ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਇਸ ਵੇਲੇ ਆਸਟ੍ਰੇਲੀਆ ਵਿੱਚ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਹਰ ਸਾਲ ਹੋਣ ਵਾਲੀ ਮੀਟਿੰਗ ਲਈ ਗਏ ਹੋਏ ਹਨ, ਪਰ ਇਸ ਦੌਰੇ ਦੌਰਾਨ ਸਭ ਤੋਂ ਵੱਡਾ ਅਤੇ ਅਹਿਮ ਮੁੱਦਾ ਜੋ ਰਹਿਣ ਵਾਲਾ ਹੈ, ਉਹ 501 ਡਿਪੋਰਟੀਆਂ ਦਾ ਹੈ, ਜਿਨ੍ਹਾਂ ਲਈ ਆਸਟ੍ਰੇਲੀਆ ਸਰਕਾਰ ਬੀਤੇ ਕੁਝ ਸਮੇਂ ਤੋਂ ਬੇਲੋੜੀ ਸਖਤਾਈ ਵਧਾ ਰਹੀ ਹੈ। ਦਰਅਸਲ ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਆਸਟ੍ਰੇਲੀਆ ਤੋਂ ਨਿਊਜੀਲੈਂਡ ਸਿਰਫ ਇਸ ਲਈ ਡਿਪੋਰਟ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਵਲੋਂ ਕਿਸੇ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦਿੱਤਾ ਗਿਆ ਹੁੰਦਾ ਹੈ ਤੇ ਡਿਪੋਰਟ ਹੋਣ ਵਾਲਾ ਨਿਊਜੀਲੈਂਡ ਦਾ ਜੰਮਪਲ ਹੁੰਦਾ ਹੈ, ਪਰ ਆਸਟ੍ਰੇਲੀਆ ਸਰਕਾਰ ਇਸ ਲਈ ਸੁਆਲਾਂ ਦੇ ਘੇਰੇ ਵਿੱਚ ਹੈ, ਕਿਉਂਕਿ ਇਸ ਨਿਯਮ ਤਹਿਤ ਆਸਟ੍ਰੇਲੀਆ ਸਰਕਾਰ ਉਨ੍ਹਾਂ ਲੋਕਾਂ ਨੂੰ ਵੀ ਡਿਪੋਰਟ ਕਰ ਰਹੀ ਹੈ, ਜੋ ਬਹੁਤ ਛੋਟੀ ਉਮਰੇ ਜਾਂ ਕਈ ਦਹਾਕਿਆਂ ਪਹਿਲਾਂ ਆਪਣੇ ਪਰਿਵਾਰਾਂ ਨਾਲ ਨਿਊਜੀਲੈਂਡ ਛੱਡ ਚੁੱਕੇ ਸਨ। ਇਨ੍ਹਾਂ ਲੋਕਾਂ ਦਾ ਨਿਊਜੀਲੈਂਡ ਵਿੱਚ ਕੋਈ ਵੀ ਰਿਸ਼ਤੇਦਾਰ ਜਾਂ ਦੋਸਤ ਨਹੀਂ ਹੁੰਦਾ ਤੇ ਇਹ ਡਿਪੋਰਟੇਸ਼ਨ ਉਨ੍ਹਾਂ ਲੋਕਾਂ ਲਈ ਸਜਾ ਤੋਂ ਵੀ ਕਿਧਰੇ ਵੱਧ ਸਾਬਿਤ ਹੁੰਦੀ ਹੈ।