘਰ ਘਰ ਜਾ ਕੇ ਚੋਣ ਮੁਹਿੰਮ ਕਰਨ ਤੇ ਆਪਣੀ ਗੱਲ ਦੱਸਣ ਦਾ ਮੌਕਾ ਮਿਲਿਆ ਜਿਸ ਕਾਰਨ ਵਾਰਡ ਵਾਸੀਆਂ ਨੇ ਉਸ ਵਿੱਚ ਆਪਣਾ ਵਿਸ਼ਵਾਸ਼ ਪ੍ਰਗਟਾਇਆ ਤੇ ਸਫਲਤਾ ਦੇ ਨਾਲ ਨਾਲ ਪੂਰੀ ਚੋਣ ਮੁਹਿੰਮ ਵਿੱਚ ਵਾਰਡ ਵਾਸੀਆਂ ਦਾ ਅਥਾਹ ਪਿਆਰ ਵੀ ਮਿਲਿਆ ਤੇ ਵਾਰਡ ਵਾਸੀਆਂ ਵੱਲੋ ਮਿਲੇ ਅਥਾਹ ਪਿਆਰ ਦੇ ਉਹ ਹਮੇਸ਼ਾਂ ਕਰਜ਼ਦਾਰ ਰਹਿਣਗੇ।
ਇੱਥੇ ਇਹ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ ਕਿ ਇਸ ਵਾਰ ਹੋਈਆਂ ਕੌਂਸਲ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਚੋਣਾਂ ਲੜੀਆਂ ਸਨ ਤੇ ਰੱਜ ਕੇ ਇੱਕ ਦੂਜੇ ਦੀਆਂ ਜੜਾਂ ਵੀ ਵੱਢੀਆਂ ਸਨ ਪਰੰਤੂ ਕੁਝ ਇੱਕ ਨੂੰ ਛੱਡ ਕੇ ਕਿਸੇ ਹੱਥ ਸਫਲਤਾ ਨਹੀ ਲੱਗੀ ।