ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਦੀ ਸਾਬਕਾ ਪੁਲਿਸ ਮਨਿਸਟਰ ਅਤੇ ਮੌਜੂਦਾ ਸਪੋਕਪਰਸਨ ਫਾਰ ਪੁਲਿਸ ਜਿੰਨੀ ਐਂਡਰਸਨ ਲੇਬਰ ਦੇ ਆਪਣੇ ਸਾਥੀ ਮੈਂਬਰ ਪਾਰਲੀਮੈਂਟ ਐਰੀਨਾ ਵਿਲੀਅਮਜ਼ (ਐਮ ਪੀ ਮੇਨੁਰੇਵਾ), ਸ਼ੈਨਨ ਹੈਲਬਰਟ (ਐਮਪੀ ਨੋਰਥਕੋਟ), ਅਨਾਇਲਾ ਕੇਨੋਂਗਾਟਾ, ਖੜਗ ਸਿੰਘ ਨਾਲ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਤਮਸਤਕ ਹੋਣ ਪੁੱਜੇ।
ਜਿੱਥੇ ਇਸ ਮੌਕੇ ਉਨ੍ਹਾਂ ਗੁਰੂਘਰ ਵਿਖੇ ਚਲਾਏ ਜਾ ਰਹੇ ਪੰਜਾਬੀ ਸਕੂਲ ਅਤੇ ਸਪੋਰਟਸ ਕੰਪਲੈਕਸ ਦੌਰਾ ਕੀਤਾ, ਉੱਥੇ ਹੀ ਉਨ੍ਹਾਂ ਸੁਪਰੀਮ ਸਿੱਖ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਵਲੋਂ ਬਹੁ-ਗਿਣਤੀ ਭਾਈਚਾਰਿਆਂ ਲਈ ਸਮੇਂ-ਸਮੇਂ 'ਤੇ ਕੀਤੀ ਜਾ ਰਹੀ ਮੱਦਦ ਤੇ ਹੋਰ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ। ਨਾਲ ਹੀ ਇੱਥੇ ਦੱਸਦੀਏ ਕਿ ਇਸ ਫੇਰੀ ਦਾ ਸਭ ਤੋਂ ਅਹਿਮ ਮੁੱਦਾ ਸੀ ਲਗਾਤਾਰ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ, ਜਿਸ ਲਈ ਜਿੰਨੀ ਐਂਡਰਸਨ ਨੇ ਸੁਸਾਇਟੀ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਖੁੱਲਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸੁਝਾਅ ਮੰਗੇ ਤਾਂ ਜੋ ਇਨ੍ਹਾਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਇਨ੍ਹਾਂ ਸੁਝਾਵਾਂ ਨੂੰ ਮੌਜੂਦਾ ਸਰਕਾਰ ਨਾਲ ਰੱਲਕੇ ਅਮਲੀ ਜਾਮਾ ਪਹਿਨਾਇਆ ਜਾ ਸਕੇ, ਸੁਸਾਇਟੀ ਦੇ ਸ. ਦਲਜੀਤ ਸਿੰਘ ਹੋਣਾ ਵਲੋਂ
ਵਿਸਥਾਰ ਸੁਝਾਵਾਂ ਦੀ ਸੂਚੀ ਉਨ੍ਹਾਂ ਨੂੰ ਪ੍ਰਦਾਨ ਕਰ ਦਿੱਤੀ ਗਈ ਹੈ।
ਜਿੰਨੀ ਐਂਡਰਸਨ ਪਾਪਾਟੋਏਟੋਏ ਦੇ ਪੂਜਾ ਜਿਊਲਰਜ਼ ਦੇ ਮਾਲਕ ਗੁਰਦੀਪ ਸਿੰਘ ਪਾਪਾਕੁਰਾ ਵਾਲਿਆਂ ਨਾਲ ਵੀ ਵਿਸ਼ੇਸ਼ ਗੱਲਬਾਤ ਕੀਤੀ (ਜੋ ਬੀਤੇ ਮਹੀਨੇ ਹੋਈ ਲੁੱਟ ਦੀ ਵਾਰਦਾਤ ਵਿੱਚ ਵਾਲ-ਵਾਲ ਬਚੇ ਸਨ) ਤੇ ਉਨ੍ਹਾਂ ਤੋਂ ਵੀ ਇਸ ਸਬੰਧੀ ਕੁਝ ਸੁਝਾਅ ਮੰਗੇ।
ਇਸ ਮੌਕੇ ਗੁਰਦੀਪ ਸਿੰਘ Papakura, ਸਤਨਾਮ ਸਿੰਘ, ਹਰਮੇਸ਼ ਸਿੰਘ, ਗੁਰਿੰਦਰਜੀਤ ਸਿੰਘ, ਪਰਮਜੀਤ ਸਿੰਘ, ਡੈਨੀ ਭਾਜੀ ਪਾਪਾਕੁਰਾ ਅਤੇ ਸੁਸਾਇਟੀ ਦੇ ਮੈਬਰ ਅਹੁਦੇਦਾਰ ਹਾਜਰ ਰਹੇ।