Thursday, 21 November 2024
16 November 2024 Australia

ਆਸਟ੍ਰੇਲੀਆ ਦੇ ਸ਼ਰਧਾਲੂ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਾਲੀ ਬੱਸ ਦੀ ਕੀਤੀ ਸੇਵਾ

ਆਸਟ੍ਰੇਲੀਆ ਦੇ ਸ਼ਰਧਾਲੂ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਾਲੀ ਬੱਸ ਦੀ ਕੀਤੀ ਸੇਵਾ - NZ Punjabi News
Melbourne - ਆਸਟ੍ਰੇਲੀਆ ਨਿਵਾਸੀ ਸ. ਜਤਿੰਦਰ ਸਿੰਘ ਉੱਪਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇਸ਼ ਅੰਦਰ ਵੱਖ-ਵੱਖ ਥਾਵਾਂ ਉੱਤੇ ਪਹੁੰਚਾਉਣ ਲਈ ਇੱਕ ਵਿਸ਼ੇਸ਼ ਬੱਸ ਦੀ ਸੇਵਾ ਲਈ ਦਿੱਤੀ ਗਈ, ਜਿਸ ਦੀ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸੌਂਪੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਰਯਾਦਾ ਨੂੰ ਧਿਆਨ ਵਿਚ ਰੱਖਦਿਆਂ ਇਸ ਬੱਸ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਇਆ ਗਿਆ ਹੈ, ਜਿਸ ਅੰਦਰ 300 ਪਾਵਨ ਸਰੂਪ ਸੁਭਾਇਮਾਨ ਕੀਤੇ ਜਾ ਸਕਦੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਮੰਗ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਅਤੇ ਮਰਯਾਦਾ ਅਨੁਸਾਰ ਵੱਖ-ਵੱਖ ਅਸਥਾਨਾਂ ’ਤੇ ਪਹੁੰਚਾਉਣ ਦੀ ਜ਼ੁੰਮੇਵਾਰੀ ਨਿਭਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੀਆਂ ਸੰਗਤਾਂ ਦੀ ਮੰਗ ’ਤੇ ਬੀਤੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਸਟ੍ਰੇਲੀਆ ਭੇਜੇ ਗਏ ਸਨ, ਜਿਸ ਦੇ ਧੰਨਵਾਦ ਵਜੋਂ ਸ. ਜਤਿੰਦਰ ਸਿੰਘ ਉੱਪਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਪਾਵਨ ਸਰੂਪਾਂ ਵਾਲੀ ਵਿਸ਼ੇਸ਼ ਬੱਸ ਤਿਆਰ ਕਰਵਾ ਕੇ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ. ਜਤਿੰਦਰ ਸਿੰਘ ਉੱਪਲ ਅਤੇ ਉਨ੍ਹਾਂ ਦਾ ਪਰਿਵਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਕਾਰਜਸ਼ੀਲ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਗੁਰੂ ਘਰਾਂ ਦੇ ਕਾਰਜਾਂ ਵਿਚ ਮੋਹਰੀ ਹੋ ਕੇ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਭਾਈ ਮਹਿਤਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼ਰਧਾਲੂ ਪਰਿਵਾਰ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਸ. ਜਤਿੰਦਰ ਸਿੰਘ ਉੱਪਲ ਨੇ ਕਿਹਾ ਕਿ ਗੁਰੂ ਸਾਹਿਬ ਨੇ ਆਪ ਰਹਿਮਤ ਕਰਕੇ ਉਨ੍ਹਾਂ ਪਾਸੋਂ ਇਹ ਸੇਵਾ ਲਈ ਹੈ। ਉਨ੍ਹਾਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਉਹ ਗੁਰੂ ਘਰ ਦੀਆਂ ਸੇਵਾਵਾਂ ਇਸੇ ਤਰ੍ਹਾਂ ਹੀ ਕਰਵਾਉਂਦੇ ਰਹਿਣ। ਇਸ ਮੌਕੇ ਸ. ਉੱਪਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਤਿਕਾਰ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸ. ਜਤਿੰਦਰ ਸਿੰਘ ਉੱਪਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ, ਲੋਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਓਐਸਡੀ ਸ. ਸਤਬੀਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਹਰਭਜਨ ਸਿੰਘ ਵਕਤਾ, ਸ. ਜਤਿੰਦਰ ਸਿੰਘ ਉੱਪਲ ਦੀ ਸੁਪਤਨੀ ਬੀਬੀ ਰਵਿੰਦਰ ਕੌਰ, ਸ. ਰਾਜਪਾਲ ਸਿੰਘ, ਸ. ਜਤਿੰਦਰਪਾਲ ਸਿੰਘ, ਸੁਪ੍ਰਡੰਟ ਸ. ਨਿਸ਼ਾਨ ਸਿੰਘ, ਇੰਚਾਰਜ ਗੱਡੀਆਂ ਸ. ਨਿਰਮਲ ਸਿੰਘ, ਮੀਤ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਆਦਿ ਮੌਜੂਦ ਸਨ।
ADVERTISEMENT
NZ Punjabi News Matrimonials