ਮੈਲਬੌਰਨ - 19 ਨਵੰਬਰ ( ਸੁਖਜੀਤ ਸਿੰਘ ਔਲਖ ) ਵਿਕਟੋਰੀਆ ਚ’ ਹੋਈਆਂ ਕੌਂਸਲ ਚੋਣਾਂ ਵਿੱਚ ਭਾਵੇਂ ਇਸ ਵਾਰ ਘੁੱਗ ਵੱਸਦੇ ਤੇ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕਿਆਂ ਵਿੱਚ ਪੰਜਾਬੀ ਤੇ ਭਾਰਤੀ ਮੂਲ ਦੇ ਉਮੀਦਵਾਰਾਂ ਦੇ ਇੱਕਾ ਦੁੱਕਾ ਨੂੰ ਛੱਡਕੇ ਖਾਤੇ ਵੀ ਨਹੀਂ ਖੁੱਲੇ ਪਰ ਮੈਲਬੌਰਨ ਤੋ ਕਰੀਬ 200 ਕਿ.ਮੀ. ਦੂਰ ਪੈਂਦੇ ਪੇਂਡੂ ਇਲਾਕੇ ਐਰਾਰਟ ਵਿਖੇ ਹੋਈਆਂ ਵਿੱਚ ਪੰਜਾਬੀ ਮੂਲ ਦੀ ਤਲਵਿੰਦਰ ਕੌਰ ( ਟੈਲੀ ਕੌਰ ) ਨੇ ਇਨਾਂ ਚੋਣਾਂ ਵਿੱਚ ਬਾਜ਼ੀ ਮਾਰ ਲਈ ਹੈ । ਤਲਵਿੰਦਰ ਦਾ ਛੋਟਾ ਨਾਂ ਟੈਲੀ ਹੈ ਤੇ ਇਸ ਸਮੇ ਐਰਾਰਟ ਵਿੱਚ ਆਪਣੇ ਪਤੀ ਤੇ ਦੋ ਬੱਚਿਆਂ ਨਾਲ ਰਹਿ ਰਹੀ ਹੈ । ਤਲਵਿੰਦਰ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਹੈ ਤੇ ਸਧਾਰਣ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ ਤੇ ਉਸ ਦਾ ਸਹੁਰਾ ਪਰਿਵਾਰ ਫਤਿਹਗੜ ਸਾਹਿਬ ਦੇ ਪਿੰਡ ਖਾਨਪੁਰ ਵਿੱਚ ਹੈ ।
2008 ਵਿੱਚ ਆਸਟ੍ਰੇਲੀਆ ਆਏ ਸੀ ਤੇ ਬੈਲਾਰਟ ਦੀ ਫੈਡਰੇਸ਼ਨ ਯੂਨੀਵਰਸਿਟੀ ਵਿੱਚ ਪੜਾਈ ਕਰਨ ਉਪਰੰਤ ਐਰਾਰਟ ਵਿੱਚ ਵੱਸ ਗਏ । ਕਰੀਬ ਢਾਈ ਕੁ ਸਾਲ ਪਹਿਲਾਂ " ਐਰਾਰਟ ਨੇਬਰਹੁੱਡ ਹਾਊਸ " ਵਿਖੇ ਬਤੌਰ ਮੈਨੇਜਰ ਦੀ ਨੌਕਰੀ ਹਾਸਲ ਕੀਤੀ ਜਿਸ ਦੌਰਾਨ ਜਿੱਥੇ ਆਮ ਲੋਕਾਂ ਨਾਲ ਸਿੱਧਾ ਰਾਬਤਾ ਹੋਇਆ ਉੱਥੇ ਹੀ ਉਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਾਉਣ ਲਈ ਵੀ ਹਰ ਸੰਭਵ ਉਪਰਾਲੇ ਕਰਨੇ ਸ਼ੁਰੂ ਕੀਤੇ।
ਤਲਵਿੰਦਰ ਨੇ ਦਸਿਆ ਕਿ ਜਿਸ ਸੰਸਥਾ ਨਾਲ ਉਹ ਕੰਮ ਕਰਦੀ ਹੈ ਉਹ ਸਮਾਜ ਵਿਚਲੇ ਬੇਘਰ, ਬੇਰੋਜ਼ਗਾਰ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਹੈ ਜਿਸ ਵਿੱਚ ਮੁਫਤ ਕਾਨੂੰਨੀ ਸਹਾਇਤਾ ਤਾਂ ਸ਼ਾਮਲ ਹੈ ਜੀ ਉੱਥੇ ਹੀ ਰੋਜ਼ਮਰਾ ਦੀਆ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕੱਪੜੇ , ਜੂਤੇ , ਖਾਣ ਪੀਣ ਆਦਿ ਦਾ ਸਮਾਨ ਮੁਹਈਆ ਕਰਵਾਇਆ ਜਾਂਦਾ ਹੈ । ਇਸ ਦੌਰਾਨ ਅਰਾਰਟ ਕੌਂਸਲ ਦੀ ਡੈਲੀਗੇਸ਼ਨ ਨੇ ਤਲਵਿੰਦਰ ਨੂੰ ਕੌਂਸਲ ਚੋਣਾਂ ਲੜਨ
ਲਈ ਪ੍ਰੇਰਿਆ , ਕੋਈ ਰਾਜਨੀਤਿਕ ਪਿਛੋਕੜ ਨਾਂ ਹੋਣ ਤੇ ਇੱਥੋ ਦੀ ਰਾਜਨੀਤੀ ਬਾਰੇ ਜਿਆਦਾ ਪਤਾ ਨਾ ਹੋਣ ਕਾਰਨ ਪਹਿਲੋਂ ਪਹਿਲ ਥੋੜਾ ਔਖਾ ਵੀ ਜਾਪਿਆ ਪਰੰਤੂ ਕਰੀਬ ਡੇਢ ਕੁ ਮਹੀਨੇ ਦੀ ਸਖ਼ਤ ਮਿਹਨਤ ਤੇ ਅਰਾਰਟ ਵਾਸੀਆਂ ਵੱਲੋ ਦਿੱਤੇ ਗਏ ਪਿਆਰ ਦੇ ਸਦਕਾ ਉਨਾਂ ਇਹ ਚੋਣ ਜਿੱਤੀ ।
ਤਲਵਿੰਦਰ ਨੇ ਕਿਹਾ ਕਿ ਸਭ ਤੋ ਵੱਡੀ ਗੱਲ ਇਹ ਸੀ ਉਨਾਂ ਨੂੰ ਕਿਸੇ ਵੀ ਤਰਾਂ ਦੇ ਨਸਲੀ ਵਿਤਕਰੇ ਦਾ ਸਾਹਮਣਾ ਨਹੀ ਕਰਨਾ ਪਿਆ ਸਗੋਂ ਭਾਰਤੀਆਂ ਦੀ ਨਾਂ ਮਾਤਰ ਵਸੋਂ ਵਾਲੇ ਇੱਥੋ ਦੇ ਲੋਕਾਂ ਵੱਲੋ ਅਥਾਹ ਪਿਆਰ ਮਿਲਿਆ ਜਿਸਦੇ ਉਹ ਸਦਾ ਰਿਣੀ ਰਹਿਣਗੇ । ਤਲਵਿੰਦਰ ਦਾ ਕਹਿਣਾ ਹੈ ਕਿ ਚੋਣ ਜਿੱਤਣ ਦੇ ਮਗਰੋਂ ਉਸ ਦੀ ਜਿੰਮੇਵਾਰੀ ਪਹਿਲਾਂ ਨਾਲੋਂ ਹੋਰ ਵੱਧ ਗਈ ਹੈ ਤੇ ਹੁਣ ਉਹ ਹੋਰ ਵੀ ਊਰਜਾ ਨਾਲ ਕੰਮ ਕਰਨਗੇ ।