ਮੈਲਬੋਰਨ (ਹਰਪ੍ਰੀਤ ਸਿੰਘ) - ਪੈਨਰਿਥ ਸਿਟੀ (ਸਿਡਨੀ ਤੋਂ 50 ਕਿਲੋਮੀਟਰ ਦੂਰ) ਵੱਸਦੇ ਭਾਈਚਾਰੇ ਲਈ ਖੁਸ਼ੀ ਦੀ ਖਬਰ ਹੈ, ਕਿਉਂਕਿ ਭਾਈਚਾਰੇ ਦੇ ਆਪਣੇ ਮੋਹਿੰਦਰ ਸਿੰਘ ਨੂੰ ਆਸਟ੍ਰੇਲੀਅਨ ਲੇਬਰ ਪਾਰਟੀ ਵਲੋਂ ਉਮੀਦਵਾਰ ਚੁਣਿਆ ਗਿਆ ਹੈ। ਮੋਹਿੰਦਰ ਸਿੰਘ ਨੂੰ ਸਾਊਥ ਵਾਰਡ ਪੈਨਰਿਥ ਤੋਂ ਚੁਣਿਆ ਗਿਆ ਹੈ। ਵੋਟਾਂ 14 ਸਤੰਬਰ ਨੂੰ ਪੈਣੀਆਂ ਹਨ ਤੇ ਇਸ ਮੌਕੇ ਮੋਹਿੰਦਰ ਸਿੰਘ ਵਲੋਂ ਭਾਈਚਾਰੇ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਹੈ।
ਪਿਛਲੇ 10 ਸਾਲਾਂ ਤੋਂ ਪੈਨਰਿਥ ਰਹਿੰਦੇ ਮੋਹਿੰਦਰ ਸਿੰਘ ਕਮਿਊਨਿਟੀ ਲਈ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਬਹੁ-ਗਿਣਤੀ ਭਾਈਚਾਰੇ ਵਿੱਚ ਚੰਗਾ ਰਸੂਖ ਰੱਖਦੇ ਹਨ।
ਮੋਹਿੰਦਰ ਸਿੰਘ ਨੇ 9 ਸਾਲ ਤੱਕ ਡਿਪਾਰਟਮੈਂਟ ਆਫ ਜਸਟਿਸ ਲਈ ਵੀ ਕੰਮ ਕੀਤਾ ਹੈ ਅਤੇ ਪੀਐਸਏ ਦੀ ਲੋਕਲ ਉਪ-ਸ਼ਾਖਾ ਲਈ ਯੂਨੀਅਨ ਡੇਲੀਗੇਟ ਵਜੋਂ ਵੀ ਕੰਮ ਕੀਤਾ ਹੈ।
2019 ਵਿੱਚ ਮੋਹਿੰਦਰ ਸਿੰਘ ਦੇ ਹੀਲੇ ਸਦਕਾ ਗਲੇਨਮੋਰ ਪਾਰਕ ਪਬਲਿਕ ਸਕੂਲ ਵਿੱਚ ਸਿੱਖ ਸਕਰੀਪਚਰ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸ ਨੂੰ ਵਧਾਉਂਦਿਆਂ 2023 ਤੱਕ ਨੈਨੋਗੈਮੀ ਸਕੂਲ਼ ਵਿੱਚ ਵੀ ਇਨ੍ਹਾਂ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ।
ਮੋਹਿੰਦਰ ਸਿੰਘ ਦੇ ਸਿਰ ਹੀ ਪੈਂਥਰ ਭੰਗੜਾ ਕਲੱਬ ਸ਼ੁਰੂ ਕਰਵਾਉਣ ਦਾ ਸਿਹਰਾ ਵੀ ਬੱਝਦਾ ਹੈ, ਜਿਸ ਵਿੱਚ ਬੀਤੇ 4 ਸਾਲਾਂ ਤੋਂ ਹਰ ਉਮਰ ਤੇ ਹਰ ਭਾਈਚਾਰੇ ਦੇ ਬੱਚਿਆਂ ਤੋਂ ਵੱਡੇ ਤੱਕ ਭੰਗੜਾ ਪਾਉਣਾ ਸਿੱਖਦੇ ਆ ਰਹੇ ਹਨ। ਕਲੱਬ ਵਲੋਂ ਹੋਰ ਕਈ ਕਲਚਰਲ ਐਕਟੀਵਿਟੀਆਂ ਵੀ ਕੀਤੀਆਂ ਜਾਂਦੀਆਂ ਹਨ। ਇਸੇ ਕਲੱਬ ਵਿੱਚ ਹੀ ਮੋਹਿੰਦਰ ਸਿੰਘ ਦੇ ਹੀਲੇ ਸਦਕਾ ਇਸ ਸਾਲ ਮਾਰਚ ਵਿੱਚ ਵੱਖੋ-ਵੱਖ ਭਾੲਚਾਰਿਆਂ ਦੇ ਬੱਚਿਆਂ ਨੂੰ ਨੈਨੋਗੇਮੀ ਸਕੂਲ ਵਿੱਚ ਭੰਗੜਾ ਸਿਖਾਇਆ ਗਿਆ, ਤਾਂ ਜੋ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਨਾਲ ਰੂਬਰੂ ਕਰਵਾਇਆ ਜਾ ਸਕੇ ਅਤੇ ਇਨ੍ਹਾਂ ਬੱਚਿਆਂ ਨੇ ਹਾਰਮਨੀ ਡੇਅ 'ਤੇ ਭੰਗੜੇ ਦੀ ਪ੍ਰਫੋਰਮੈਂਸ ਦੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਆਪਣੇ ਇਨ੍ਹਾਂ ਕੰਮਾਂ ਨੂੰ ਮੋਹਿੰਦਰ ਸਿੰਘ ਹੋਰ ਵੱਡੇ ਪੱਧਰ 'ਤੇ ਅੱਗੇ ਵਧਾ ਸਕਣ ਅਤੇ ,ਮੋਹਿੰਦਰ ਸਿੰਘ ਭਾਈਚਾਰੇ ਦੀ ਖੁਸ਼ੀ ਅਤੇ ਭਲਾਈ ਲਈ ਅਜਿਹੇ ਵਿਸ਼ੇਸ਼ ਉਪਰਾਲੇ ਕਰਦੇ ਰਹਿਣ, ਇਸ ਲਈ ਉਨ੍ਹਾਂ ਵਲੋਂ ਭਾਈਚਾਰੇ ਨੂੰ ਕਾਉਂਸਲ ਇਲੈਕਸ਼ਨਾਂ ਵਿੱਚ ਉਨ੍ਹਾਂ ਨੂੰ ਵੋਟ ਪਾਉਣ ਦੀ ਬੇਨਤੀ ਕੀਤੀ ਗਈ ਹੈ।