ਆਕਲੈਂਡ (ਹਰਪ੍ਰੀਤ ਸਿੰਘ) - 2010 ਵਿੱਚ ਜਦੋਂ ਸੁਮੀਤ ਕੰਬੋਜ ਤੇ ਮਨੋਜ ਕੁਮਾਰ ਨਿਊਜੀਲੈਂਡ ਆਏ ਸਨ, ਤਾਂ ਉਨ੍ਹਾਂ ਨਹੀਂ ਸੋਚਿਆ ਸੀ ਕਿ ਉਹ ਫਾਰਮਿੰਗ ਦੇ ਕੰਮ ਵਿੱਚ ਪੈਣਗੇ। ਪਰ ਪੜ੍ਹਾਈ ਪੂਰੀ ਕੀਤੀ ਤੇ ਉਨ੍ਹਾਂ ਨੂੰ ਇਸ ਪਾਸੇ ਵੱਲ ਰੁਝਾਣ ਵਧਿਆ ਤੇ ਦੋਨਾਂ ਨੇ ਫਾਰਮ ਅਸੀਸਟੈਂਟ ਵਜੋਂ ਫਾਰਮ 'ਤੇ ਨੌਕਰੀ ਸ਼ੁਰੂ ਕੀਤੀ। ਇਨੀਂ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਕਿ ਦੋਨਾਂ ਨੂੰ 2021 ਸ਼ੇਅਰ ਫਾਰਮਰ ਆਫ ਦ ਈਯਰ ਅਵਾਰਡ ਵੀ ਹਾਸਿਲ ਹੋਇਆ, ਜੋ ਨਿਊਜੀਲੈਂਡ ਦੇ ਸਭ ਤੋਂ ਵਧੀਆ ਫਾਰਮਰਾਂ ਨੂੰ ਮਿਲਦਾ ਹੈ। ਇਸ ਵੇਲੇ ਦੋਨੋਂ ਜਣੇ ਮਿਡ ਕੈਂਟਰਬਰੀ ਵਿੱਚ ਰੱਲਕੇ 2000 ਗਾਵਾਂ ਵਾਲਾ ਫਾਰਮ ਬਤੌਰ ਸ਼ੇਅਰਮਿਲਕਰ ਚਲਾਉਂਦੇ ਹਨ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਚੜ੍ਹਦੇ ਸਾਲ ਦੋਨੋਂ ਜਣੇ ਆਪਣਾ 200 ਏਕੜ ਦਾ ਪਹਿਲਾ ਫਾਰਮ ਖ੍ਰੀਦਣ ਜਾ ਰਹੇ ਹਨ। ਸੁਮੀਤ ਤੇ ਮਨੋਜ ਦਾ ਨਿਊਜੀਲੈਂਡ ਰਹਿੰਦੇ ਭਾਰਤੀ ਨੌਜਵਾਨਾਂ ਨੂੰ ਇਹੀ ਸੁਨੇਹਾ ਹੈ ਕਿ ਇਸ ਕਿੱਤੇ ਵਿੱਚ ਬਹੁਤ ਸੰਭਾਵਨਾਵਾਂ ਹਨ, ਕਿਉਂਕਿ ਨਿਊਜੀਲੈਂਡ ਦੀ ਫਾਰਮਿੰਗ ਦੁਨੀਆਂ ਦੀਆਂ ਸਭ ਤੋਂ ਵਧੀਆ ਸਹੂਲਤਾਂ ਵਾਲਾ ਕਿੱਤਾ ਹੈ ਤੇ ਨੌਜਵਾਨਾਂ ਨੂੰ ਇਸ ਪਾਸੇ ਵੀ ਆਪਣਾ ਰੁਝਾਣ ਦਿਖਾਉਣਾ ਚਾਹੀਦਾ ਹੈ।