ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੌਰਾਨ ਨਿਊਜੀਲੈਂਡ ਨੂੰ ਦੁਨੀਆਂ ਦਾ ਸਭ ਤੋਂ ਜਿਆਦਾ ਸੁਰੱਖਿਅਤ ਦੇਸ਼ ਮੰਨਿਆ ਗਿਆ ਸੀ, ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਿਊਜੀਲੈਂਡ ਲਈ ਪ੍ਰਵਾਸ ਕੀਤਾ ਸੀ, ਪਰ ਅਜਿਹਾ ਕੀ ਹੋਇਆ ਕਿ ਹੁਣ ਨਿਊਜੀਲੈਂਡ ਵਾਸੀ ਖੁਦ ਨਿਊਜੀਲੈਂਡ ਛੱਡ ਆਸਟ੍ਰੇਲੀਆ ਲਈ ਰਵਾਨਾ ਹੋ ਰਹੇ ਹਨ। ਤਾਂ ਇਸ ਤਸਵੀਰ ਨੂੰ ਸਾਫ ਕਰਦੀ ਹੈ ਪੋਰੀਰੁਆ ਦੀ ਰਹਿਣ ਵਾਲੀ ਆਰਲੀ ਚਾਈਲਡਹੁੱਡ ਟੀਚਰ ਜਸਦੀਪ ਕੌਰ*, ਜਿਸ ਨੂੰ ਨਿਊਜੀਲੈਂਡ ਤੋਂ ਆਸਟ੍ਰੇਲੀਆ ਮੂਵ ਹੋਣ ਲਈ ਨਾ ਸਿਰਫ $17,000 ਦਾ ਰੀਲੋਕੇਸ਼ਨ ਪੈਕੇਜ ਮਿਿਲਆ, ਬਲਕਿ $11.96 ਪ੍ਰਤੀ ਘੰਟਾ ਜਿਆਦਾ ਤਨਖਾਹ ਵੀ ਮਿਲੀ। ਜਸਦੀਪ ਅਨੁਸਾਰ ਉਸਦਾ ਪਤੀ ਮੈਂਟਲ ਕੇਅਰ ਵਰਕਰ ਹੈ, ਉਸਨੂੰ ਤਾਂ ਇੱਥੋਂ ਨਾਲੋਂ ਦੁੱਗਣੀ ਤਨਖਾਹ ਆਸਟ੍ਰੇਲੀਆ ਵਿੱਚ ਮਿਲ ਰਹੀ ਹੈ ਅਤੇ ਇਸ ਸਭ ਤੋਂ ਉੱਪਰ ਰਹਿਣ ਲਈ ਸਸਤੀ ਰਿਹਾਇਸ਼ ਅਤੇ ਘੱਟ ਮਹਿੰਗਾਈ ਉਨ੍ਹਾਂ ਦੇ ਆਸਟ੍ਰੇਲੀਆ ਮੂਵ ਹੋਣ ਦੇ ਇਸ ਫੈਸਲੇ ਨੂੰ ਹੋਰ ਵੀ ਵਧੀਆ ਸਾਬਿਤ ਕਰਦੇ ਹਨ। ਆਂਕੜੇ ਦੱਸਦੇ ਹਨ ਕਿ 2023 ਵਿੱਚ 44,534 ਨਿਊਜੀਲੈਂਡ ਵਾਸੀ, ਜੋ ਨਿਊਜੀਲੈਂਡ ਦੀ ਆਬਾਦੀ ਦਾ ਕਰੀਬ 1% ਬਣਦੇ ਹਨ, ਆਸਟ੍ਰੇਲੀਆ ਰਹਿਣ ਲਈ ਪੱਕੇ ਤੌਰ 'ਤੇ ਮੂਵ ਹੋ ਗਏ ਹਨ।