ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਟੋਏਟੋਏ ਮਸ਼ਹੂਰ ਕਾਰੋਬਾਰੀ ਪੂਜਾ ਜਿਊਲਰਜ਼ ਵਾਲਿਆਂ ਦੇ ਜੋ ਬੀਤੇ ਮਹੀਨੇ ਲੁੱਟ ਦੀ ਹਿੰਸਕ ਵਾਰਦਾਤ ਵਾਪਰੀ ਸੀ, ਉਸ ਵਿੱਚ ਮਾਲਕ ਗੁਰਦੀਪ ਸਿੰਘ ਪਾਪਾਕੂਰਾ ਖੁਦ ਬੁਰੀ ਤਰ੍ਹਾਂ ਜਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਕਈ ਦਿਨ ਤੱਕ ਹਸਪਤਾਲ ਵਿੱਚ ਇਲਾਜ ਅਧੀਨ ਰਹਿਣਾ ਪਿਆ ਸੀ। ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਇੱਕ 15 ਸਾਲਾ ਬੱਚੇ ਨੂੰ ਜਮਾਨਤ ਮਨਜੂਰ ਕਰ ਦਿੱਤੀ ਗਈ ਹੈ ਅਤੇ ਉਸਨੂੰ ਆਪਣੇ ਪਿਤਾ ਦੇ ਘਰ ਰਹਿਣ ਦੀ ਇਜਾਜਤ ਵੀ ਮਿਲ ਗਈ ਹੈ, ਜਦਕਿ ਉਸ 'ਤੇ ਪਹਿਲਾਂ ਵੀ ਕਈ ਤਰ੍ਹਾਂ ਦੇ ਚਾਰਜ ਲੱਗੇ ਹੋਏ ਹਨ।
ਮਾਲਕ ਗੁਰਦੀਪ ਸਿੰਘ ਇਸ ਸਭ ਤੋਂ ਬਹੁਤ ਨਾਖੁਸ਼ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ, ਇਨੀਂ ਭਿਆਨਕ ਹਿਸੰਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਕਿ ਇਨ੍ਹਾਂ ਸੌਖਾ ਹੋ ਗਿਆ ਹੈ ਕਿ ਇਸ ਲਈ ਦੋਸ਼ੀ ਨੂੰ ਜਮਾਨਤ ਦੇ ਦਿੱਤੀ ਜਾਏ ਅਤੇ ਨਾਬਾਲਿਗ ਹੋਣ ਦੇ ਚਲਦਿਆਂ ਉਸਨੂੰ ਸੁਧਾਰਨ ਦਾ ਵਾਸਤਾ ਦੇਕੇ ਉਸਨੂੰ ਸਮਾਜ ਵਿੱਚ ਸ਼ਰੇਆਮ ਰਹਿਣ ਦਾ ਮੌਕਾ ਦਿੱਤਾ ਜਾਏ।
ਉਨ੍ਹਾਂ ਦਾ ਸਰਕਾਰ ਅਤੇ ਪੁਲਿਸ ਨੂੰ ਸੁਆਲ ਹੈ ਕਿ ਕਿਵੇਂ ਵਾਰ-ਵਾਰ ਅਜਿਹੇ ਅਪਰਾਧ ਕਰਨ ਵਾਲਾ ਦੋਸ਼ੀ ਆਪਣੇ ਘਰ ਵਿੱਚ ਰਹਿਕੇ, ਸਮਾਜ ਵਿੱਚ ਵਿਚਰਕੇ ਕਿਵੇਂ ਸੁਧਰ ਸਕੇਗਾ, ਬਲਕਿ ਉਸਨੁੰ ਜਮਾਨਤ ਦਿੱਤੇ ਜਾਣ ਨਾਲ ਤਾਂ ਉਸਨੂੰ ਅਜਿਹੀਆਂ ਲੁੱਟਾਂ ਅਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਹੋਰ ਜਿਆਦਾ ਮੌਕਾ ਦਿੱਤਾ ਜਾ ਰਿਹਾ ਹੈ।