ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਰਹਿੰਦੇ ਭਾਰਤੀ ਮੂਲ ਦੇ ਦੁਆਰਾਜ ਰਾਮਾਕ੍ਰਿਸ਼ਨ ਨੂੰ ਬੀਤੇ ਦਿਨੀਂ ਇੱਕ ਕਾਰ ਚੋਰੀ ਕਰਨ ਦੇ ਜੁਰਮ ਹੇਠ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿੱਚ 5 ਸਾਲ ਦਾ ਬੱਚਾ ਵੀ ਮੌਜੂਦ ਸੀ। ਦਰਅਸਲ ਇਹ ਕਾਰ ਦੁਆਰਾਜ ਕ੍ਰਿਸ਼ਨਾ ਨੇ ਦੱਖਣੀ ਪੁਰਬੀ ਮੈਲਬੋਰਨ ਦੇ ਆਫੀਸਰ ਦੇ ਪ੍ਰਿੰਸਜ਼ ਹਾਈਵੇਅ ਦੇ ਸ਼ੈਲ ਪੈਟਰੋਲ ਪੰਪ ਤੋਂ ਚੋਰੀ ਕੀਤੀ, ਜਿੱਥੇ ਵਿਅਕਤੀ ਆਪਣੇ 5 ਸਾਲਾ ਬੱਚੇ ਨੂੰ ਚੱਲਦੀ ਕਾਰ ਵਿੱਚ ਛੱਡਕੇ ਪਾਣੀ ਖ੍ਰੀਦਣ ਗਿਆ ਸੀ। ਕ੍ਰਿਸ਼ਨਾ ਨੇ ਕਾਰ ਚੋਰੀ ਕੀਤੀ ਤੇ ਉਸਨੂੰ ਪੁਲਿਸ ਸਟੇਸ਼ਨ ਲੈ ਗਿਆ, ਜਿੱਥੇ ਵਿਅਕਤੀ ਨੇ ਪਹਿਲਾਂ ਹੀ ਪੁਲਿਸ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਕਿ ਉਸਦੀ ਕਾਰ ਚੋਰੀ ਹੋ ਗਈ ਹੈ, ਕ੍ਰਿਸ਼ਨਾ ਨੇ ਕਾਰ ਚੋਰੀ ਤੋਂ ਬਾਅਦ ਵਿਅਕਤੀ ਦਾ ਫੋਨ ਵੀ ਸੁਣਿਆ। ਪਰ ਕਾਰ ਚੋਰੀ ਕਰਨ ਦਾ ਮਕਸਦ ਉਸਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਉਹ ਵਿਅਕਤੀ ਨੂੰ ਅਕਲ ਸਿਖਾਉਣਾ ਚਾਹੁੰਦਾ ਸੀ ਕਿ ਛੋਟੇ ਜਿਹੇ ਬੱਚੇ ਨੂੰ ਚਲਦੀ ਕਾਰ ਵਿੱਚ ਛੱਡਕੇ ਜਾਣਾ ਕਿੰਨਾ ਖਤਰਨਾਕ ਹੈ। ਫਿਲਹਾਲ ਪੁਲਿਸ ਨੇ ਕ੍ਰਿਸ਼ਨਾ ਨੂੰ ਛੱਡ ਦਿੱਤਾ ਹੈ, ਪਰ ਕ੍ਰਿਸ਼ਨਾ ਦੀਆਂ ਦਿੱਕਤਾਂ ਅਜੇ ਟਲੀਆਂ ਨਹੀਂ ਹਨ, ਕਿਉਂਕਿ ਪੁੱਛਗਿੱਛ ਲਈ ਉਸਨੂੰ ਪੁਲਿਸ ਸਟੇਸ਼ਨ ਬੁਲਾਇਆ ਜਾਣਾ ਹੈ।